ਪੱਤਰਕਾਰਾਂ ਦੀ ਹੱਤਿਆ ਪ੍ਰੈੱਸ ਦੀ ਅਜ਼ਾਦੀ ਲਈ ਖ਼ਤਰਾ
- ਗੁਰਮੀਤ ਸਿੰਘ ਪਲਾਹੀ
ਇੱਕੋ ਸਾਲ 2025 ਵਿੱਚ 128 ਪੱਤਰਕਾਰਾਂ ਦਾ ਮਾਰਿਆ ਜਾਣਾ ਸਿਰਫ਼ ਇੱਕ ਵਿਸ਼ਵ ਪੱਧਰੀ ਅੰਕੜਾ ਨਹੀਂ ਹੈ, ਸਗੋਂ ਦਿਲ ਕੰਬਾਊਂ ਇੱਕ ਇਹੋ ਜਿਹਾ ਵਰਤਾਰਾ ਹੈ ਜੋ ਮਨੁੱਖੀ ਅਧਿਕਾਰਾਂ ਸੰਬੰਧੀ ਵੱਡੇ ਸਵਾਲ ਖੜ੍ਹੇ ਕਰ ਰਿਹਾ ਹੈ। ਇਹ ਪੱਤਰਕਾਰ ਸਿਰਫ਼ ਇਸ ਕਰਕੇ ਦੁਨੀਆਂ ਤੋਂ ਰੁਖ਼ਸਤ ਕਰ ਦਿੱਤੇ ਗਏ ਕਿ ਉਹ ਆਪਣੀ ਡਿਊਟੀ ਨਿਭਾਅ ਰਹੇ ਸਨ, ਸੱਚੀਆਂ ਘਟਨਾਵਾਂ ਨੂੰ ਜੱਗ ਜ਼ਾਹਰ ਕਰ ਰਹੇ ਸਨ। ਕੀ ਇਹ ਇਨਸਾਫ਼ ਦਾ ਗਲਾ ਘੁੱਟਣ ਦੇ ਸਮਾਨ ਨਹੀਂ? ਕੀ ਇਹ ਪ੍ਰੈੱਸ ਦੀ ਅਜ਼ਾਦੀ ਲਈ ਵੱਡਾ ਖ਼ਤਰਾ ਨਹੀਂ?
ਨਿੱਤ-ਦਿਹਾੜੇ ਇਨਸਾਫ਼ ਮੰਗਦੇ ਲੋਕਾਂ ’ਤੇ ਸਮੇਂ ਦੇ ਹਾਕਮ ਅੱਤਿਆਚਾਰ ਕਰਦੇ ਹਨ। ਲਾਠੀਆਂ ਤੇ ਗੋਲੀਆਂ ਦਾ ਮੀਂਹ ਵਰ੍ਹਾਉਂਦੇ ਹਨ, ਉਹਨਾਂ ਨੂੰ ਜੇਲ੍ਹਾਂ ਵਿੱਚ ਤੁੰਨਦੇ ਹਨ, ਬੁਲਡੋਜ਼ਰ ਨੀਤੀ ਨਾਲ਼ ਲੋਕਾਂ ਦੇ ਘਰ ਢਾਹੁੰਦੇ ਹਨ, ਨਫ਼ਰਤ ਦੀ ਅੱਗ ਫੈਲਾਉਂਦੇ ਤੇ ਧਰਮ ਦੇ ਨਾਂ ’ਤੇ ਦੰਗੇ-ਫਸਾਦ ਕਰਵਾਉਂਦੇ ਹਨ ਅਤੇ ਆਪਣੇ ਹਿੱਤਾਂ ਲਈ ਲੋਕਾਂ ਨੂੰ ਜੰਗਾਂ ਵਿੱਚ ਧੱਕਦੇ ਹਨ।
ਇਹੋ-ਜਿਹੀਆਂ ਘਟਨਾਵਾਂ ਨੂੰ ਪੱਤਰਕਾਰ ਭਾਈਚਾਰਾ ਤੱਥਾਂ ਸਮੇਤ ਲੋਕਾਂ ਸਾਹਮਣੇ ਲਿਆਉਂਦਾ ਹੈ। ਪਰ ਜਦੋਂ ਇਨ੍ਹਾਂ ਘਟਨਾਵਾਂ ਪਿੱਛੇ ਲੁਕਿਆ ਸੱਚ ਜਨਤਾ ਸਾਹਮਣੇ ਲਿਆਂਦਾ ਜਾਂਦਾ ਹੈ ਤਾਂ ਹਾਕਮਾਂ ਨੂੰ ਆਪਣੀ ਗੱਦੀ ਡੋਲਦੀ ਨਜ਼ਰ ਆਉਂਦੀ ਹੈ।
31 ਦਸੰਬਰ 2025 ਨੂੰ ਇੰਟਰਨੈਸ਼ਨਲ ਫੈਡਰੇਸ਼ਨ ਆਫ਼ ਜਰਨਲਿਸਟਸ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਲੂ ਕੰਡੇ ਖੜੇ ਕਰਨ ਵਾਲੀ ਹੈ। ਪਿਛਲੇ ਸਾਲ ਮਿਡਲ ਈਸਟ ਅਤੇ ਅਰਬ ਜਗਤ ਵਿੱਚ 74, ਏਸ਼ੀਆ-ਪੈਸਿਫ਼ਿਕ ਵਿੱਚ 15, ਯੂਰਪ ਵਿੱਚ 10, ਅਫ਼ਰੀਕਾ ਵਿੱਚ 18 ਅਤੇ ਅਮਰੀਕਾ ਰੀਜਨ ਵਿੱਚ 11 ਪੱਤਰਕਾਰ ਬੇਰਹਿਮੀ ਨਾਲ਼ ਬਲੀ ਚੜ੍ਹਾ ਦਿੱਤੇ ਗਏ,ਕਤਲ ਕਰ ਦਿੱਤੇ ਗਏ ।
ਇਸ ਸੰਸਥਾ ਨੇ 1990 ਤੋਂ ਹੁਣ ਤੱਕ ਦੀ ਵਰ੍ਹੇਵਾਰ ਰਿਪੋਰਟ ’ਚ ਦੱਸਿਆ ਹੈ ਕਿ ਵਿਸ਼ਵ ਭਰ ਵਿੱਚ 3173 ਪੱਤਰਕਾਰ, ਔਸਤਨ 91 ਪੱਤਰਕਾਰ ਹਰ ਵਰ੍ਹੇ ; ਪਰ ਪਿਛਲੇ ਦਸ ਸਾਲਾਂ ਵਿੱਚ ਹੀ 876 ਪੱਤਰਕਾਰਾਂ ਨੂੰ ਮਾਰ ਦਿੱਤਾ ਗਿਆ। ਫੈਡਰੇਸ਼ਨ ਨੇ 533 ਉਹਨਾਂ ਪੱਤਰਕਾਰਾਂ ਦੀ ਵਿਸ਼ਵ ਪੱਧਰੀ ਰਿਪੋਰਟ ਵੀ ਜਾਰੀ ਕੀਤੀ ਹੈ,ਜਿਹੜੇ ਅੱਜ ਵੀ ਵਿਸ਼ਵ ਭਰ ਦੀਆਂ ਜੇਲ੍ਹਾਂ ਵਿੱਚ ਕੈਦ ਹਨ। ਚੀਨ ਅਤੇ ਮਿਡਲ ਈਸਟ–ਅਰਬ ਜਗਤ ਵਿੱਚ ਇਹਨਾਂ ਪੱਤਰਕਾਰਾਂ ਦੀ ਗਿਣਤੀ ਸਭ ਤੋਂ ਵੱਧ ਹੈ।
ਜਿਹੜੇ ਪੱਤਰਕਾਰ , ਮੀਡੀਆ ਕਰਮੀ 2025 ਵਿੱਚ ਮਾਰ ਦਿੱਤੇ ਗਏ ਜਾਂ ਦੁਰਘਟਨਾਵਾਂ ਦੀ ਬਲੀ ਚੜ੍ਹਾ ਦਿੱਤੇ ਗਏ,ਉਹਨਾਂ ਪੱਤਰਕਾਰਾਂ ਵਿੱਚ 10 ਔਰਤ ਪੱਤਰਕਾਰ ਵੀ ਸ਼ਾਮਲ ਹਨ। 128 ਪੱਤਰਕਾਰਾਂ ਵਿੱਚੋਂ 9 ਦੀ ਮੌਤ ਨੂੰ ਸੜਕੀ ਦੁਰਘਟਨਾ ਕਰਾਰ ਦਿੱਤਾ ਗਿਆ। ਫ਼ਲਸਤੀਨ ਉਹ ਦੇਸ਼ ਬਣ ਕੇ ਉਭਰਿਆ ਹੈ ਜਿੱਥੇ ਕੁੱਲ ਮਾਰੇ ਗਏ ਪੱਤਰਕਾਰਾਂ ਵਿੱਚੋਂ 44 ਫ਼ੀਸਦੀ ਦੀ ਹੱਤਿਆ ਹੋਈ।
ਵਿਸ਼ਵ ਭਰ ਦੇ ਲੋਕ-ਹਿਤੈਸ਼ੀ ਪੱਤਰਕਾਰਾਂ ਸਾਹਮਣੇ ਵੱਡੀਆਂ ਚੁਣੌਤੀਆਂ ਰਹਿੰਦੀਆਂ ਹਨ। ਉਹ ਭੈੜੀਆਂ ਮੌਸਮੀ ਹਾਲਤਾਂ, ਜੰਗ ਦੇ ਮੈਦਾਨਾਂ ਅਤੇ ਦੰਗਿਆਂ ਵਿਚਕਾਰ ਕੰਮ ਕਰਦੇ ਨਜ਼ਰ ਆਉਂਦੇ ਹਨ। ਇਹ ਪੱਤਰਕਾਰ ਆਮ ਲੋਕਾਂ ਦੇ ਦੁੱਖਾਂ-ਦਰਦਾਂ, ਮਨੁੱਖੀ ਅਧਿਕਾਰਾਂ, ਮਜ਼ਦੂਰਾਂ ਦੇ ਹੱਕਾਂ ਅਤੇ ਤਰਕਸ਼ੀਲ ਸਮਾਜ ਦੀ ਉਸਾਰੀ ਲਈ ਦਿਨ-ਰਾਤ ਕੰਮ ਕਰਦੇ ਹਨ ਅਤੇ ਕਈ ਵਾਰ ਆਪਣੀ ਜਾਨ ਤੱਕ ਵਾਰ ਦਿੰਦੇ ਹਨ।
ਜਿਹਨਾਂ ਸਥਿਤੀਆਂ ਵਿੱਚ ਉਹ ਕੰਮ ਕਰਦੇ ਹਨ,ਉਹ ਬੇਹੱਦ ਜ਼ੋਖ਼ਮ ਭਰੀਆਂ ਹੁੰਦੀਆਂ ਹਨ। ਹਰ ਕੁਰਬਾਨੀ ਦਾ ਜਜ਼ਬਾ ਤਾਂ ਉਹਨਾਂ ਦੇ ਮਨਾਂ ਵਿੱਚ ਹੁੰਦਾ ਹੀ ਹੈ, ਉਹ ਲੋਕਾਂ ਲਈ ਰਾਹ ਦਿਖਾਵੇ ਵੀ ਬਣਦੇ ਹਨ। ਪਰ ਇਹ ਸਾਰੀਆਂ ਗੱਲਾਂ ਉਹਨਾਂ ਹਾਕਮਾਂ ਨੂੰ ਪਸੰਦ ਨਹੀਂ, ਉਹਨਾਂ ਨੂੰ ਨਹੀਂ ਭਾਉਂਦੀਆਂ ਜਿਹੜੇ ਸਮਾਜ ਵਿੱਚ ਅੰਨ੍ਹੇਰਾ ਪੈਦਾ ਕਰਕੇ ਲੋਕਾਂ ਨੂੰ ਭਰਮਜਾਲ ਅਤੇ ਅਨਪੜ੍ਹਤਾ ਵਿੱਚ ਰੱਖ ਕੇ ਆਪਣੀਆਂ ਸ਼ਾਤਰ ਚਾਲਾਂ ਨਾਲ਼ ਰਾਜ ਕਰਨ ਦੇ ਅਧਿਕਾਰੀ ਬਣੇ ਰਹਿਣਾ ਚਾਹੁੰਦੇ ਹਨ। ਉਹਨਾਂ ਨੂੰ ਅਸਲੋਂ ਸਮਾਜ ਵਿੱਚ ਚਾਨਣ ਪਸੰਦ ਨਹੀਂ ਹੁੰਦਾ, ਇਸੇ ਲਈ ਉਹ ਪਰੇਸ਼ਾਨ ਹਨ ,ਉਹਨਾਂ ਦੇ ਢਕੇ ਪਰਦੇ ਉੱਧੜ ਰਹੇ ਹਨ। ਉਹਨਾਂ ਵੱਲੋਂ ਸੱਚ ਉਜਾਗਰ ਕਰਨ ਵਾਲੀਆਂ ਰਿਪੋਰਟਾਂ ਦਬਾਉਣ ਲਈ ਜਤਨ ਹੋ ਰਹੇ ਹਨ।
ਫ਼ਰੀ ਸਪੀਚ ਕੁਲੈਕਟਿਵ ਦੀ ਛਾਪੀ ਇੱਕ ਰਿਪੋਰਟ ਪ੍ਰੈੱਸ ਦੀ ਅਜ਼ਾਦੀ ਦੇ ਭਰਮ ਖੋਲ੍ਹਦੀ ਹੈ। ਸਾਲ 2025 ਵਿੱਚ ਭਾਰਤ ਵਿੱਚ ਬੋਲਣ ਦੀ ਅਜ਼ਾਦੀ ਦੀ ਉਲੰਘਣਾ ਤਹਿਤ 14,875 ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ਵਿੱਚੋਂ 11,785 ਮਾਮਲੇ ਪੱਤਰਕਾਰਾਂ, ਸੋਸ਼ਲ ਮੀਡੀਆ ਇਨਫਲੂਐਂਸਰਾਂ ਅਤੇ ਇੰਟਰਨੈਟ ਉਪਭੋਗਤਾਵਾਂ ਨਾਲ਼ ਸੰਬੰਧਿਤ ਹਨ। ਇਹ ਮਾਮਲੇ ਸਿਰਫ਼ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਹੀ ਨਹੀਂ, ਸਗੋਂ ਗ਼ੈਰ-ਭਾਜਪਾ ਸਰਕਾਰਾਂ ਵੱਲੋਂ ਵੀ ਦਰਜ ਕੀਤੇ ਗਏ।
ਪੰਜਾਬ ਵਿੱਚ ਵੀ ਗ਼ੈਰ-ਪ੍ਰਮਾਣਿਤ ਸਮੱਗਰੀ ਅਤੇ ਗ਼ਲਤ ਜਾਣਕਾਰੀ ਸਾਂਝੀ ਕਰਨ ਦੇ ਦੋਸ਼ ਹੇਠ ਪੱਤਰਕਾਰਾਂ ਖ਼ਿਲਾਫ਼ ਐੱਫ਼.ਆਈ.ਆਰਾਂ. ਦਰਜ ਹੋਈਆਂ। ਪੰਜਾਬ ’ਚ 10 ਵਿਅਕਤੀਆਂ ਜਿਨ੍ਹਾਂ ਵਿੱਚ 9 ਪੱਤਰਕਾਰ ਹਨ, ਵਿਰੁੱਧ ਗ਼ੈਰ-ਪ੍ਰਮਾਣਿਤ ਸਮੱਗਰੀ ਅਤੇ ਗ਼ਲਤ ਸੂਚਨਾ ਸਾਂਝੀ ਕਰਨ ਦੇ ਦੋਸ਼ ਹੇਠ ਐੱਫ਼.ਆਈ.ਆਰ. ਦਰਜ ਕੀਤੀ ਗਈ ਹੈ, ਇਹਨਾਂ ਪੱਤਰਕਾਰਾਂ ਨੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਪਹਿਲੀ ਤੋਂ 10 ਦਸੰਬਰ ਤੱਕ ਮੁੱਖ ਮੰਤਰੀ ਭਗਵੰਤ ਮਾਨ ਜਪਾਨ ਦੌਰੇ 'ਤੇ ਸਨ, ਪਰ ਉਹਨਾਂ ਦੇ ਗ਼ੈਰ ਹਾਜ਼ਰੀ 'ਤੇ ਵੀ ਹੈਲੀਕਾਪਟਰ ਦੀ ਇੱਥੇ ਵਰਤੋਂ ਹੁੰਦੀ ਰਹੀ।
ਅਸਲ ਵਿੱਚ ਇਹ ਸਰਕਾਰੀ ਕਾਰਵਾਈ ਅਜ਼ਾਦ ਕਲਮ ਦੀ ਹੱਤਿਆ ਦੇ ਬਰਾਬਰ ਹੈ। ਭਾਵੇਂ ਕਿ ਵੱਖੋ-ਵੱਖਰੇ ਦੇਸ਼ਾਂ ਦੇ ਸੰਵਿਧਾਨ, ਨਿਯਮ, ਪ੍ਰੈੱਸ ਨੂੰ ਬੋਲਣ, ਲਿਖਣ ਅਤੇ ਆਪਣੇ ਵਿਚਾਰ ਦੇਣ ਦੀ ਅਜ਼ਾਦੀ ਦਿੰਦੇ ਹਨ। ਉਹਨਾਂ ਦੀਆਂ ਲਿਖਤਾਂ, ਛਪਾਈ, ਆਡੀਓ, ਵੀਡੀਓ ਮਧਿਅਮਾਂ ਜਾਂ ਕਿਸੇ ਹੋਰ ਮਧਿਅਮ ਰਾਹੀਂ ਵਿਚਾਰਾਂ ਨੂੰ ਪ੍ਰਗਟਾਉਣ ਦਾ ਹੱਕ ਦਿੰਦੇ ਹਨ, ਪਰ ਜਦੋਂ ਇਸ ਅਧਿਕਾਰ ਉੱਤੇ ਵਾਜਬ ਪਾਬੰਦੀਆਂ ਜੜ੍ਹ ਦਿੱਤੀਆਂ ਜਾਂਦੀਆਂ ਹਨ ਅਤੇ ਜਦੋਂ ਪੱਤਰਕਾਰ ਇਹ ਪਾਬੰਦੀਆਂ ਤੋੜਦਾ ਹੈ, ਉਹ ਹਾਕਮਾਂ, ਮਾਫੀਏ ਦੇ ਗੁੱਸੇ ਦਾ ਸ਼ਿਕਾਰ ਹੋ ਜਾਂਦੇ ਹਨ।
ਪੰਜਾਬ ’ਚ ਅੱਤਵਾਦ ਦੇ ਦਿਨਾਂ ’ਚ ਇਹਨਾਂ ਪੱਤਰਕਾਰਾਂ ਨੂੰ ਦੋਹਾਂ ਪਾਸਿਆਂ ਤੋਂ ਖ਼ਤਰਾ ਰਿਹਾ ਅਤੇ ਹੁਣ ਵੀ ਨਕਸਲ ਖਿੱਤਿਆਂ ’ਚ ਹੋ ਰਹੇ ਸੰਘਰਸ਼ ’ਚ ਇਹ ਖ਼ਤਰਾ ਦਿਸਦਾ ਹੈ।
ਇਸ ਕਿਸਮ ਦਾ ਖ਼ਤਰਾ ਉਦੋਂ ਹੋਰ ਵੀ ਵੱਧ ਜਾਂਦਾ ਹੈ, ਜਦੋਂ ਸ਼ਰੇਆਮ ਪੱਤਰਕਾਰਾਂ ਨੂੰ ਧਮਕੀਆਂ ਅਤੇ ਉਹ ਵੀ ਅਜੀਬ ਕਿਸਮ ਦੀਆਂ ਧਮਕੀਆਂ ਮਿਲਦੀਆਂ ਹਨ। ਤੇਲਗੂ ਦੇਸ਼ਮ ਦੇ ਵਿਧਾਇਕ ਗੁਮਾਨੂਰ ਜੈ ਰਾਮ ਵੱਲੋਂ ਦਿੱਤੀ ਪੱਤਰਕਾਰਾਂ ਲਈ ਧਮਕੀ ਅਸਧਾਰਨ ਹੈ। ਪੜ੍ਹੋ “ਜੇਕਰ ਪੱਤਰਕਾਰ ਉਹਨਾਂ ਬਾਰੇ ਗ਼ਲਤ ਜਾਣਕਾਰੀ ਪ੍ਰਕਾਸ਼ਿਤ ਕਰਨਗੇ ਤਾਂ ਉਹ ਉਹਨਾਂ ਨੂੰ ਰੇਲ ਦੀਆਂ ਪੱਟੜੀਆਂ ’ਤੇ ਸਵਾਉਣਗੇ”।
ਇਹੋ ਜਿਹੇ ਹਾਲਾਤਾਂ ਵਿੱਚ ਪੱਤਰਕਾਰਾਂ ਲਈ ਰਿਪੋਰਟਿੰਗ ਦਾ ਖ਼ਤਰਾ ਵੱਡਾ ਹੈ। ਇਹ ਖ਼ਤਰਾ ਸਿਰਫ਼ ਜਿਸਮਾਨੀ ਹੀ ਨਹੀਂ ਹੈ, ਮਾਨਸਿਕ ਵੀ ਹੈ। ਡਿਜ਼ੀਟਲ ਵੀ ਹੈ, ਕਨੂੰਨੀ ਵੀ ਹੈ ਅਤੇ ਧਮਕੀਆਂ ਭਰਪੂਰ ਵੀ ਹੈ। ਯੂਨੈਸਕੋ ਦੀ ਇੱਕ ਰਿਪੋਰਟ ਅਨੁਸਾਰ 2018 ਤੋਂ ਹੁਣ ਤੱਕ ਲੈਤਿਨ ਅਮਰੀਕਾ ਅਤੇ ਕਾਰਬੀਅਨ ਦੇ ਦੇਸ਼ਾਂ ਦੇ 900 ਪੱਤਰਕਾਰਾਂ ਨੂੰ ਦੇਸ਼ ਨਿਕਾਲਾ ਸਿਰਫ਼ ਇਸ ਕਰਕੇ ਮਿਲਿਆ ਕਿ ਉਹ ਲੋਕ-ਹਿੱਤ ’ਚ ਰਿਪੋਰਟਿੰਗ ਕਰਦੇ ਸਨ।
ਅੱਜ ਦੁਨੀਆ ਵਿੱਚ ਖੋਜੀ ਪੱਤਰਕਾਰਤਾ ਲਈ ਖ਼ਤਰੇ ਵਧੇਰੇ ਹਨ। ਦੁਨੀਆ ਭਰ ਵਿੱਚ ਅਜ਼ਾਦ ਪੱਤਰਕਾਰਤਾ, ਲੋਕਤੰਤਰ, ਮਾਨਵ ਅਧਿਕਾਰਾਂ ਅਤੇ ਨਾਗਰਿਕ ਸਮਾਜ ਦੇ ਖ਼ਿਲਾਫ਼ ਕਈ ਤਰ੍ਹਾਂ ਦੇ ਹਮਲੇ ਦੇਖੇ ਜਾ ਰਹੇ ਹਨ। ਇਹ ਹਮਲੇ ਉਸ ਵੇਲੇ ਹੋਰ ਵੀ ਵੱਧ ਗਏ ਹਨ ਜਦੋਂ ਤੋਂ ਕੁਲੀਨ ਵਰਗ ਸੱਤਾ ਦੀ ਦੁਰਵਰਤੋਂ ਵਧੇਰੇ ਕਰ ਰਿਹਾ ਹੈ। ਪਰ ਬਾਵਜੂਦ ਇਸ ਸਭ ਕੁਝ ਦੇ ਖੋਜੀ ਪੱਤਰਕਾਰਤਾ ਦਾ ਵਿਸਥਾਰ ਹੋ ਰਿਹਾ ਹੈ ਅਤੇ ਪੱਤਰਕਾਰ ਲਗਾਤਾਰ ਚੈਲਿੰਜ ਕਬੂਲ ਕਰ ਰਹੇ ਹਨ।
ਪੁਲਿਸ ਅਤੇ ਸਰਕਾਰੀ ਸੁਰੱਖਿਆ ਬਲਾਂ ਦਾ ਦਬਾਅ ਪੱਤਰਕਾਰਤਾ ’ਤੇ ਵੱਧ ਹੈ। ਪੱਤਰਕਾਰ ਗੌਰੀ ਲੰਕੇਸ਼ ਦੀ ਭਾਰਤ ਦੇ ਸ਼ਹਿਰ ਬੰਗਲੌਰ ’ਚ ਹੱਤਿਆ ਨਾਲ ਦੇਸ਼, ਦੁਨੀਆ ’ਚ ਲੱਖਾਂ ਲੋਕਾਂ ਨੂੰ ਗਹਿਰਾ ਸਦਮਾ ਪੁੱਜਿਆ। ਜਦੋਂ ਉਹਨਾਂ ਦੀ ਹੱਤਿਆ ਦੀ ਖ਼ਬਰ ਪ੍ਰਕਾਸ਼ਤ ਹੋਈ ਤਾਂ ਪੂਰਾ ਦੇਸ਼ ਤ੍ਰਬਕ ਉੱਠਿਆ। ਉਹਨਾਂ ਦੇ ਕਾਤਲਾਂ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਹੋਏ। ਭਾਰਤ ਸਰਕਾਰ ਨੂੰ ਵੀ ਸ਼ਰਮਿੰਦਗੀ ਉਠਾਉਣੀ ਪਈ।
ਸਿਰਫ਼ ਇਹ ਨਹੀਂ ਕਿ ਰਾਸ਼ਟਰੀ ਪੱਧਰ ’ਤੇ ਵੱਡੀਆਂ ਅਖ਼ਬਾਰਾਂ ਵਾਲੇ ਪੱਤਰਕਾਰ ਹੀ ਨਿਸ਼ਾਨੇ ’ਤੇ ਰਹਿੰਦੇ ਹਨ, ਸਗੋਂ ਸਥਾਨਕ ਪੱਤਰਕਾਰਾਂ ਨੂੰ ਵੀ ਵੱਡੇ ਲੋਕਾਂ ਦੀ ਗੁੰਡਾਗਰਦੀ ਦਾ ਸ਼ਿਕਾਰ ਹੋਣਾ ਪੈਂਦਾ ਹੈ, ਜਿਹਨਾਂ ਦੇ ਕੁਕਰਮਾਂ ਨੂੰ ਉਹ ਲੋਕਾਂ ਸਾਹਮਣੇ ਲਿਆਉਂਦੇ ਹਨ। 2015 ’ਚ ਇੱਕ ਸਥਾਨਕ ਪੱਤਰਕਾਰ ਸੰਦੀਪ ਕੋਠਾਰੀ ਦੀ ਹੱਤਿਆ ਇਸ ਕਰਕੇ ਕਰ ਦਿੱਤੀ ਗਈ ਕਿ ਉਸਨੇ ਖਨਣ ਮਾਮਲਾ(ਰੇਤ-ਬਜਰੀ) ਲੋਕਾਂ ਸਾਹਵੇਂ ਲਿਆਂਦਾ ਸੀ।
ਪੱਤਰਕਾਰਾਂ ਦੀ ਹੱਤਿਆ ਦੇ ਮਾਮਲੇ ਅਸਲ ਅਰਥਾਂ ਵਿੱਚ ਮਨੁੱਖ ਦੇ ਮੁਢਲੇ ਅਧਿਕਾਰਾਂ ਨਾਲ਼ ਜੁੜੇ ਹੋਏ ਹਨ। ਦੁਨੀਆ ਭਰ ਦੇ ਦੇਸ਼ਾਂ ਵਿੱਚ ਪ੍ਰੈੱਸ ਦੀ ਅਜ਼ਾਦੀ ਗੰਭੀਰ ਸੰਕਟ ਵਿੱਚ ਹੈ। ਇੱਕ ਕੀਤੇ ਸਰਵੇ ਅਨੁਸਾਰ 180 ਦੇਸ਼ਾਂ ਵਿੱਚ ਪ੍ਰੈੱਸ ਦੀ ਅਜ਼ਾਦੀ ’ਚ ਚੀਨ ਦਾ ਸਥਾਨ 178ਵਾਂ ਹੈ, ਈਰਾਨ ਦਾ 176 ਵਾਂ, ਅਫ਼ਗਾਨਿਸਤਾ ਦਾ 175 ਵਾਂ ਅਤੇ ਭਾਰਤ ਦਾ 151ਵਾਂ ਸਥਾਨ ਹੈ। ਪ੍ਰੈੱਸ ਅਜ਼ਾਦੀ ’ਚ ਨਾਰਵੇ ਪਹਿਲੇ ਸਥਾਨ ’ਤੇ ਹੈ। ਪਿਛਲੇ 50 ਸਾਲਾਂ ’ਚ ਪ੍ਰੈੱਸ ਦੀ ਅਜ਼ਾਦੀ ਲਾਗਤਾਰ ਖੋਹੀ ਗਈ ਹੈ, ਜਿਹੜੀ ਕਿ ਗਲੋਬਲ ਲੋਕਤੰਤਰ ਲਈ ਵੱਡਾ ਖ਼ਤਰਾ ਬਣੀ ਦਿਸਦੀ ਹੈ। ਘਰੇਲੂ-ਯੁੱਧ, ਗ਼ਰੀਬੀ ਅਤੇ ਸਿਆਸੀ ਅਸਥਿਰਤਾ ਇਸ ਅਜ਼ਾਦੀ ’ਚ ਵੱਡਾ ਯੋਗਦਾਨ ਪਾਉਂਦੇ ਹਨ। ਵੱਧ ਰਹੀਂ ਡਿਕਟੇਟਰਾਨਾ ਸੋਚ ਨੇ ਪ੍ਰੈੱਸ ਦੀ ਅਜ਼ਾਦੀ ਅਤੇ ਪੱਤਰਕਾਰਾਂ ਲਈ ਵੱਡੇ ਖ਼ਤਰੇ ਖੜ੍ਹੇ ਕੀਤੇ ਹਨ।
ਰੂਸ ’ਚ ਇਕੋ ਵਿਅਕਤੀ ਦਾ ਰਾਜ ਅਤੇ ਧੱਕੇਸ਼ਾਹੀ, ਭਾਰਤ ਅਤੇ ਅਮਰੀਕਾ ’ਚ “ਰਾਸ਼ਟਰਵਾਦ” ਨੂੰ ਉਤਸ਼ਾਹਤ ਕਰਨ ਦੇ ਤੀਬਰ ਯਤਨ, ਯੁੱਧ-ਜੰਗ ਦੀਆਂ ਵੱਡੇ ਧਨ-ਕੁਬੇਰਾਂ ਵੱਲੋਂ ਪੈਦਾ ਕੀਤੀਆਂ ਪ੍ਰਸਥਿਤੀਆਂ ਪੱਤਰਕਾਰਾਂ ਦੀ ਕਲਮ ਖੋਹਣ, ਉਹਨਾਂ ਦੀ ਜੀਭ ਉੱਤੇ ਜਿੰਦਰੇ ਲਗਾਉਣ ਦਾ ਵੱਡਾ ਕਾਰਨ ਬਣਦੀਆਂ ਜਾ ਰਹੀਆਂ ਹਨ।
ਫਿਰ ਵੀ ਤਸੱਲੀ ਦੀ ਗੱਲ ਇਹ ਹੈ ਕਿ ਸੂਚੇਤ ਅਤੇ ਨਿਡਰ ਪੱਤਰਕਾਰ ਅਜੇ ਵੀ ਸੀਸ ਤਲੀ ’ਤੇ ਧਰ ਕੇ ਆਪਣਾ ਫਰਜ਼ ਨਿਭਾ ਰਹੇ ਹਨ ਅਤੇ ਸੋਸ਼ਲ ਮੀਡੀਆ ’ਤੇ ਸਾਰਥਕ ਸੋਚ ਵਾਲੇ ਲੋਕ ਪ੍ਰੈੱਸ ਦੀ ਅਜ਼ਾਦੀ ਦਾ ਸਹਾਰਾ ਬਣੇ ਹੋਏ ਹਨ।
-ਗੁਰਮੀਤ ਸਿੰਘ ਪਲਾਹੀ
-9815802070
-1767603954878.JPG)
-
ਗੁਰਮੀਤ ਸਿੰਘ ਪਲਾਹੀ, writer
gurmitpalahi@yahoo.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.