Donald Trump ਦਾ 'ਦਾਅਵਾ' ਫੇਲ੍ਹ! ਟੁੱਟ ਗਿਆ Ceasefire! ਇਨ੍ਹਾਂ ਦੋ ਦੇਸ਼ਾਂ ਵਿਚਾਲੇ ਮੁੜ ਸ਼ੁਰੂ ਹੋਈ ਜੰਗ
ਬਾਬੂਸ਼ਾਹੀ ਬਿਊਰੋ
ਬੈਂਕਾਕ/ਨੋਮ ਪੇਨ, 8 ਦਸੰਬਰ, 2025: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਕੁਝ ਮਹੀਨੇ ਪਹਿਲਾਂ ਜਿਨ੍ਹਾਂ ਦੋ ਗੁਆਂਢੀ ਦੇਸ਼ਾਂ ਵਿਚਾਲੇ ਜੰਗਬੰਦੀ ਕਰਵਾਈ ਗਈ ਸੀ, ਉੱਥੇ ਹੁਣ ਫਿਰ ਤੋਂ ਬਾਰੂਦ ਵਰ੍ਹਨ ਲੱਗਾ ਹੈ। ਦੱਸ ਦੇਈਏ ਕਿ ਸੋਮਵਾਰ ਨੂੰ ਥਾਈਲੈਂਡ (Thailand) ਅਤੇ ਕੰਬੋਡੀਆ (Cambodia) ਵਿਚਾਲੇ ਸਥਿਤੀ ਅਚਾਨਕ ਵਿਗੜ ਗਈ, ਜਦੋਂ ਥਾਈ ਫੌਜ ਨੇ ਸਰਹੱਦੀ ਇਲਾਕਿਆਂ ਵਿੱਚ ਹਵਾਈ ਹਮਲੇ ਸ਼ੁਰੂ ਕਰ ਦਿੱਤੇ। ਇਸ ਤਾਜ਼ਾ ਸੰਘਰਸ਼ ਨੇ ਅਕਤੂਬਰ ਵਿੱਚ ਹੋਏ ਉਸ ਸਮਝੌਤੇ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ, ਜਿਸਨੂੰ ਟਰੰਪ ਦੇ ਦਬਾਅ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਸਵੀਕਾਰ ਕੀਤਾ ਸੀ।
ਇੱਕ ਸੈਨਿਕ ਦੀ ਮੌਤ, ਲੋਕਾਂ ਨੂੰ ਕੱਢਿਆ ਜਾ ਰਿਹਾ ਸੁਰੱਖਿਅਤ
ਬਾਰਡਰ 'ਤੇ ਤਣਾਅ ਸਿਖਰ 'ਤੇ ਹੈ ਅਤੇ ਦੋਵੇਂ ਦੇਸ਼ ਇੱਕ-ਦੂਜੇ 'ਤੇ ਹਮਲਾ ਸ਼ੁਰੂ ਕਰਨ ਦਾ ਦੋਸ਼ ਲਗਾ ਰਹੇ ਹਨ। ਥਾਈ ਫੌਜ ਦੇ ਬੁਲਾਰੇ ਮੇਜਰ ਜਨਰਲ ਵਿੰਥਾਈ ਸੁਵਾਰੇ ਨੇ ਦੱਸਿਆ ਕਿ ਕੰਬੋਡੀਆਈ ਸੈਨਿਕਾਂ ਨੇ ਥਾਈ ਖੇਤਰ ਵਿੱਚ ਪਹਿਲਾਂ ਗੋਲੀਬਾਰੀ ਕੀਤੀ।
ਇਸ ਹਮਲੇ ਵਿੱਚ ਉਨ੍ਹਾਂ ਦਾ ਇੱਕ ਜਵਾਨ ਮਾਰਿਆ ਗਿਆ ਅਤੇ ਚਾਰ ਹੋਰ ਜ਼ਖਮੀ ਹੋ ਗਏ। ਜਵਾਬ ਵਿੱਚ ਥਾਈਲੈਂਡ ਨੇ ਕੰਬੋਡੀਆਈ ਹਮਲਿਆਂ ਨੂੰ ਦਬਾਉਣ ਲਈ ਲੜਾਕੂ ਜਹਾਜ਼ਾਂ ਦੀ ਵਰਤੋਂ ਕੀਤੀ। ਪ੍ਰਭਾਵਿਤ ਇਲਾਕਿਆਂ ਤੋਂ ਨਾਗਰਿਕਾਂ ਨੂੰ ਰੈਸਕਿਊ ਕਰਕੇ ਸੁਰੱਖਿਅਤ ਥਾਵਾਂ 'ਤੇ ਭੇਜਿਆ ਜਾ ਰਿਹਾ ਹੈ।
ਦੂਜੇ ਪਾਸੇ, ਕੰਬੋਡੀਆ ਦੇ ਰੱਖਿਆ ਮੰਤਰਾਲੇ ਦੀ ਬੁਲਾਰਾ ਮਾਲੀ ਸੋਚਿਤਾ ਨੇ ਥਾਈਲੈਂਡ ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਥਾਈ ਫੌਜ ਨੇ ਪਹਿਲਾਂ ਉਨ੍ਹਾਂ ਦੇ ਸੈਨਿਕਾਂ 'ਤੇ ਹਮਲਾ ਕੀਤਾ।
ਟਰੰਪ ਦੀ 'ਸ਼ਾਂਤੀ ਯੋਜਨਾ' ਨੂੰ ਝਟਕਾ?
ਇਹ ਸੰਘਰਸ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਵੀ ਇੱਕ ਵੱਡਾ ਝਟਕਾ ਹੈ। ਜੁਲਾਈ ਵਿੱਚ ਹੋਈ ਲੜਾਈ ਤੋਂ ਬਾਅਦ ਅਕਤੂਬਰ ਵਿੱਚ ਟਰੰਪ ਨੇ ਦੋਵਾਂ ਦੇਸ਼ਾਂ ਵਿਚਾਲੇ ਸੀਜਫਾਇਰ ਕਰਵਾਇਆ ਸੀ। ਨਵੰਬਰ ਵਿੱਚ ਟਰੰਪ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਤਣਾਅ ਦੇ ਬਾਵਜੂਦ ਜੰਗ ਰੁਕਵਾ ਦਿੱਤੀ ਹੈ। ਉਹ ਇਸਦੇ ਲਈ ਕਈ ਵਾਰ ਨੋਬਲ ਪੁਰਸਕਾਰ ਦੀ ਦਾਅਵੇਦਾਰੀ ਵੀ ਪੇਸ਼ ਕਰ ਚੁੱਕੇ ਹਨ।
ਹਾਲਾਂਕਿ, ਪਿਛਲੇ ਮਹੀਨੇ ਲੈਂਡ ਮਾਈਨਜ਼ ਨਾਲ ਥਾਈ ਸੈਨਿਕਾਂ ਦੇ ਜ਼ਖਮੀ ਹੋਣ ਤੋਂ ਬਾਅਦ ਤੋਂ ਹੀ ਸੀਜਫਾਇਰ ਖ਼ਤਰੇ ਵਿੱਚ ਸੀ ਅਤੇ ਹੁਣ ਏਅਰਸਟ੍ਰਾਈਕ ਨੇ ਸਥਿਤੀ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ।