ਗਹਿਰੀ ਭਾਗੀ ਦੇ ਇੱਕੋ ਡੇਰਾ ਸਿਰਸਾ ਪੈਰੋਕਾਰ ਪ੍ਰੀਵਾਰ ’ਚ ਹੋਇਆ ਦੂਸਰਾ ਸਰੀਰਦਾਨ
ਅਸ਼ੋਕ ਵਰਮਾ
ਬਠਿੰਡਾ ,13 ਜਨਵਰੀ 2026: ਡੇਰਾ ਸੱਚਾ ਸੌਦਾ ਸਰਸਾ ਦੀ ਸਿੱਖਿਆ ’ਤੇ ਅਮਲ ਕਰਦਿਆਂ ਬਲਾਕ ਬਾਂਡੀ ’ਚ ਪੈਂਦੇ ਪਿੰਡ ਗਹਿਰੀ ਭਾਗੀ ਦੇ ਇੱਕ ਡੇਰਾ ਸ਼ਰਧਾਲੂ ਪਰਿਵਾਰ ਨੇ ਆਪਣੇ ਪ੍ਰੀਵਾਰ ਮੈਂਬਰ ਦਾ ਅੰਤਿਮ ਸਸਕਾਰ ਕਰਨ ਦੀ ਥਾਂ ਸਰੀਰਦਾਨ ਕੀਤਾ ਹੈ। ਪਿੰਡ ਗਹਿਰੀ ਭਾਗੀ ਵਿਖੇ ਇਹ 16ਵਾਂ ਸਰੀਰਦਾਨ ਹੋਇਆ ਹੈ ਜਦੋਂ ਕਿ ਇਸ ਪਰਿਵਾਰ ਵਿੱਚੋਂ ਇਹ ਦੂਜਾ ਸਰੀਰਦਾਨ ਹੈ। ਪਿੰਡ ਦੇ ਪ੍ਰੇਮੀ ਸੇਵਕ ਜਸਕਰਨ ਸਿੰਘ ਇੰਸਾਂ ਨੇ ਦੱਸਿਆ ਕਿ ਪਿੰਡ ਗਹਿਰੀ ਭਾਗੀ ਦੇ ਵਸਨੀਕ ਬਿਜਲੀ ਮਹਿਕਮੇ ਚੋਂ ਸੇਵਾਮੁਕਤ ਹੋਇਆ ਲਾਈਨਮੈਨ ਸੁਰਜੀਤ ਸਿੰਘ ਇੰਸਾਂ (73) ਦੀ ਮੌਤ ਹੋ ਗਈ ਸੀ ਜਿੰਨ੍ਹ੍ਰਾਂ ਨੇ ਬਕਾਇਦਾ ਲਿਖਤੀ ਰੂਪ ’ਚ ਸ਼ਰੀਰਦਾਨ ਕਰਨ ਦਾ ਪ੍ਰਣ ਕੀਤਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਸੁਰਜੀਤ ਸਿੰਘ ਦੀ ਇਸ ਇੱਛਾ ਨੂੰ ਮੁੱਖ ਰੱਖਦਿਆਂ ਪ੍ਰੀਵਾਰ ਨੇ ਮ੍ਰਿਤਕ ਦੇਹ ਦਾਨ ਕਰ ਦਿੱਤੀ ਜਿਸ ਤੇ ਹੁਣ ਮੈਡੀਕਲ ਖੋਜਾਂ ਕੀਤੀਆਂ ਜਾ ਸਕਣਗੀਆਂ।
ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਚਮਕੌਰ ਸਿੰਘ ਇੰਸਾਂ, ਬਖਤੌਰ ਸਿੰਘ ਇੰਸਾਂ, ਰਾਜਵਿੰਦਰ ਕੌਰ ਇੰਸਾਂ, ਪਰਵੀਨ ਰਾਣੀ ਇੰਸਾਂ, ਵੀਰਪਾਲ ਕੌਰ, ਗੁਰਤੇਜ ਸਿੰਘ, ਪੋਤਰੇ ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਪਰਮਪ੍ਰੀਤ ਸਿੰਘ ਅਤੇ ਪੋਤਰੀਆਂ ਲਵਪ੍ਰੀਤ ਕੌਰ ਤੇ ਖੁਸ਼ਪ੍ਰੀਤ ਕੌਰ ਨੇ ਮ੍ਰਿਤਕ ਸਰੀਰ ਕੇ.ਡੀ. ਮੈਡੀਕਲ ਕਾਲਜ, ਹਸਪਤਾਲ ਤੇ ਰਿਸਰਚ ਸੈਂਟਰ ਮਥੁਰਾ (ਉੱਤਰ ਪ੍ਰਦੇਸ਼) ਨੂੰ ਸੌਂਪ ਦਿੱਤਾ। ਇਸ ਤੋਂ ਪਹਿਲਾਂ ਮ੍ਰਿਤਕ ਦੇਹ ਨੂੰ ਨੂੰਹਾਂ ਅਤੇ ਧੀਆਂ ਨੇ ਮੋਢਾ ਦਿੱਤਾ । ਇਸ ਮੌਕੇ ਸੁਰਜੀਤ ਸਿੰਘ ਦੇ ਸਰੀਰ ਨੂੰ ਫੁੱਲਾਂ ਨਾਲ ਸਜ਼ੀ ਗੱਡੀ ’ਚ ਰਵਾਨਾ ਕੀਤਾ ਤਾਂ ਇਸ ਮੌਕੇ ਹਾਜਰ ਡੇਰਾ ਪ੍ਰੇਮੀਆਂ ਨੇ ‘‘ਸਰੀਰਦਾਨੀ ਸੁਰਜੀਤ ਸਿੰਘ ਇੰਸਾਂ ਅਮਰ ਰਹੇ’’ ਦੇ ਨਾਅਰੇ ਲਾਏ।
ਇਸ ਮੌਕੇ ਜੀਵਨ ਕੁਮਾਰ ਇੰਸਾਂ ਅਤੇ ਪਿੰਡ ਦੇ ਪ੍ਰੇਮੀ ਸੇਵਕ ਜਸਕਰਨ ਸਿੰਘ ਇੰਸਾਂ ਨੇ ਕਿਹਾ ਕਿ ਪਿੰਡ ਗਹਿਰੀ ਭਾਗੀ ਲਈ ਮਾਣ ਵਾਲੀ ਗੱਲ ਹੈ ਕਿ ਅੱਜ ਇਥੇ 16ਵਾਂ ਸਰੀਰਦਾਨ ਹੋਇਆ ਹੈ । ਉਨ੍ਹਾਂ ਕਿਹਾ ਕਿ ਸੁਰਜੀਤ ਸਿੰਘ ਇੰਸਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਰਾਹ ਦਸੇਰਾ ਬਣੇਗਾ। ਉਨ੍ਹਾਂ ਕਿਹਾ ਕਿ ਇਸ ਪਰਿਵਾਰ ਦੀ ਸ਼ਲਾਘਾ ਕਰਨੀ ਬਣਦੀ ਹੈ ਜਿਨ੍ਹਾਂ ਨੇ ਇਸ ਤੋਂ ਪਹਿਲਾਂ ਆਪਣੀ ਮਾਤਾ ਗੁਰਮੇਲ ਕੌਰ ਇੰਸਾਂ ਦਾ ਮ੍ਰਿਤਕ ਸਰੀਰ ਵੀ ਮੈਡੀਕਲ ਖੋਜਾਂ ਲਈ ਦਾਨ ਕੀਤਾ ਸੀ। ਇਸ ਮੌਕੇ ਡੇਰਾ ਆਗੂ ਜੀਵਨ ਕੁਮਾਰ ਇੰਸਾਂ, , ਪਰਮਜੀਤ ਸਿੰਘ ਇੰਸਾਂ ਅਤੇ ਵੱਖ ਵੱਖ ਪਿੰਡਾਂ ਦੇ ਡੇਰਾ ਸ਼ਰਧਾਲੂ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ।