ਜਗਰਾਉਂ ਵਾਸੀਓ ਸਾਵਧਾਨ! ਕੱਲ੍ਹ ਤੋਂ ਸ਼ਹਿਰ 'ਚ ਲੱਗਣਗੇ ਗੰਦਗੀ ਦੇ ਅੰਬਾਰ?
ਸਫਾਈ ਸੇਵਕਾਂ ਨੇ ਵਜਾਇਆ ਬਗਾਵਤ ਦਾ ਬਿਗੁਲ
"ਸਬਰ ਦਾ ਪਿਆਲਾ ਭਰਿਆ: ਹੁਣ ਆਰ-ਪਾਰ ਦੀ ਲੜਾਈ" - ਪ੍ਰਧਾਨ ਅਰੁਣ ਗਿੱਲ
ਅਫਸਰਸ਼ਾਹੀ ਦੇ ਲਾਰਿਆਂ ਅਤੇ ਲੋਕਾਂ ਦੇ ਤਾਹਨਿਆਂ ਨੇ ਸਾਡੀ ਹਾਲਤ 'ਧੋਬੀ ਦੇ ਕੁੱਤੇ' ਵਰਗੀ ਕੀਤੀ: ਯੂਨੀਅਨ
ਜਗਰਾਉਂ (ਦੀਪਕ ਜੈਨ):
'ਰੰਗਲਾ ਪੰਜਾਬ' ਬਣਾਉਣ ਦੇ ਦਾਅਵੇ ਕਰਨ ਵਾਲੀ ਭਗਵੰਤ ਮਾਨ ਸਰਕਾਰ ਦੇ ਵਿਕਾਸ ਮਾਡਲ ਦੀ ਜਗਰਾਉਂ ਵਿੱਚ ਅੱਜ ਉਸ ਵੇਲੇ ਪੋਲ ਖੁੱਲ੍ਹ ਗਈ, ਜਦੋਂ ਸਫਾਈ ਸੇਵਕਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ। "ਹੁਣ ਬਹੁਤ ਹੋ ਗਿਆ, ਹੁਣ ਗੱਲਾਂ ਨਹੀਂ ਐਕਸ਼ਨ ਹੋਵੇਗਾ"—ਇਹ ਚੇਤਾਵਨੀ ਦਿੰਦਿਆਂ ਸਫਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਨੇ ਪ੍ਰਸ਼ਾਸਨ ਦੀ ਨੱਕ ਵਿੱਚ ਦਮ ਕਰਨ ਦਾ ਐਲਾਨ ਕਰ ਦਿੱਤਾ ਹੈ।
ਮਸਲਾ ਕੀ ਹੈ? - "ਸ਼ਹਿਰ ਬਣਿਆ ਨਰਕ, ਅਫਸਰ ਕੁੰਭਕਰਨੀ ਨੀਂਦ ਸੁੱਤੇ"
ਪ੍ਰਧਾਨ ਅਰੁਣ ਗਿੱਲ ਨੇ ਅੱਜ ਰੋਹ ਭਰੇ ਅੰਦਾਜ਼ ਵਿੱਚ ਦੱਸਿਆ ਕਿ ਜਗਰਾਉਂ ਸ਼ਹਿਰ ਦੀ ਤ੍ਰਾਸਦੀ ਇਹ ਹੈ ਕਿ ਇੱਥੇ ਕੂੜਾ ਸੁੱਟਣ ਲਈ ਕੋਈ ਪੱਕੀ ਥਾਂ ਹੀ ਨਹੀਂ ਹੈ। ਸਫਾਈ ਸੇਵਕ ਸਵੇਰੇ ਮੂੰਹ ਹਨੇਰੇ ਉੱਠ ਕੇ ਸ਼ਹਿਰ ਚਮਕਾਉਂਦੇ ਹਨ, ਪਰ ਉਸ ਕੂੜੇ ਨੂੰ ਲੈ ਕੇ ਜਾਣ ਕਿੱਥੇ? ਜਦੋਂ ਉਹ ਕੂੜਾ ਸੁੱਟਣ ਜਾਂਦੇ ਹਨ ਤਾਂ ਇੱਕ ਪਾਸੇ ਰਾਜਨੀਤਿਕ ਲੀਡਰ ਅੱਖਾਂ ਕੱਢਦੇ ਹਨ ਤੇ ਦੂਜੇ ਪਾਸੇ ਸ਼ਹਿਰ ਵਾਸੀ ਲੜਨ ਨੂੰ ਪੈਂਦੇ ਹਨ।
"ਸਾਡੀ ਜੂਨ ਬੁਰੀ ਕੀਤੀ ਪਈ ਹੈ"
ਅਫਸਰਸ਼ਾਹੀ 'ਤੇ ਵਰ੍ਹਦਿਆ ਕਹਾ ਕਿ ਅਧਿਕਾਰੀ ਸਿਰਫ ਦਫ਼ਤਰਾਂ 'ਚ ਬੈਠ ਕੇ ਰੋਹਬ ਝਾੜਨਾ ਜਾਣਦੇ ਹਨ। ਜ਼ਮੀਨੀ ਹਕੀਕਤ ਇਹ ਹੈ ਕਿ ਸਾਡੀ ਹਾਲਤ "ਧੋਬੀ ਦੇ ਕੁੱਤੇ" ਵਾਲੀ ਕਰ ਦਿੱਤੀ ਗਈ ਹੈ—"ਨਾ ਅਸੀਂ ਘਰ ਦੇ ਰਹੇ ਹਾਂ, ਨਾ ਘਾਟ ਦੇ।" ਸਫਾਈ ਸੇਵਕ ਪਿਸ ਰਹੇ ਹਨ, ਮਾਨਸਿਕ ਤੌਰ 'ਤੇ ਟੁੱਟ ਚੁੱਕੇ ਹਨ ਅਤੇ ਰੋਜ਼ਾਨਾ ਦੀ ਬੇਇੱਜ਼ਤੀ ਹੁਣ ਬਰਦਾਸ਼ਤ ਤੋਂ ਬਾਹਰ ਹੈ।
ਕੱਲ੍ਹ ਤੋਂ ਸ਼ਹਿਰ ਰੱਬ ਆਸਰੇ!
ਯੂਨੀਅਨ ਨੇ ਦੋ-ਟੁੱਕ ਫੈਸਲਾ ਸੁਣਾ ਦਿੱਤਾ ਹੈ ਕਿ ਲਿਖਤੀ ਬੇਨਤੀਆਂ ਅਤੇ ਮਿੰਨਤਾਂ ਦਾ ਦੌਰ ਖਤਮ ਹੋ ਚੁੱਕਾ ਹੈ। ਕੱਲ੍ਹ ਤੋਂ ਸਮੂਹ ਸਫਾਈ ਸੇਵਕ ਅਤੇ ਸੀਵਰਮੈਨ ਮੁਕੰਮਲ ਹੜਤਾਲ 'ਤੇ ਹਨ।
ਪ੍ਰਧਾਨ ਗਿੱਲ ਨੇ ਕਿਹਾ ਕਿ ਜੇਕਰ ਭਲਕੇ ਸ਼ਹਿਰ ਵਿੱਚ ਮਹਾਂਮਾਰੀ ਫੈਲਦੀ ਹੈ ਜਾਂ ਗੰਦਗੀ ਦੇ ਪਹਾੜ ਖੜ੍ਹੇ ਹੁੰਦੇ ਹਨ, ਤਾਂ ਇਸ ਦੀ ਸਿੱਧੀ ਜ਼ਿੰਮੇਵਾਰੀ ਸੁੱਤੀ ਹੋਈ ਪ੍ਰਸ਼ਾਸਨਿਕ ਮਸ਼ੀਨਰੀ, ਮੌਕਾਪ੍ਰਸਤ ਲੀਡਰਾਂ ਅਤੇ ਆਮ ਪਬਲਿਕ ਦੀ ਹੋਵੇਗੀ।