ETT 5994 ਭਰਤੀ ਨੂੰ ਬੈਕਲੋਗ ਸਮੇਤ ਮੁਕੰਮਲ ਕੀਤਾ ਜਾਵੇ: ਡੀ.ਟੀ.ਐੱਫ.
117 ਦਿਨਾਂ ਤੋਂ ਮੋਹਾਲੀ ਧਰਨੇ 'ਤੇ ਡਟੇ ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ਦੀ ਡੀ.ਟੀ.ਐੱਫ. ਵੱਲੋਂ ਹਮਾਇਤ
ਫਿਰੋਜ਼ਪੁਰ 19 ਦਸੰਬਰ 2025 : ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ 'ਸਿੱਖਿਆ ਕ੍ਰਾਂਤੀ' ਦੇ ਦਾਅਵਿਆਂ ਦੇ ਵਿਚਕਾਰ ਪਿਛਲੀ ਸਰਕਾਰ ਵੇਲੇ ਦੀ ਜਾਰੀ ਹੋਈ 5994 ਈਟੀਟੀ ਅਸਾਮੀਆਂ ਦੀ ਭਰਤੀ ਹਾਲੇ ਬੈਕਲਾਗ ਸਮੇਤ ਮੁਕੰਮਲ ਨਹੀਂ ਹੋਈ ਹੈ। ਇਸ ਸਬੰਧੀ 5994 ਈਟੀਟੀ ਅਸਾਮੀਆਂ ਲਈ ਯੋਗ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਪਿਛਲੇ 117 ਦਿਨਾਂ ਤੋਂ ਵਿਦਿਆ ਭਵਨ ਮੋਹਾਲੀ ਵਿਖੇ ਅਣਮਿੱਥੇ ਸਮੇਂ ਦਾ ਮੋਰਚਾ ਲਗਾਇਆ ਹੋਇਆ ਹੈ। ਅੱਜ ਇਸ ਵਿੱਚ ਡੈਮੋਕ੍ਰੈਟਿਕ ਟੀਚਰਜ ਫਰੰਟ (ਡੀ.ਟੀ.ਐੱਫ.) ਦੇ ਵਫਦ ਵੱਲੋਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਅਗਵਾਈ ਵਿੱਚ ਸ਼ਮੂਲੀਅਤ ਕੀਤੀ ਗਈ ਅਤੇ ਪੰਜਾਬ ਸਰਕਾਰ ਨੂੰ 'ਕਥਨੀ ਤੇ ਕਰਨੀ ਵਿੱਚ ਵੱਡਾ ਅੰਤਰ' ਰੱਖਣ ਵਾਲੀ ਕਰਾਰ ਦਿੰਦੇ ਹੋਏ ਇਸ ਭਰਤੀ ਨੂੰ ਮੁਕੰਮਲ ਕਰਨ ਦੀ ਮੰਗ ਦਾ ਜੋਰਦਾਰ ਸਮਰਥਨ ਕੀਤਾ ਗਿਆ।ਇੱਥੇ ਇਹ ਵੀ ਜ਼ਿਕਰ ਯੋਗ ਹੈ ਕਿ ਅਧਿਆਪਕ ਜਥੇਬੰਦੀਆਂ ਵੱਲੋਂ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਪ੍ਰਾਇਮਰੀ ਸਕੂਲਾਂ ਵਿੱਚ ਜਮਾਤਾਂ ਦੀ ਗਿਣਤੀ ਅਨੁਸਾਰ ਅਧਿਆਪਕਾਂ ਦੀ ਉਪਲਬਧਤਾ ਯਕੀਨੀ ਬਣਾਈ ਜਾਵੇ ਤਾਂ ਜੋ ਪ੍ਰਾਇਮਰੀ ਸਿੱਖਿਆ ਦਾ ਮਿਆਰ ਉੱਚਾ ਉੱਠ ਸਕੇ। ਇਸ ਮੌਕੇ ਗੱਲਬਾਤ ਕਰਦੇ ਹੋਏ ਡੀਟੀਐਫ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਮਲਕੀਤ ਸਿੰਘ ਹਰਾਜ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ,ਸਰਬਜੀਤ ਸਿੰਘ ਭਾਵੜਾ ਸੂਬਾ ਕਮੇਟੀ ਮੈਂਬਰ, ਰੁਪਿੰਦਰ ਪਾਲ ਗਿੱਲ ਜ਼ਿਲਾ ਸਕੱਤਰ ਲੁਧਿਆਣਾ ਅਤੇ ਡੀ.ਟੀ.ਐੱਫ. ਮੋਹਾਲੀ ਦੇ ਆਗੂ ਪ੍ਰਦੀਪ ਕੁਮਾਰ ਬਾਂਸਲ ਨੇ ਦੱਸਿਆ ਕਿ ਈਟੀਟੀ 5994 ਅਧਿਆਪਕਾਂ ਦੀ ਭਰਤੀ ਵਿੱਚੋਂ ਹਾਲੇ ਤੱਕ ਕੇਵਲ 2640 ਉਮੀਦਵਾਰਾਂ ਨੂੰ ਹੀ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਹਨ, ਜਦੋਂ ਕਿ 3354 ਅਸਾਮੀਆਂ ਹਾਲੇ ਵੀ ਖਾਲੀ ਹਨ।
ਪੰਜਾਬ ਸਰਕਾਰ ਦੀ ਸਿੱਖਿਆ ਪ੍ਰਤੀ ਅਜਿਹੀ ਗੈਰ ਸੁਹਿਰਦਤਾ ਕਾਰਨ ਬੇਰੁਜ਼ਗਾਰ ਅਧਿਆਪਕਾਂ ਨੂੰ ਗਰਮੀ, ਬਰਸਾਤਾਂ ਅਤੇ ਠੰਡੀਆਂ ਰਾਤਾਂ ਸੜਕਾਂ ਉੱਪਰ ਬਿਤਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਡੀਟੀਐਫ ਆਗੂਆਂ ਨੇ ਮੰਗ ਕੀਤੀ ਕਿ ਈਟੀਟੀ 5994 ਭਰਤੀ ਵਿੱਚੋਂ ਬੈਕਲੋਗ ਦੀਆਂ ਅਸਾਮੀਆਂ ਨੂੰ ਸੰਬੰਧਿਤ ਕੈਟਾਗਰੀ ਵਿੱਚ ਡੀ-ਰਿਜਰਵ ਕਰਕੇ ਭਰਤੀ ਦੀ ਅਗਲੀ ਪ੍ਰਕਿਰਿਆ ਨੂੰ ਸ਼ੁਰੂ ਕੀਤਾ ਜਾਵੇ। ਜਿਹੜੇ ਉਮੀਦਵਾਰ ਸਕਰੂਟਨੀ ਕਰਵਾ ਚੁੱਕੇ ਹਨ ਪਰ ਉਹਨਾਂ ਨੂੰ ਹਾਲੇ ਤੱਕ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਗਏ, ਉਹਨਾਂ ਨੂੰ ਵੀ ਜਲਦ ਤੋਂ ਜਲਦ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ। ਆਗੂਆਂ ਨੇ ਅੱਗੇ ਮੰਗ ਕੀਤੀ ਕਿ ਇਸ ਈਟੀਟੀ ਭਰਤੀ ਦੀ ਰਹਿੰਦੀ ਸਿਕਰੂਟਨੀ ਜਲਦ ਤੋਂ ਜਲਦ ਕਰਵਾਈ ਜਾਵੇ ਤਾਂ ਜੋ ਪ੍ਰਾਇਮਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਪੂਰੀ ਹੋ ਸਕੇ ਅਤੇ ਬੇਰੁਜ਼ਗਾਰਾਂ ਨੂੰ ਪੱਕਾ ਰੁਜ਼ਗਾਰ ਮਿਲ ਸਕੇ। ਇਸ ਮੌਕੇ ਈਟੀਟੀ 5994 ਯੂਨੀਅਨ ਦੇ ਆਗੂ ਅਜੀਤ ਸਿੰਘ ਮਾਨਸਾ, ਜਸਵੀਰ ਬੁਢਲਾਡਾ, ਦੀਪਕ ਅਬੋਹਰ ,ਅਰਸ਼ਦੀਪ ਮੁਕਤਸਰ, ਓਂਕਾਰ ਘੁਬਾਇਆ ,ਸੁਰਿੰਦਰ ਜਲਾਲਾਬਾਦ ਅਤੇ ਉਨ੍ਹਾਂ ਦੇ ਸਾਥੀਆਂ ਤੋਂ ਇਲਾਵਾ ਵਰਿੰਦਰਪਾਲ ਸਿੰਘ ਫਿਰੋਜ਼ਪੁਰ ਅਤੇ ਡੀਟੀਐੱਫ ਆਗੂ ਡਾ. ਰਵਿੰਦਰ ਕੰਬੋਜ ਵੀ ਮੌਜੂਦ ਰਹੇ।