ਮੁਕਤਸਰ ਸਾਹਿਬ ਵਿਖੇ ਗੁਰੂ ਦੇ ਸਿੰਘਾਂ ਨੇ ਸ਼ਹੀਦ ਹੋ ਕੇ ਅਕਾਲ ਪੁਰਖ ਦੇ ਨੇੜੇ ਹੋਣ ਦਾ ਮੁਕਾਮ ਹਾਸਲ ਕੀਤਾ: ਬਾਬਾ ਬਲਬੀਰ ਸਿੰਘ
ਮਾਘੀ ਦਿਹਾੜੇ ਤੇ ਮੁਕਤਸਰ ਸਾਹਿਬ ਹਾਜ਼ਰੀ ਲਵਾਉਣੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ
ਨਿਹੰਗ ਸਿੰਘ ਦਲਪੰਥਾਂ ਵਲੋਂ 15 ਨੂੰ ਮਹੱਲਾ ਕੱਢਿਆ ਜਾਵੇਗਾ
ਮੁਕਤਸਰ ਸਾਹਿਬ:- 13 ਜਨਵਰੀ- ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕਰਵਰਤੀ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲ਼ੀ 96 ਕਰੋੜੀ ਨੇ ਮਾਘੀ ਦੀ ਪੁਰਬ ਸੰਧਿਆਂ ਮੌਕੇ ਸਿੱਖ ਕੌਮ ਦੇ ਨਾਮ ਸ਼ੰਦੇਸ ਜਾਰੀ ਕਰਦਿਆਂ ਕਿਹਾ ਕਿ ਮਾਘੀ ਦੇ ਪਾਵਨ ਦਿਹਾੜੇ ਤੇ ਸ਼ਹੀਦਾਂ ਨੂੰ ਪ੍ਰਣਾਮ ਕਰਨ ਲਈ ਸੰਗਤਾਂ ਵੱਡੀ ਗਿਣਤੀ ਵਿੱਚ ਪੁਜਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਦਿਹਾੜਾ ਭੁੱਲਾਂ ਬਖਸ਼ਾਉਣ ਵਾਲਾ ਹੈ। ਬੇਦਾਵਾ ਦੇਣ ਵਾਲੇ ਸਿੰਘਾਂ ਨੇ ਕੁਰਬਾਨੀ ਦੇ ਕੇ ਆਪਣੀ ਭੁੱਲ ਬਖ਼ਸਾਈ ਤੇ ਵੱਖ-ਵੱਖ ਖਿਤਾਬਾਂ ਦੀਆਂ ਗੁਰੂ ਸਾਹਿਬ ਤੋਂ ਬਖਸ਼ਿਸ਼ਾਂ ਵੀ ਪ੍ਰਾਪਤ ਕੀਤੀਆਂ।ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਾਲੀ ਸ਼ਹੀਦ ਸਿੰਘਾਂ ਨੂੰ ਮੁਕਤੀ ਪਦ ਬਖਸ਼ ਕੇ ਇਸ ਖਿਦਰਾਣੇ ਦੀ ਢਾਬ ਦਾ ਨਾਮ ਮੁਕਤਸਰ ਰੱਖਿਆ।ਉਨ੍ਹਾਂ ਕਿਹਾ ਚਾਲੀ ਮੁਕਤਿਆਂ ਦੇ ਸ਼ਹੀਦੀ ਅਸਥਾਨ ਤੇ ਮੁਕਤਸਰ ਸ਼ਹਿਰ ਵੱਸਿਆ ਹੈ।
...