ਜਗਰਾਓਂ 'ਚ ਵਸੂਲੀ ਦੇ ਨਾਂ 'ਤੇ ਹਾਈ ਵੋਲਟੇਜ ਡਰਾਮਾ : ਖੁਦ ਨੂੰ ਵਿਜੀਲੈਂਸ ਅਧਿਕਾਰੀ ਦੱਸਣ ਵਾਲੇ ਤਿੰਨ 'ਸ਼ੱਕੀ' ਪੁਲਿਸ ਹਵਾਲੇ
ਦੀਪਕ ਜੈਨ
ਜਗਰਾਓਂ 19 ਦਸੰਬਰ 2025
ਸਥਾਨਕ ਮੁਹੱਲਾ ਮਾਈ ਜੀਨਾ ਵਿਖੇ ਵੀਰਵਾਰ ਸ਼ਾਮ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ, ਜਦੋਂ ਇੱਕ ਨਿੱਜੀ ਕੰਪਨੀ ਦੇ ਕਰਜ਼ੇ ਦੀ ਵਸੂਲੀ ਲਈ ਆਏ ਤਿੰਨ ਵਿਅਕਤੀਆਂ ਨੂੰ ਮੁਹੱਲਾ ਨਿਵਾਸੀਆਂ ਨੇ ਸ਼ੱਕ ਦੇ ਆਧਾਰ 'ਤੇ ਘੇਰ ਲਿਆ। ਉਕਤ ਵਿਅਕਤੀ ਖੁਦ ਨੂੰ ਵਿਜੀਲੈਂਸ ਵਿਭਾਗ ਦੇ ਅਧਿਕਾਰੀ ਦੱਸ ਰਹੇ ਸਨ। ਮਾਮਲਾ ਸ਼ੱਕੀ ਜਾਪਨ 'ਤੇ ਲੋਕਾਂ ਨੇ ਸੂਝ-ਬੂਝ ਦਾ ਸਬੂਤ ਦਿੰਦੇ ਹੋਏ ਦੋਵਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ। ਫਿਲਹਾਲ ਪੁਲਿਸ ਵੱਲੋਂ ਇਨ੍ਹਾਂ ਵਿਅਕਤੀਆਂ ਦੇ ਅਸਲ ਜਾਂ ਨਕਲੀ ਹੋਣ ਬਾਰੇ ਜਾਂਚ ਕੀਤੀ ਜਾ ਰਹੀ ਹੈ।
ਕੀ ਹੈ ਮਾਮਲਾ ਅਤੇ ਪੀੜਤ ਦੇ ਦੋਸ਼
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਹੱਲਾ ਨਿਵਾਸੀ ਰਾਜ ਕੌਰ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਨਾਮ 'ਤੇ ਇੱਕ ਪ੍ਰਾਈਵੇਟ ਕੰਪਨੀ ਤੋਂ ਲੋਨ ਲਿਆ ਗਿਆ ਹੈ, ਜਦਕਿ ਉਸ ਨੇ ਅਜਿਹਾ ਕੋਈ ਕਰਜ਼ਾ ਲਿਆ ਹੀ ਨਹੀਂ। ਪੀੜਤ ਦਾ ਕਹਿਣਾ ਹੈ ਕਿ ਕੇਅਰਵੈਲ ਹਸਪਤਾਲ (ਰਾਏਕੋਟ ਰੋਡ) ਦੇ ਨੇੜੇ ਰਹਿਣ ਵਾਲੀ ਇੱਕ ਜਾਣਕਾਰ ਔਰਤ ਨੇ ਉਸ ਨੂੰ ਨਵਾਂ ਲੋਨ ਦਿਵਾਉਣ ਦੇ ਬਹਾਨੇ ਉਸ ਦੇ ਦਸਤਾਵੇਜ਼ ਲਏ ਸਨ। ਰਾਜ ਕੌਰ ਨੇ ਦੋਸ਼ ਲਾਇਆ ਕਿ ਉਕਤ ਔਰਤ ਨੇ ਇਨ੍ਹਾਂ ਦਸਤਾਵੇਜ਼ਾਂ ਦੀ ਕਥਿਤ ਦੁਰਵਰਤੋਂ ਕਰਦਿਆਂ ਉਸ ਨੂੰ 'ਮ੍ਰਿਤਕ' ਦਿਖਾ ਕੇ ਫਰਜ਼ੀ ਮੌਤ ਦਾ ਸਰਟੀਫਿਕੇਟ ਤੱਕ ਪੇਸ਼ ਕਰ ਦਿੱਤਾ ਅਤੇ ਲੋਨ ਦੀ ਰਕਮ ਹੜਪ ਲਈ।
ਵਸੂਲੀ ਕਰਨ ਆਏ ਵਿਅਕਤੀਆਂ 'ਤੇ ਸਵਾਲੀਆ ਨਿਸ਼ਾਨ
ਵੀਰਵਾਰ ਨੂੰ ਜਦੋਂ ਤਿੰਨ ਵਿਅਕਤੀ ਵਸੂਲੀ ਲਈ ਪਹੁੰਚੇ ਅਤੇ ਖੁਦ ਨੂੰ ਵਿਜੀਲੈਂਸ ਅਧਿਕਾਰੀ ਦੱਸਣ ਲੱਗੇ, ਤਾਂ ਪਰਿਵਾਰ ਅਤੇ ਗੁਆਂਢੀਆਂ ਨੂੰ ਸ਼ੱਕ ਹੋਇਆ। ਲੋਕਾਂ ਅਨੁਸਾਰ ਜਦੋਂ ਉਨ੍ਹਾਂ ਤੋਂ ਸ਼ਨਾਖਤੀ ਕਾਰਡ ਜਾਂ ਸਬੂਤ ਮੰਗੇ ਗਏ ਤਾਂ ਉਹ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ, ਜਿਸ ਕਾਰਨ ਲੋਕਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ।
ਪੁਲਿਸ ਦੀ ਕਾਰਵਾਈ: ਹਰ ਪਹਿਲੂ ਦੀ ਹੋ ਰਹੀ ਜਾਂਚ
ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਤੋਂ ਏ.ਐਸ.ਆਈ. ਰਣਧੀਰ ਸਿੰਘ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਜਾਣਕਾਰੀ ਸਾਂਝੀ ਕਰਦਿਆਂ ਏ.ਐਸ.ਆਈ ਰਣਧੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਖੁਦ ਨੂੰ ਅਧਿਕਾਰੀ ਦੱਸਣ ਵਾਲੇ ਤਿੰਨਾਂ ਵਿਅਕਤੀਆਂ ਨੂੰ ਪੁੱਛਗਿੱਛ ਅਪਣੇ ਨਾਲ਼ ਥਾਣੇ ਲੇ ਗਈ ਹੈ

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੇ ਜਾਨ ਤੇ ਸਾਹਮਣੇ ਆਇਆ ਹੈ ਕਿ ਉਕਤ ਤਿੰਨੋ ਵਿਅਕਤੀ ਇੱਕ ਪ੍ਰਾਈਵੇਟ ਕੰਪਨੀ ਦੇ ਮੁਲਾਜ਼ਮ ਹਨ ਜਿਨਾਂ ਦਾ ਦਫਤਰ ਜਗਰਾਉਂ ਦੇ ਹਰੀ ਸਿੰਘ ਰੋਡ ਵਿਖੇ ਹੈ ਉਕਤ ਤਿੰਨੋ ਵਿਅਕਤੀ ਕੰਪਨੀ ਦੇ ਹੈਡ ਆਫਿਸ ਵੱਲੋਂ ਭੇਜੇ ਗਏ ਸਨ ਜਿਨਾਂ ਨੂੰ ਪੁਲਿਸ ਵੱਲੋਂ ਪੁੱਛਗਿੱਛ ਕਰਨ ਤੋਂ ਬਾਅਦ ਛੱਡ ਦਿੱਤਾ ਗਿਆ ਹੈ। ਜਦੋਂ ਉਹਨਾਂ ਤੋਂ ਉਕਤ ਵਿਅਕਤੀਆਂ ਦੇ ਵਿਜਲੈਂਸ ਅਧਿਕਾਰੀ ਦੱਸਣ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਇਸ ਬਾਰੇ ਪੁੱਛ ਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਉਕਤ ਵਿਅਕਤੀ ਜੋ ਖੁਦ ਨੂੰ ਵਿਜੀਲੈਂਸ ਅਧਿਕਾਰੀ ਦੱਸ ਰਹੇ ਸਨ ਉਹ ਪ੍ਰਾਈਵੇਟ ਕੰਪਨੀ ਵੱਲੋਂ ਬਣਾਈ ਗਈ ਵਿਜੀਲੈਂਸ ਟੀਮ ਹੈ। ਉਹਨਾਂ ਦੱਸਿਆ ਕਿ ਇੱਕ ਔਰਤ ਵੱਲੋਂ ਇੱਕ ਹੋਰ ਔਰਤ ਰਾਜ ਕੌਰ ਦੇ ਦਸਤਾਵੇਜਾਂ ਦੀ ਵਰਤੋਂ ਕਰਦੇ ਹੋਏ ਪ੍ਰਾਈਵੇਟ ਕੰਪਨੀ ਤੋਂ ਲੋਨ ਕਰਵਾ ਕੇ ਪੈਸੇ ਕਢਾ ਕੇ ਵਰਤ ਲਏ ਗਏ ਅਤੇ ਕੰਪਨੀ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਲੋਨ ਲੈਣ ਵਾਲੀ ਔਰਤ ਦੀ ਮੌਤ ਹੋ ਚੁੱਕੀ ਹੈ ਜਿਸ ਤੋਂ ਬਾਅਦ ਲੋਨ ਦੇਣ ਵਾਲੀ ਕੰਪਨੀ ਦੇ ਮੁਲਾਜ਼ਮ ਇਸ ਜਾਣਕਾਰੀ ਨੂੰ ਵੈਰੀਫਾਈ ਕਰਨ ਲਈ ਪਹੁੰਚੇ ਸੀ। ਉਹਨਾਂ ਦੱਸਿਆ ਕਿ ਇਸ ਮਾਮਲੇ ਚ ਪਹਿਲਾਂ ਹੀ ਇੱਕ ਦਰਖਾਸਤ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਹੈ ਜੋ ਕਿ ਡੀ.ਐਸ.ਪੀ ਸਪੈਸ਼ਲ ਬਰਾਂਚ ਨੂੰ ਮਾਰਕ ਹੋਈ ਹੈ ਅਤੇ ਉਹਨਾਂ ਵੱਲੋਂ ਇਸ ਮਾਮਲੇ ਵਿੱਚ ਜਾਂਚ ਕੀਤੀ ਜਾਵੇਗੀ।