ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਮੌਜੂਦਾ ਰਾਜਸੀ ਘਟਨਾਕਰਮ ਪ੍ਰਤੀ ਚਿੰਤਾ ਜਤਾਈ
ਅਸ਼ੋਕ ਵਰਮਾ
ਜਲੰਧਰ , 15 ਜਨਵਰੀ 2026 :ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਦੀ ਹਾਜ਼ਰੀ 'ਚ ਹੋਈ, ਪਾਰਟੀ ਦੀ ਪੰਜਾਬ ਰਾਜ ਕਮੇਟੀ ਦੇ ਸਕੱਤਰੇਤ ਦੀ ਮੀਟਿੰਗ ਨੇ ਗੰਭੀਰ ਵਿਚਾਰ-ਚਰਚਾ ਕਰਨ ਪਿੱਛੋਂ ਦੇਸ਼-ਦੁਨੀਆ ਤੇ ਸੂਬੇ 'ਚ ਵਾਪਰੇ ਰਾਜਸੀ ਘਟਨਾਕ੍ਰਮ ਬਾਰੇ ਡੂੰਘੀ ਚਿੰਤਾ ਜ਼ਾਹਿਰ ਕੀਤੀ ਹੈ। ਇਹ ਜਾਣਕਾਰੀ ਅੱਜ ਇਥੋਂ ਜਾਰੀ ਇਕ ਬਿਆਨ ਰਾਹੀਂ ਰਾਜ ਕਮੇਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਦਿੱਤੀ ਹੈ। ਸਕੱਤਰੇਤ ਨੇ ਨੋਟ ਕੀਤਾ ਹੈ ਕਿ "ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ.), ਭਾਰਤ ਦੀ ਕੇਂਦਰੀ ਸੱਤਾ 'ਤੇ ਆਪਣੀ ਹੱਥਠੋਕਾ ਮੋਦੀ ਸਰਕਾਰ ਦੇ ਕਾਬਜ਼ ਹੋਣ ਦਾ ਪੂਰਾ ਲਾਹਾ ਲੈਂਦਾ ਹੋਇਆ, ਤਾਨਾਸ਼ਾਹੀ ਤਰਜ਼ ਦਾ, ਧਰਮ ਅਧਾਰਤ ਪਿਛਾਖੜੀ ਰਾਜ ਕਾਇਮ ਕਰਨ ਦਾ ਆਪਣਾ ਫਿਰਕੂ-ਫਾਸ਼ੀ ਨਿਸ਼ਾਨਾ ਪੂਰਾ ਕਰਨ ਲਈ, ਦੇਸ਼ ਭਰ 'ਚ ਫਿਰਕੂ ਵੰਡ ਤਿੱਖੀ ਕਰਨ ਲੱਗਾ ਹੋਇਆ ਹੈ।
ਉਹਨਾਂ ਕਿਹਾ ਕਿ ਫਿਰਕੂ ਇਕਸੁਰਤਾ ਤੇ ਦੇਸ਼ ਦੀ ਏਕਤਾ-ਅਖੰਡਤਾ ਲਈ ਬੇਹੱਦ ਘਾਤਕ ਇਹ ਏਜੰਡਾ ਸਿਰੇ ਚਾੜ੍ਹਨ ਲਈ ਸੰਘ ਪਰਿਵਾਰ ਦੇ ਖਰੂਦੀ ਟੋਲੇ ਮੁਸਲਮਾਨਾਂ ਤੇ ਈਸਾਈਆਂ 'ਤੇ ਕਾਤਲਾਨਾ ਹਮਲੇ ਕਰ ਰਹੇ ਹਨ, ਇਨ੍ਹਾਂ ਦੇ ਧਾਰਮਿਕ ਆਯੋਜਨਾਂ 'ਚ ਖਲਲ ਪਾ ਰਹੇ ਹਨ ਅਤੇ ਘੱਟ ਗਿਣਤੀ ਵਸੋਂ ਦਾ ਸਮਾਜਿਕ ਜੀਵਨ, ਸੱਭਿਆਚਾਰਕ ਰਹੁ-ਰੀਤਾਂ ਤੇ ਵਪਾਰ-ਕਾਰੋਬਾਰ ਗਿਣ-ਮਿਥ ਕੇ ਤਬਾਹ ਕਰ ਰਹੇ ਹਨ। ਸੰਘੀ ਕੁਨਬੇ ਦੀਆਂ ਇਨ੍ਹਾਂ ਕਰਤੂਤਾਂ ਨਾਲ ਪੂਰੇ ਸੰਸਾਰ 'ਚ ਭਾਰਤ ਦੀ ਸਾਖ ਧੂਮਲ ਹੋ ਰਹੀ ਹੈ ਅਤੇ ਵਿਦੇਸ਼ਾਂ 'ਚ ਵਸਦੇ ਭਾਰਤੀਆਂ ਖਿਲਾਫ ਘ੍ਰਿਣਾ ਵਧ ਰਹੀ ਹੈ।
ਆਰ.ਐਸ.ਐਸ. ਤੇ ਇਸ ਦੇ ਬਗਲ ਬੱਚੇ ਭਾਰਤ ਦੇ ਮੌਜੂਦਾ ਸੰਵਿਧਾਨ ਨੂੰ ਖਾਰਜ ਕਰਕੇ ਇਸ ਦੀ ਥਾਂ ਮਨੂੰ ਸਿਮਰਤੀ ਨੂੰ ਸ਼ਾਸ਼ਨ ਪ੍ਰਣਾਲੀ ਵਜੋਂ ਲਾਗੂ ਕਰਨਾ ਚਾਹੁੰਦੇ ਹਨ।
ਉਹਨਾਂ ਕਿਹਾ ਕਿ ਇਸੇ ਕਰਕੇ ਵਿਦਿਅਕ ਪਾਠਕ੍ਰਮ ਤੇ ਇਤਿਹਾਸ 'ਚ ਖੋਟ ਰਲਾਇਆ ਜਾ ਰਿਹਾ ਹੈ ਅਤੇ ਸੰਘੀ ਗੁਰਗੇ ਦਲਿਤਾਂ-ਇਸਤਰੀਆਂ 'ਤੇ ਹੌਲਨਾਕ ਜਾਤੀਵਾਦੀ ਤੇ ਲਿੰਗਕ ਜ਼ੁਲਮ ਢਾਹ ਰਹੇ ਹਨ। ਸੰਘ ਪਰਿਵਾਰ ਦੀ ਉਕਤ ਸਾਜ਼ਿਸ਼ੀ ਵਿਉਂਤਬੰਦੀ ਤਹਿਤ ਹੀ ਮੋਦੀ ਸਰਕਾਰ, ਦੇਸ਼ ਦੇ ਜਮਹੂਰੀ, ਧਰਮ ਨਿਰਪੱਖ, ਫੈਡਰਲ ਢਾਂਚਾ, ਲੋਕ ਰਾਜੀ ਸੰਸਥਾਵਾਂ ਤੇ ਹਾਂਪੱਖੀ ਪ੍ਰੰਪਰਾਵਾਂ ਤਬਾਹ ਕਰਦੀ ਜਾ ਰਹੀ ਹੈ।
ਆਰ.ਐਸ.ਐਸ.-ਭਾਜਪਾ ਵਲੋਂ ਪੰਜਾਬ 'ਚ ਆਪਣੇ ਪੈਰ ਪਸਾਰਨ ਲਈ ਇਸ ਖਿੱਤੇ ਦੇ ਲੋਕਾਂ ਦੇ ਨਾਬਰੀ ਦੇ ਸੁਭਾਅ, ਅਨਿਆਂ ਖਿਲਾਫ ਜੂਝਣ ਦੇ ਜਜ਼ਬੇ ਅਤੇ ਭਗਤੀ ਕਾਲ ਤੇ ਸਿੱਖ ਫਲਸਫੇ ਦੀ ਮਾਨਵੀ ਵਿਚਾਰਧਾਰਾ ਤੇ ਸਿੱਖਿਆਵਾਂ ਨੂੰ ਲੋਕ ਮਨਾਂ ਚੋਂ ਵਿਸਾਰਨ ਲਈ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ। ਹਿੰਦੂਤਵੀ-ਮਨੂੰਵਾਦੀ ਵਿਚਾਰ ਚੌਖਟੇ ਦੀਆਂ ਵਿਰੋਧੀ ਲੋਕ ਪੱਖੀ ਤੇ ਪ੍ਰਗਤੀਸ਼ੀਲ ਸੰਸਥਾਵਾਂ ਅਤੇ ਤਰਕਵਾਦੀ ਨਜ਼ਰੀਏ ਤੇ ਵਿਗਿਆਨਕ ਸੋਚ ਦੇ ਧਾਰਨੀ ਬੁਧੀਜੀਵੀਆਂ ਨੂੰ ਚੌਤਰਫਾ ਹਕੂਮਤੀ ਜਬਰ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਸਕੱਤਰੇਤ ਨੇ ਸੰਘ ਪਰਿਵਾਰ ਦੇ ਉਕਤ ਘਾਤਕ ਮਨਸੂਬਿਆਂ ਨੂੰ ਭਾਂਜ ਦੇਣ ਲਈ ਵਿੱਢੀ 'ਮਨੂੰਵਾਦ ਭਜਾਓ ਬੇਗ਼ਮਪੁਰਾ ਵਸਾਓ' ਸਿਆਸੀ-ਵਿਚਾਰਧਾਰਕ ਮੁਹਿੰਮ ਨਿਰੰਤਰ ਜਾਰੀ ਰੱਖਣ ਦਾ ਨਿਰਣਾ ਲਿਆ ਹੈ।ਮੀਟਿੰਗ ਵਲੋਂ ਆਉਣ ਵਾਲੀ 12 ਫਰਵਰੀ ਨੂੰ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ਲਾਮਿਸਾਲ ਕਾਮਯਾਬ ਕਰਨ ਦੀ ਅਪੀਲ ਕਰਦਿਆਂ ਮਨਰੇਗਾ ਕਾਨੂੰਨ ਦੀ ਬਹਾਲੀ ਲਈ ਅਤੇ ਬਿਜਲੀ ਸੋਧ ਬਿਲ 2025, ਪ੍ਰਸਤਾਵਿਤ ਬੀਜ ਬਿਲ ਅਤੇ ਮੋਦੀ ਸਰਕਾਰ ਦੇ ਅਜਿਹੇ ਹੋਰ ਹੱਲਿਆਂ ਖਿਲਾਫ਼ ਲੋਕ ਲਾਮਬੰਦੀ ਅਤੇ ਘੋਲ ਨਿਰੰਤਰ ਜਾਰੀ ਰੱਖਣ ਤੇ ਹੋਰ ਭਖਾਉਣ ਦੀ ਠੋਸ ਵਿਉਂਤਬੰਦੀ ਕੀਤੀ ਹੈ। ਸਕੱਤਰੇਤ ਨੇ ਸੂਬੇ ਦੀ ਭਗਵੰਤ ਮਾਨ ਸਰਕਾਰ ਦੀਆਂ ਲੋਕ ਦੋਖੀ ਨੀਤੀਆਂ, ਭ੍ਰਿਸ਼ਟਾਚਾਰ ਤੇ ਫਿਜ਼ੂਲ ਖਰਚੀਆਂ, ਚੋਣ ਵਾਅਦੇ ਤੇ ਗਾਰੰਟੀਆਂ ਪੂਰੀਆਂ ਕਰਨ ਪੱਖੋਂ ਘੋਰ ਨਾਕਾਮੀ, ਅਮਨ-ਕਾਨੂੰਨ ਦੀ ਦਿਨੋ-ਦਿਨ ਨਿੱਘਰ ਰਹੀ ਅਵਸਥਾ ਅਤੇ ਕੱਚੇ ਕਾਮਿਆਂ, ਬੇਰੁਜ਼ਗਾਰਾਂ, ਕਿਰਤੀ-ਕਿਸਾਨਾਂ, ਪੱਤਰਕਾਰਾਂ ਤੇ ਹੋਰ ਮਿਹਨਤੀ ਤਬਕਿਆਂ ਦੇ ਸੰਗਠਨਾਂ 'ਤੇ ਢਾਹੇ ਜਾ ਰਹੇ ਪੁਲਸ ਜਬਰ ਦਾ ਗੰਭੀਰ ਨੋਟਿਸ ਲਿਆ ਹੈ।