ਸੰਯੁਕਤ ਕਿਸਾਨ ਮੋਰਚੇ ਵੱਲੋਂ ਬਿਜਲੀ ਬਿੱਲ ਸਮੇਤ ਵੱਖ-ਵੱਖ ਮੁੱਦਿਆਂ ਤੇ ਸੰਘਰਸ਼ ਵਿੱਢਣ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ, 15 ਦਸੰਬਰ 2025: ਸੰਯੁਕਤ ਕਿਸਾਨ ਮੋਰਚਾ ਪੰਜਾਬ ਅਤੇ ਭਰਾਤਰੀ ਜਥੇਬੰਦੀਆਂ ਦੇ ਸਾਂਝੇ ਫੈਸਲੇ ਅਨੁਸਾਰ ਅੱਜ ਬਠਿੰਡਾ ਵਿਖੇ ਕਿਸਾਨ, ਮਜ਼ਦੂਰ, ਮੁਲਾਜ਼ਮ, ਠੇਕਾ ਮੁਲਾਜ਼ਮ ਅਤੇ ਵਿਦਿਆਰਥੀ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਬਲਕਰਨ ਸਿੰਘ ਬਰਾੜ ਸੂਬਾ ਜਨਰਲ ਸਕੱਤਰ ਕੁੱਲ ਹਿੰਦ ਕਿਸਾਨ ਸਭਾ ਦੀ ਪ੍ਰਧਾਨਗੀ ਹੇਠ ਟੀਚਰਜ ਹੋਮ ਬਠਿੰਡਾ ਵਿਖੇ ਹੋਈ । ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਬਿਜਲੀ ਵਰਗੀ ਜਰੂਰੀ ਸਹੂਲਤ ਆਮ ਲੋਕਾਂ ਤੋਂ ਖੋਹਣ ਉੱਪਰ ਤੁਲੀ ਹੋਈ ਹੈ। ਉਹ ਬਿਜਲੀ ਬਿੱਲ 2025 ਲਿਆ ਕੇ ਜਿੱਥੇ ਬਿਜਲੀ ਦਾ ਕੇਂਦਰੀਕਰਨ ਕਰਨਾ ਚਾਹੁੰਦੀ ਹੈ,ਉੱਥੇ ਬਿਜਲੀ ਦਾ ਸਮੁੱਚਾ ਢਾਂਚਾ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਜਾ ਰਹੀ ਹੈ। ਸਰਕਾਰ ਦੇ ਇਹਨਾਂ ਕਦਮਾਂ ਨਾਲ ਨਾ ਕੇਵਲ ਬਿਜਲੀ ਮਹਿੰਗੀ ਹੋਵੇਗੀ,ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ । ਸੀਡ ਐਕਟ ਲਿਆ ਕੇ ਸਰਕਾਰ ਪੂਰਾ ਖੇਤੀ ਬਾਜ਼ਾਰ ਕਾਰਪੋਰੇਟ ਘਰਾਣਿਆਂ ਨੂੰ ਸੌਂਪਣਾ ਚਾਹੁੰਦੀ ਹੈ ਜਿਸ ਨਾਲ ਬੀਜ ਕਿਸਾਨੀ ਦੀ ਪਹੁੰਚ ਤੋਂ ਬਾਹਰ ਹੋ ਜਾਵੇਗਾ।
ਉਹਨਾਂ ਕਿਹਾ ਕਿ ਪ੍ਰਾਈਵੇਟ ਬੀਜ ਕੰਪਨੀਆਂ ਖੇਤੀ ਖੋਜ ਅਤੇ ਵਪਾਰ ਉੱਪਰ ਕਾਬਜ਼ ਹੋ ਕੇ ਕਿਸਾਨੀ ਦੀ ਅੰਨੇ ਵਾਹ ਲੁੱਟ ਕਰਨਗੀਆਂ ।ਪੰਜਾਬ ਸਰਕਾਰ ਵੱਲੋਂ ਸਰਕਾਰੀ ਜਮੀਨਾਂ ਵੇਚਣ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਇਹ ਫੈਸਲੇ ਤੁਰੰਤ ਵਾਪਸ ਲਵੇ ਨਹੀਂ ਤਾਂ ਵੱਡੇ ਲੋਕ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੇ ।ਮੀਟਿੰਗ ਵੱਲੋਂ ਕੇਂਦਰ ਸਰਕਾਰ ਵੱਲੋਂ ਮਜ਼ਦੂਰਾਂ ਅਤੇ ਮੁਲਾਜ਼ਮਾ ਉੱਪਰ ਠੋਸੇ ਜਾ ਰਹੇ ਚਾਰ ਲੇਬਰ ਕੋਡ ਜੋ ਕਿ ਮਜ਼ਦੂਰਾਂ ਦੇ ਹੱਕ ਤੇ ਹਕੂਕ ਖਤਮ ਕਰਨ ਵਾਲੇ ਹਨ, ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ। ਅੱਜ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਕਿ ਬਿਜਲੀ ਬਿੱਲ ਪਾਰਲੀਮੈਂਟ ਵਿੱਚ ਪੇਸ਼ ਹੋਣ ਤੋਂ ਅਗਲੇ ਦਿਨ ਬਠਿੰਡਾ ਜ਼ਿਲ੍ਹਾ ਵਿੱਚ ਪੈਂਦੇ ਚਾਰ ਟੋਲ ਪਲਾਜੇ ਬੱਲੂਆਣਾ, ਜੀਦਾ,ਲਹਿਰਾ ਬੇਗਾ ਅਤੇ ਸ਼ੇਖਪੁਰਾ 12 ਤੋਂ 3 ਵਜੇ ਤੱਕ ਫਰੀ ਕੀਤੇ ਜਾਣਗੇ । ਇਸ ਤਰ੍ਹਾਂ 30 ਅਤੇ 31 ਦਸੰਬਰ ਨੂੰ ਪੂਰੇ ਜ਼ਿਲੇ ਵਿੱਚ ਪਿੰਡ ਪਿੰਡ ਝੰਡਾ ਮਾਰਚ , ਮੀਟਿੰਗਾਂ ਅਤੇ ਰੈਲੀਆਂ ਕੀਤੀਆਂ ਜਾਣਗੀਆਂ,ਜਿਸ ਦੀ ਤਿਆਰੀ ਲਈ 26 ਦਸੰਬਰ ਨੂੰ ਜਿਲਾ ਪੱਧਰੀ ਮੀਟਿੰਗ ਟੀਚਰ ਹੋਮ ਬਠਿੰਡਾ ਵਿਖੇ ਹੋਵੇਗੀ ਅਤੇ 16 ਜਨਵਰੀ ਨੂੰ ਐਸ ਸੀ ਦਫਤਰ ਬਠਿੰਡਾ ਵਿਖੇ ਵਿਸ਼ਾਲ ਰੋਸ ਮੁਜਾਹਰਾ ਕੀਤਾ ਜਾਵੇਗਾ।
ਅੱਜ ਦੀ ਮੀਟਿੰਗ ਨੂੰ ਹਰਜਿੰਦਰ ਸਿੰਘ ਬੱਗੀ (ਸੁਬਾ ਆਗੂ) ਤੇ ਜਗਸੀਰ ਸਿੰਘ ਝੂੰਬਾ ਬੀਕੇਯੂ ਉਗਰਾਹਾਂ, ਬਲਦੇਵ ਸਿੰਘ ਭਾਈ ਰੂਪਾ( ਸੂਬਾ ਮੀਤ ਪ੍ਰਧਾਨ ) ਤੇ ਰਾਜ ਮਹਿੰਦਰ ਸਿੰਘ ਕੋਟਭਾਰਾ ਬੀਕੇਯੂ ਡਕੌਂਦਾ( ਬੁਰਜ ਗਿੱਲ) ਗੁਰਦੀਪ ਸਿੰਘ ਰਾਮਪੁਰਾ( ਸੂਬਾ ਮੀਤ ਪ੍ਰਧਾਨ) ਤੇ ਹਰਵਿੰਦਰ ਸਿੰਘ ਕੋਟਲੀ ਬੀਕੇਯੂ ਡਕੌਂਦਾ (ਧਨੇਰ) ਬਲਵਿੰਦਰ ਸਿੰਘ ਗੰਗਾ ਸੂਬਾ ਮੀਤ ਪ੍ਰਧਾਨ ਬੀਕੇਯੂ ਮਾਨਸਾ, ਜਗਜੀਤ ਸਿੰਘ ਕੋਟ ਸਮੀਰ ਸੂਬਾ ਆਗੂ ਬੀਕੇਯੂ ਮਾਲਵਾ, ਸੁਖਮੰਦਰ ਸਿੰਘ ਜਲਾਲ ਜ਼ਿਲਾ ਪ੍ਰਧਾਨ ਬੀਕੇਯੂ ਲੱਖੋਵਾਲ, ਸੁਖਮੰਦਰ ਸਿੰਘ ਧਾਲੀਵਾਲ ਜ਼ਿਲਾ ਪ੍ਰਧਾਨ ਜਮਹੂਰੀ ਕਿਸਾਨ ਸਭਾ, ਬਖ਼ਸ਼ੀਸ਼ ਸਿੰਘ ਖਾਲਸਾ ਜ਼ਿਲ੍ਹਾ ਆਗੂ ਕਿਰਤੀ ਕਿਸਾਨ ਯੂਨੀਅਨ, ਜੋਰਾ ਸਿੰਘ ਨਸਰਾਲੀ ਸੂਬਾ ਪ੍ਰਧਾਨ ਖੇਤ ਮਜ਼ਦੂਰ ਯੂਨੀਅਨ, ਅਮੀ ਲਾਲ ਜ਼ਿਲ੍ਹਾ ਪ੍ਰਧਾਨ ਮਜ਼ਦੂਰ ਮੁਕਤੀ ਮੋਰਚਾ, ਮਿੱਠੂ ਸਿੰਘ ਘੁੱਦਾ ਜ਼ਿਲ੍ਹਾ ਆਗੂ ਪੰਜਾਬ ਖੇਤ ਮਜ਼ਦੂਰ ਸਭਾ, ਅਮਰੀਕ ਸਿੰਘ ਜਿਲਾ ਆਗੂ ਦਿਹਾਤੀ ਮਜ਼ਦੂਰ ਸਭਾ, ਜਸਪਾਲ ਸਿੰਘ ਬੰਗੀ ਸੂਬਾ ਪ੍ਰਧਾਨ ਡੀਟੀਐਫ ਅਤੇ ਮੁਲਾਜ਼ਮ ਆਗੂ ਸਿਕੰਦਰ ਸਿੰਘ ਧਾਲੀਵਾਲ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਵੱਡੀ ਗਿਣਤੀ ਆਗੂ ਹਾਜ਼ਰ ਸਨ। ਇਸ ਮੌਕੇ ਆਗੂਆਂ ਨੇ ਰਾਜਸਥਾਨ ਵਿੱਚ ਇਥਨੋਲ ਫੈਕਟਰੀ ਦਾ ਵਿਰੋਧ ਕਰਨ ਵਾਲਿਆਂ ਤੇ ਪੁਲਿਸ ਜਬਰ ਦੀ ਨਿਖੇਧੀ ਤੋਂ ਇਲਾਵਾ ਗ੍ਰਿਫਤਾਰ ਕੀਤੇ ਪੀਆਰਟੀਸੀ ਮੁਲਾਜ਼ਮਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ।