ਲੋਕ ਮੋਰਚਾ ਪੰਜਾਬ ਵੱਲੋਂ ਵੈਨੇਜ਼ੁਏਲਾ 'ਤੇ ਅਮਰੀਕਨ ਹਮਲੇ ਦੀ ਵਿਰੋਧਤਾ ਕਰਨ ਦਾ ਸੱਦਾ
ਅਸ਼ੋਕ ਵਰਮਾ
ਬਠਿੰਡਾ, 8 ਜਨਵਰੀ 2026:ਅੱਜ ਇੱਥੇ ਟੀਚਰਜ਼ ਹੋਮ ਵਿਖੇ ਹੋਈ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਮਾਸਟਰ ਜਗਮੇਲ ਸਿੰਘ ਨੇ ਕਿਹਾ ਕਿ ਅਮਰੀਕਾ ਵੱਲੋਂ ਵੈਨੇਜ਼ੁਏਲਾ ਉੱਤੇ ਹਮਲਾ ਕਰਨਾ ਅਤੇ ਇਸ ਦੇ ਚੁਣੇ ਹੋਏ ਰਾਸ਼ਟਰਪਤੀ ਨੂੰ ਅਗਵਾ ਕਰਨਾ ਸਿਰੇ ਦੀ ਧੱਕੜ ਕਾਰਵਾਈ ਹੈ ਜਿਸ ਦਾ ਨਿਰੋਲ ਮਕਸਦ ਇਸਦੇ ਤੇਲ ਭੰਡਾਰਾ ਉੱਤੇ ਕਬਜ਼ਾ ਕਰਨਾ ਹੈ। ਵੈਨਜੂਏਲਾ ਵੱਡੇ ਤੇਲ ਭੰਡਾਰਾਂ ਵਾਲਾ ਮੁਲਕ ਹੈ।1999 ਵਿੱਚ ਹਿਊਗੋ ਸ਼ਾਵੇਜ਼ ਦੇ ਚੁਣੇ ਜਾਣ ਤੋਂ ਬਾਅਦ ਹੁਣ ਤੱਕ ਅਮਰੀਕਾ ਇੱਥੇ ਆਪਣੇ ਪੱਖੀ ਹਕੂਮਤ ਕਾਇਮ ਕਰਨ ਲਈ ਛਟਪਟਾ ਰਿਹਾ ਹੈ, ਜਦੋਂ ਕਿ ਪਹਿਲਾਂ ਹਿਊਗੋ ਸ਼ਾਵੇਜ਼ ਅਤੇ ਫਿਰ ਨਿਕੋਲਸ ਮਾਦੁਰੋ ਅਮਰੀਕੀ ਧੌਂਸ ਅੱਗੇ ਝੁਕਣੋਂ ਅਤੇ ਆਪਣੇ ਦੇਸ਼ ਦੇ ਸੋਮੇ ਸਾਮਰਾਜੀਆਂ ਅੱਗੇ ਨਿਛਾਵਰ ਕਰਨ ਤੋਂ ਇਨਕਾਰੀ ਰਹੇ ਹਨ।
ਉਹਨਾਂ ਕਿਹਾ ਕਿ ਦੂਜੇ ਪਾਸੇ ਵੈਨਜ਼ਏਲਾ ਦੇ ਧਨਾਢ ਕਾਰੋਬਾਰੀ, ਖਾਣ ਮਾਫੀਆ,ਭੋਂ ਸਰਦਾਰਾਂ ਤੇ ਅਮੀਰਜਾਦਿਆਂ ਦੀ ਸਿਆਸੀ ਨੁਮਾਇੰਦਗੀ ਕਰਨ ਵਾਲੀ ਵਿਰੋਧੀ ਧਿਰ ਹੈ ਜਿਸ ਨੂੰ ਅਮਰੀਕਨ ਸਾਮਰਾਜੀਆਂ ਦੀ ਨੰਗੀ ਚਿੱਟੀ ਤੇ ਡਟਵੀਂ ਸਰਪ੍ਰਸਤੀ ਹਾਸਲ ਹੈ। ਇਸ ਦੇ ਰਾਹੀਂ ਅਮਰੀਕਾ ਵਾਰ ਵਾਰ ਪਹਿਲਾਂ ਹਿਊਗੋ ਸ਼ਾਵੇਜ਼ ਤੇ ਹੁਣ ਰਾਸ਼ਟਰਪਤੀ ਮਾਦੁਰੋ ਦੀ ਸਰਕਾਰ ਨੂੰ ਉਲਟਾਉਣ ਲਈ ਸਾਜਿਸ਼ਾਂ ਰਚਦਾ ਆ ਰਿਹਾ ਸੀ, ਪਰ ਇਹਨਾਂ ਸਾਜ਼ਿਸ਼ਾਂ ਰਾਹੀਂ ਵੀ ਉਹ ਹਕੂਮਤ ਉਲਟਾਉਣ ਵਿੱਚ ਕਾਮਯਾਬ ਨਹੀਂ ਹੋ ਸਕਿਆ ਸੀ। ਇਸ ਕਰਕੇ ਹੁਣ ਉਸਨੇ ਨੰਗੇ ਚਿੱਟੇ ਹਮਲੇ ਦਾ ਰਾਹ ਚੁਣਿਆ ਹੈ। ਹਾਲੇ ਕੁਝ ਹੀ ਦਿਨ ਪਹਿਲਾਂ ਉਹ ਵੈਨਜੁਏਲਾ ਦੇ ਤੇਲ ਜਹਾਜ ਉੱਤੇ ਹਮਲਾ ਕਰਕੇ ਹਟਿਆ ਹੈ।
ਸਿਰੇ ਦਾ ਕੂੜ ਪ੍ਰਚਾਰ ਕਰਦਿਆਂ ਅਮਰੀਕਾ ਨੇ ਵੈਨਜੁਏਲਾ ਉੱਤੇ ਨਸ਼ਿਆਂ ਦੇ ਕਾਰੋਬਾਰ ਤੇ ਦੋਸ਼ ਲਾਏ ਹਨ। ਦੂਜੇ ਪਾਸੇ ਇਸਨੇ ਲੰਘੇ ਦਸੰਬਰ ਮਹੀਨੇ ਵਿੱਚ ਵੈਨਜੂਏਲਾ ਦੀ ਮਾਦੂਰੋ ਵਿਰੋਧੀ ਧਿਰ ਦੀ ਨੁਮਾਇੰਦਗੀ ਕਰਦੀ ਮਾਰੀਆ ਕੋਰੀਨਾ ਨੂੰ ਨੋਬਲ ਸ਼ਾਂਤੀ ਪੁਰਸਕਾਰ ਦਿਵਾਇਆ ਹੈ ਅਤੇ ਸੰਸਾਰ ਸਾਹਮਣੇ ਉਹਨੂੰ ਵੈਨਜੁਏਲਾ ਦੀ ਧੱਕੜ ਸਰਕਾਰ ਖਿਲਾਫ ਲੜ ਰਹੀ ਇੱਕ ਨਾਇਕਾ ਜੋ ਪੇਸ਼ ਕੀਤਾ ਹੈ। ਹੁਣ ਇਉਂ ਸਿੱਧੇ ਹਮਲੇ ਰਾਹੀਂ ਟਰੰਪ ਦੀ ਵਿਉਂਤ ਉਥੇ ਅਮਰੀਕਾ ਪੱਖੀ ਸਰਕਾਰ ਸਥਾਪਿਤ ਕਰਨ ਦੀ ਹੈ। ਇਹ ਅਮਰੀਕਾ ਪੱਖੀ ਲਾਬੀ ਪਹਿਲਾਂ ਅਨੇਕਾਂ ਬਿਆਨ ਦੇ ਚੁੱਕੀ ਹੈ ਕਿ ਉਹ ਵੈਨੇਜ਼ੁਏਲਾ ਦੇ ਤੇਲ ਖੇਤਰ ਨੂੰ ਨਿੱਜੀ ਖੇਤਰ ਤੇ ਅਮਰੀਕੀ ਕੰਪਨੀਆਂ ਲਈ ਖੋਲਣ ਲਈ ਵਚਨਵੱਧ ਹਨ। ਉਹ ਨਵ ਉਦਾਰਵਾਦੀ ਨੀਤੀਆਂ ਲਾਗੂ ਕਰਨ ਅਤੇ ਅਮਰੀਕਨ ਸਾਮਰਾਜੀਆਂ ਨਾਲ ਮਿਲ ਕੇ ਚੱਲਣ ਦੀਆਂ ਜਨਤਕ ਤੌਰ ਤੇ ਯਕੀਨ ਦਹਾਨੀਆਂ ਵੀ ਕਰਦੇ ਰਹੇ ਹਨ।
ਉਹਨਾਂ ਕਿਹਾ ਕਿ ਸੰਸਾਰ ਭਰ ਦੇ ਇਨਸਾਫ ਪਸੰਦ ਲੋਕਾਂ ਨੂੰ ਵੈਨਜੂਏਲਾ ਦੇ ਲੋਕਾਂ ਨਾਲ ਮਿਲ ਕੇ ਅਮਰੀਕਾ ਦੀ ਇਸ ਧੱਕੜ ਕਾਰਵਾਈ ਦਾ ਜ਼ੋਰਦਾਰ ਵਿਰੋਧ ਕਰਨਾ ਚਾਹੀਦਾ ਹੈ, ਹੋਰਨਾਂ ਦੇਸ਼ਾਂ ਦੇ ਸੋਮੇ ਹਥਿਆਉਣ ਦੀ ਅਮਰੀਕੀ ਸਾਮਰਾਜੀਆਂ ਦੀ ਨੀਤੀ ਖਿਲਾਫ ਡਟਣਾ ਚਾਹੀਦਾ ਹੈ ਅਤੇ ਵੈਨਜੁਏਲਾ ਤੋਂ ਹੱਥ ਪਰੇ ਰੱਖਣ,ਉਸਦੇ ਰਾਸ਼ਟਰਪਤੀ ਤੇ ਉਸ ਦੀ ਪਤਨੀ ਦੀ ਰਿਹਾਈ ਦੀ ਮੰਗ ਜ਼ੋਰਦਾਰ ਤਰੀਕੇ ਨਾਲ ਉਭਾਰਨੀ ਚਾਹੀਦੀ ਹੈ।ਇਸ ਨਿਹੱਕੇ ਤੇ ਧੱਕੜ ਹਮਲੇ ਦੇ ਵਿਰੋਧ ਵਿੱਚ ਭਾਰਤੀ ਹਾਕਮਾਂ ਦਾ ਇਕ ਵੀ ਸ਼ਬਦ ਨਾ ਕਹਿਣਾ ਸਾਮਰਾਜ ਭਗਤੀ ਨੂੰ ਮੁੜ ਮੁੜ ਉਜਾਗਰ ਕਰ ਰਿਹਾ ਹੈ। ਸਾਜ਼ਿਸ਼ਾਂ ਤੇ ਹਥਿਆਰਾਂ ਦੇ ਬਲਬੂਤੇ ਕਿਸੇ ਦੇਸ਼ ਵਿੱਚ ਵੜ ਕੇ ਉਥੋਂ ਦੇ ਮਾਲ ਖ਼ਜ਼ਾਨੇ ਤੇ ਤੇਲ ਭੰਡਾਰਾਂ 'ਤੇ ਕਬਜ਼ਾ ਕਰ ਲੈਣ ਦੀ ਅਮਰੀਕਾ ਦੀ ਡਾਕੂ ਬਿਰਤੀ ਦਾ ਵਿਰੋਧ ਕਰਨ ਲਈ ਭਾਰਤੀ ਹਕੂਮਤ ਤੋਂ ਮੰਗ ਕਰਨੀ ਬਣਦੀ ਹੈ। ਇਸ ਮੌਕੇ
ਸਥਾਨਕ ਟੀਚਰਜ਼ ਹੋਮ ਤੋਂ ਫਾਇਰ ਬ੍ਰਿਗੇਡ ਚੌਂਕ ਤੱਕ ਮੁਜ਼ਾਹਰਾ ਕੀਤਾ ਗਿਆ।ਸਟੇਜ ਸਕੱਤਰ ਦੀ ਕਾਰਵਾਈ ਗੁਰਮੁੱਖ ਸਿੰਘ ਨੀਚ ਚਲਾਈ ਜਦੋਂ ਕਿ ਨਵਜੋਤ ਸਿੰਘ ਅਤੇ ਹਰਮੀਤ ਕੋਟਗੁਰੂ ਨੇ ਇਨਕਲਾਬੀ ਗੀਤ ਪੇਸ਼ ਕੀਤੇ।