ਨਗਰ ਕੌਂਸਲ ਲਾਲੜੂ ਦੀ ਮੀਟਿੰਗ 'ਚ ਕਈ ਅਹਿਮ ਮਸਲੇ ਵਿਚਾਰੇ
ਹਸਨਪੁਰ ਤੋਂ ਦੱਪਰ ਤੱਕ ਸੜਕ ਬਣਾਉਣ ਦਾ ਲਿਆ ਫੈਸਲਾ
ਹਲਕਾ ਵਿਧਾਇਕ ਨੇ ਕੌਂਸਲ ਵਾਸੀਆਂ ਨੂੰ ਲੋਹੜੀ ਦੀ ਦਿੱਤੀ ਵਧਾਈ
ਮਲਕੀਤ ਸਿੰਘ ਮਲਕਪੁਰ
ਲਾਲੜੂ 13 ਜਨਵਰੀ 2025: ਨਗਰ ਕੌਂਸਲ ਲਾਲੜੂ ਦੀ ਇੱਕ ਅਹਿਮ ਮੀਟਿੰਗ ਕੌਂਸਲ ਦੇ ਪ੍ਰਧਾਨ ਸਤੀਸ਼ ਰਾਣਾ ਦੀ ਪ੍ਰਧਾਨਗੀ ਹੇਠ ਲਾਲੜੂ ਵਿਖੇ ਹੋਈ । ਇਸ ਮੀਟਿੰਗ ਵਿੱਚ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਜਿੱਥੇ ਪਿਛਲੀ ਕਾਰਵਾਈ ਦੀ ਪੁਸ਼ਟੀ ਕੀਤੀ ਗਈ, ਉੱਥੇ ਹੀ ਹਸਨਪੁਰ ਤੋਂ ਦੱਪਰ ਤੱਕ ਸੜਕ ਬਣਾਉਣ ਦਾ ਫੈਸਲਾ ਵੀ ਲਿਆ ਗਿਆ। ਮੀਟਿੰਗ ਦੌਰਾਨ ਕਈ ਸ਼ਿਕਾਇਤਾਂ ਨੂੰ ਵੀ ਮੌਕੇ 'ਤੇ ਹੱਲ ਕੀਤਾ ਗਿਆ, ਜਿਸ ਵਿੱਚ ਸਮਲਹੇੜੀ ਰਕਬੇ ਅੰਦਰ ਪੈਂਦੀ ਇੱਕ ਵਿਅਕਤੀ ਦੇ ਖੇਤ ਵਿਚਲੀ ਪਾਣੀ ਦੀ ਸਮੱਸਿਆ ਵੀ ਮੁੱਖ ਹੈ। ਇਸੇ ਤਰ੍ਹਾਂ ਮੀਟਿੰਗ ਵਿੱਚ ਡੇਢ ਐਮਐਲਡੀ ਐਸਟੀਪੀ ਪਲਾਂਟ ਜੋ ਗਮਾਡਾ ਵੱਲੋਂ ਲਗਾਇਆ ਗਿਆ ਹੈ , ਦੀ ਦੇਖਰੇਖ ਬਾਰੇ ਵਿਚਾਰ ਚਰਚਾ ਹੋਈ। ਹੁਣ ਇਸ ਐਸਟੀਪੀ ਦੀ ਦੇਖ ਰੇਖ ਦਾ ਕੰਮ ਗਮਾਡਾ ਵੱਲੋਂ ਬੰਦ ਕਰ ਦਿੱਤਾ ਗਿਆ ਹੈ ਅਤੇ ਹੁਣ ਇਹ ਕੰਮ ਨਗਰ ਕੌਂਸਲ ਨੂੰ ਸੌਂਪਿਆ ਜਾਣਾ ਹੈ, ਜਦਕਿ ਐਸਟੀਪੀ ਨੂੰ ਰਿਪੇਅਰ ਕਰਨ ਦੀ ਲੋੜ ਹੈ। ਇਸ ਲਈ ਮੀਟਿੰਗ ਵਿੱਚ ਇੱਕ ਵਿਸ਼ੇਸ਼ ਮਤਾ ਪਾਸ ਕੀਤਾ ਗਿਆ ਹੈ। ਨਗਰ ਕੌਂਸਲ ਲਾਲੜੂ ਵਿਖੇ ਵੱਖ-ਵੱਖ ਥਾਵਾਂ ਉੱਤੇ 500 ਐਲਈਡੀ ਲਾਈਟਾਂ ਵੀ ਲਗਾਈਆਂ ਜਾਣੀਆਂ ਹਨ। ਇਸ ਲਈ ਪਹਿਲਾਂ ਤੋਂ ਐਲਈਡੀ ਦਾ ਕੰਮ ਵੇਖ ਰਹੀ ਈ -ਸਮਾਰਟ ਕੰਪਨੀ ਨੂੰ ਲਿਖਿਆ ਜਾਣਾ ਹੈ ਅਤੇ ਇਸ ਲਈ ਕੌਂਸਲ ਵੱਲੋਂ ਵੱਖ-ਵੱਖ ਮੈਂਬਰਾਂ ਸਾਹਿਬਾਨਾਂ ਦੀ ਮੰਗ ਉੱਤੇ ਕੰਪਨੀ ਨਾਲ ਰਾਬਤਾ ਕੀਤਾ ਜਾਵੇਗਾ। ਨਗਰ ਕੌਂਸਲ ਲਾਲੜੂ ਵੱਲੋਂ ਸ਼ਹਿਰ ਵਿੱਚ ਅਵਾਰਾ ਕੁੱਤਿਆ ਲਈ 15 ਫੀਡਿੰਗ ਪੁਆਇੰਟ ਬਣਾਏ ਗਏ ਹਨ ਤਾਂ ਜੋ ਅਵਾਰਾ ਕੁੱਤਿਆ ਨੂੰ ਸਾਂਭਿਆਂ ਜਾ ਸਕੇ। ਮੀਟਿੰਗ ਦੌਰਾਨ ਦਿਵਿਆਂਗ ਤੇ ਬਜੁਰਗ ਵਿਅਕਤੀਆਂ ਦੇ ਰਹਿਣ ਲਈ ਰੈਣ ਬਸੇਰਾ ਬਣਾਉਣ ਹਿੱਤ ਵਿਚਾਰ ਚਰਚਾ ਕੀਤੀ ਗਈ ਹੈ। ਇਸ ਲਈ ਆਈਟੀਆਈ ਨੇੜੇ ਜ਼ਮੀਨ ਵੀ ਤਸਦੀਕ ਕੀਤੀ ਗਈ ਹੈ ਅਤੇ ਇਹ ਸਬੰਧੀ ਤਜਵੀਜ਼ ਮੁਤਾਬਕ 49.50 ਲੱਖ ਰੁਪਏ ਦੀ ਲਾਗਤ ਨਾਲ ਇਮਾਰਤ ਬਣਾ ਕੇ ਕਿਸੇ ਵੀ ਸਮਾਜਸੇਵੀ ਸੰਸਥਾ ਨੂੰ ਚਲਾਉਣ ਲਈ ਦਿੱਤੀ ਜਾਵੇਗੀ। ਇਸ ਜ਼ਮੀਨ ਤੇ ਸੰਸਥਾ ਦੀ ਮਲਕੀਅਤ ਨਗਰ ਕੌਂਸਲ ਦੀ ਹੀ ਰਹੇਗੀ। ਇਸ ਤੋਂ ਇਲਾਵਾ ਨਗਰ ਕੌਂਸਲ ਵੱਲੋਂ ਵੱਖ-ਵੱਖ ਵਾਰਡਾਂ ਵਿੱਚ ਸ਼ਮਸ਼ਾਨਘਾਟ , ਪਾਰਕ, ਕਮਿਊਨਿਟੀ ਸੈਂਟਰ , ਧਰਮਸ਼ਾਲਾ ਅਤੇ ਪੰਪ ਹਾਊਸ਼ ਵਾਲੇ ਕਮਰਿਆਂ ਦੀ ਮੁਰੰਮਤ ਲਈ 1 ਕਰੋੜ ਰੁਪਏ ਦੀ ਤਖ਼ਮੀਨੇ (ਐਸਟੀਮੇਟ )ਤਿਆਰ ਕੀਤੇ ਗਏ ਹਨ। ਮੀਟਿੰਗ ਦੌਰਾਨ ਨਗਰ ਕੌਂਸਲ ਦੇ ਵਿਹੜੇ ਵਿੱਚ ਕੌਂਸਲਰਾਂ ਅਤੇ ਕੌਂਸਲ ਸਟਾਫ ਨੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨਾਲ ਲੋਹੜੀ ਦਾ ਤਿਉਹਾਰ ਮਨਾਇਆ, ਜਿਸ ਦੌਰਾਨ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਅਤੇ ਕੌਂਸਲ ਦੇ ਪ੍ਰਧਾਨ ਸਤੀਸ਼ ਰਾਣਾ ਨੇ ਮੱਥਾ ਟੇਕਿਆ ਅਤੇ ਲੋਹੜੀ ਦੀ ਵਧਾਈ ਦਿੱਤੀ । ਇਸ ਮੌਕੇ ਕੌਂਸ਼ਲਰ ,ਕਾਰਜਸਾਧਕ ਅਫਸਰ ਸਮੇਤ ਜੀਵਨ ਰਾਣਾ, ਸੰਦੀਪ ਰਾਣਾ, ਹਰੀਚੰਦ ਚਾਂਦਹੇੜੀ, ਲੱਕੀ ਬੱਗਾ, ਅਮਨ ਰਾਣਾ ਅਤੇ ਕੌਂਸਲ ਸਟਾਫ ਵੀ ਹਾਜ਼ਰ ਸੀ।
ਕੌਂਸਲਰਾਂ ਅਤੇ ਆਏ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ।