ਕੀ ਚੜ੍ਹਦੇ ਅਤੇ ਲਹਿੰਦੇ ਪੰਜਾਬ ਦਾ ਸੱਭਿਆਚਾਰ ਅਜੇ ਵੀ ਇੱਕ ਹੈ... ?-- ਸੰਦੀਪ ਕੁਮਾਰ
15 ਅਗਸਤ 1947 ਦਾ ਦਿਨ ਭਾਰਤ ਲਈ ਆਜ਼ਾਦੀ ਦਾ ਤਿਉਹਾਰ ਸੀ, ਪਰ ਪੰਜਾਬ ਲਈ ਉਹ ਦਿਨ ਇਤਿਹਾਸ ਦੀ ਸਭ ਤੋਂ ਵੱਡੀ ਤਰਾਸਦੀ ਬਣ ਗਿਆ। ਰੈਡਕਲਿਫ ਦੀ ਇੱਕ ਕਲਮ ਨੇ ਪੰਜਾਬ ਨੂੰ ਦੋ ਟੋਟੇ ਕਰ ਦਿੱਤਾ। ਇੱਕ ਹਿੱਸਾ ਭਾਰਤ ਵਿੱਚ ਰਿਹਾ, ਜਿਸ ਨੂੰ ਅਸੀਂ ਚੜ੍ਹਦਾ ਪੰਜਾਬ ਆਖਦੇ ਹਾਂ ਅਤੇ ਦੂਜਾ ਹਿੱਸਾ ਪਾਕਿਸਤਾਨ ਵਿੱਚ ਚਲਾ ਗਿਆ, ਜਿਸ ਨੂੰ ਲਹਿੰਦਾ ਪੰਜਾਬ ਜਾਂ ਪੱਛਮੀ ਪੰਜਾਬ ਕਹਿੰਦੇ ਹਨ। ਇਸ ਵੰਡ ਨੇ ਨਾ ਸਿਰਫ਼ ਜ਼ਮੀਨਾਂ, ਘਰ-ਵਸੇਰੇ ਅਤੇ ਪਰਿਵਾਰਾਂ ਨੂੰ ਵੰਡਿਆ, ਸਗੋਂ ਸਾਂਝੀ ਵਿਰਾਸਤ, ਸਾਂਝੇ ਸੱਭਿਆਚਾਰ ਅਤੇ ਸਾਂਝੇ ਇਤਿਹਾਸ ਨੂੰ ਵੀ ਦੋ ਧਿਰਾਂ ਵਿੱਚ ਵੰਡ ਦਿੱਤਾ। ਉਸ ਵੇਲੇ ਲੱਖਾਂ ਲੋਕ ਮਾਰੇ ਗਏ, ਹਜ਼ਾਰਾਂ ਔਲਾਦਾਂ ਯਤੀਮ ਹੋਈਆਂ, ਲੱਖਾਂ ਔਰਤਾਂ ਦੀ ਇੱਜ਼ਤ ਲੁੱਟੀ ਗਈ। ਪਰ ਇਸ ਸਾਰੇ ਦਰਦ ਵਿੱਚ ਵੀ ਇੱਕ ਗੱਲ ਸਾਨੂੰ ਤਸੱਲੀ ਦਿੰਦੀ ਸੀ ਕਿ ਸਾਡਾ ਸੱਭਿਆਚਾਰ, ਸਾਡੀ ਬੋਲੀ, ਸਾਡੇ ਗੀਤ-ਸੰਗੀਤ, ਸਾਡੇ ਤਿਉਹਾਰ ਤਾਂ ਇੱਕੋ ਜਿਹੇ ਰਹਿਣਗੇ। ਪਰ 78 ਸਾਲਾਂ ਬਾਅਦ, ਜਦੋਂ ਅਸੀਂ ਦੋਹਾਂ ਪਾਸਿਆਂ ਦੀ ਹਕੀਕਤ ਵੇਖਦੇ ਹਾਂ ਤਾਂ ਸਵਾਲ ਉੱਠਦਾ ਹੈ, ਕੀ ਅਸਲ ਵਿੱਚ ਚੜ੍ਹਦੇ ਅਤੇ ਲਹਿੰਦੇ ਪੰਜਾਬ ਦਾ ਸੱਭਿਆਚਾਰ ਅਜੇ ਵੀ ਇੱਕ ਹੈ?
ਇੱਕ ਸਮਾਂ ਸੀ ਜਦੋਂ ਪੰਜਾਬ ਦੀ ਵਿਰਾਸਤ ਸੱਚਮੁੱਚ ਸਾਂਝੀ ਸੀ। ਗੁਰੂ ਨਾਨਕ ਦੇਵ ਜੀ ਨੂੰ ਨਨਕਾਣਾ ਸਾਹਿਬ ਵਿੱਚ ਜਨਮਿਆ ਮੰਨਿਆ ਜਾਂਦਾ ਸੀ, ਜੋ ਅੱਜ ਪਾਕਿਸਤਾਨ ਵਿੱਚ ਹੈ। ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਕਰਤਾਰਪੁਰ ਵਿੱਚ ਰੱਖਿਆ ਸੀ, ਜੋ ਅੱਜ ਵੀ ਲਹਿੰਦੇ ਪੰਜਾਬ ਵਿੱਚ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਟਨਾ ਵਿੱਚ ਹੋਇਆ ਪਰ ਉਹਨਾਂ ਨੇ ਆਪਣਾ ਜੀਵਨ ਸ੍ਰੀ ਅਨੰਦਪੁਰ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿੱਚ ਬੀਤਾਇਆ। ਭਾਈ ਮਰਦਾਨਾ, ਭਾਈ ਲਾਲੋ, ਇਹ ਸਾਰੇ ਸਾਂਝੇ ਸਨ। ਮਹਾਰਾਜਾ ਰਣਜੀਤ ਸਿੰਘ ਨੇ ਲਾਹੋਰ ਨੂੰ ਆਪਣੀ ਰਾਜਧਾਨੀ ਬਣਾਇਆ ਅਤੇ ਉਸ ਸਾਮਰਾਜ ਵਿੱਚ ਹਿੰਦੂ, ਮੁਸਲਮਾਨ, ਸਿੱਖ ਸਾਰੇ ਬਰਾਬਰ ਸਨ। ਉਸ ਵੇਲੇ ਪੰਜਾਬ ਦੇ ਲੋਕਾਂ ਨੇ ਮਿਲ ਕੇ ਮੁਗਲਾਂ, ਅਫਗਾਨਾਂ ਅਤੇ ਅੰਗਰੇਜ਼ਾਂ ਦਾ ਮੁਕਾਬਲਾ ਕੀਤਾ। ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਉਧਮ ਸਿੰਘ, ਲਾਲਾ ਲਾਜਪਤ ਰਾਏ, ਮਦਨ ਲਾਲ ਢੀਂਗਰਾ, ਇਹ ਸਾਰੇ ਪੰਜਾਬੀ ਕ੍ਰਾਂਤੀਕਾਰੀ ਸਨ, ਜਿਨ੍ਹਾਂ ਦਾ ਜਨਮ ਉਸ ਪੰਜਾਬ ਵਿੱਚ ਹੋਇਆ ਜੋ ਅੱਜ ਦੋ ਦੇਸ਼ਾਂ ਵਿੱਚ ਵੰਡਿਆ ਗਿਆ ਹੈ। ਉਹਨਾਂ ਦਾ ਸੁਪਨਾ ਇੱਕ ਆਜ਼ਾਦ, ਸਾਂਝਾ ਅਤੇ ਭਾਈਚਾਰੇ ਵਾਲਾ ਪੰਜਾਬ ਸੀ।
ਪਰ ਵੰਡ ਤੋਂ ਬਾਅਦ ਲਹਿੰਦੇ ਪੰਜਾਬ ਨੇ ਆਪਣਾ ਇਤਿਹਾਸ ਹੀ ਬਦਲ ਲਿਆ। ਜਿਸ ਮਹਾਰਾਜਾ ਰਣਜੀਤ ਸਿੰਘ ਨੂੰ ਸਾਡੇ ਲਈ “ਸ਼ੇਰ-ਏ-ਪੰਜਾਬ” ਕਿਹਾ ਜਾਂਦਾ ਹੈ, ਉਸੇ ਮਹਾਰਾਜੇ ਦਾ ਬੁੱਤ 2019 ਵਿੱਚ ਲਾਹੌਰ ਵਿੱਚ ਸ਼ਰੇਆਮ ਤੋੜ ਦਿੱਤਾ ਗਿਆ। ਲੋਕਾਂ ਨੇ ਉਸ ਬੁੱਤ ਦੀ ਬੇਅਦਬੀ ਕੀਤੀ ਅਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਈ। ਉਸੇ ਲਾਹੌਰ ਵਿੱਚ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਹੁੰਦਾ ਸੀ, ਅੱਜ ਉੱਥੇ ਮੁਹੰਮਦ ਬਿਨ ਕਾਸਿਮ, ਮਹਿਮੂਦ ਗ਼ਜ਼ਨਵੀ, ਮੁਹੰਮਦ ਗੌਰੀ ਅਤੇ ਔਰੰਗਜ਼ੇਬ ਵਰਗੇ ਆਕਰਮਣਕਾਰੀਆਂ ਦੀਆਂ ਤਾਰੀਫਾਂ ਵਾਲੇ ਬੋਰਡ ਲੱਗੇ ਹਨ। ਇਹਨਾਂ ਆਕਰਮਣਕਾਰੀਆਂ ਨੇ ਪੰਜਾਬ ਦੇ ਮੰਦਰ ਤੋੜੇ, ਲੋਕਾਂ ਨੂੰ ਕਤਲ ਕੀਤਾ, ਔਰਤਾਂ ਨੂੰ ਗੁਲਾਮ ਬਣਾਇਆ, ਪਰ ਅੱਜ ਪਾਕਿਸਤਾਨ ਵਿੱਚ ਇਹਨਾਂ ਨੂੰ ਹੀ “ਹੀਰੋ” ਮੰਨਿਆ ਜਾਂਦਾ ਹੈ। ਸਕੂਲਾਂ ਦੀਆਂ ਕਿਤਾਬਾਂ ਵਿੱਚ ਭਗਤ ਸਿੰਘ ਨੂੰ “ਕੱਟੜ” ਅਤੇ “ਦਹਿਸ਼ਤਗਰਦ” ਲਿਖਿਆ ਜਾਂਦਾ ਹੈ। ਉਧਮ ਸਿੰਘ ਨੂੰ “ਕਾਤਲ” ਕਿਹਾ ਜਾਂਦਾ ਹੈ। ਇਹ ਸਾਰਾ ਇਤਿਹਾਸ ਬਦਲ ਦਿੱਤਾ ਗਿਆ।
ਘੱਟਗਿਣਤੀ ਭਾਈਚਾਰਿਆਂ, ਖਾਸ ਕਰਕੇ ਸਿੱਖ ਅਤੇ ਹਿੰਦੂ ਭਾਈਚਾਰੇ ਨਾਲ ਜੋ ਵਿਤਕਰਾ ਹੋ ਰਿਹਾ ਹੈ, ਉਸ ਨਾਲ ਦਿਲ ਰੋਂਦਾ ਹੈ। ਸਾਲ 1947 ਵਿੱਚ ਲਹਿੰਦੇ ਪੰਜਾਬ ਵਿੱਚ ਹਿੰਦੂ-ਸਿੱਖ ਆਬਾਦੀ 22-25% ਸੀ। ਅੱਜ ਉਹ ਸਿਰਫ਼ 1-2% ਰਹਿ ਗਈ ਹੈ। ਹਰ ਸਾਲ ਸੈਂਕੜੇ ਸਿੱਖ ਅਤੇ ਹਿੰਦੂ ਲੜਕੀਆਂ ਨੂੰ ਅਗਵਾ ਕੀਤਾ ਜਾਂਦਾ ਹੈ, ਜਬਰੀ ਇਸਲਾਮ ਕਬੂਲ ਕਰਵਾਇਆ ਜਾਂਦਾ ਹੈ ਅਤੇ ਉਹਨਾਂ ਦੀਆਂ ਸ਼ਾਦੀਆਂ ਮੁਸਲਮਾਨ ਮਰਦਾਂ ਨਾਲ ਕਰਵਾ ਦਿੱਤੀਆਂ ਜਾਂਦੀਆਂ ਹਨ। ਤਾਜ਼ਾ ਮਿਸਾਲ ਸਰਬਜੀਤ ਕੌਰ ਦੀ ਹੈ, ਜੋ ਨਨਕਾਣਾ ਸਾਹਿਬ ਦਰਸ਼ਨਾਂ ਲਈ ਗਈ ਸੀ ਅਤੇ ਉੱਥੇ ਹੀ ਉਸ ਨੂੰ “ਨੂਰ ਹੁਸੈਨ” ਬਣਾ ਕੇ ਉਸ ਦਾ ਨਿਕਾਹ ਕਰਵਾ ਦਿੱਤਾ ਗਿਆ। ਜਦਕਿ ਪਾਕਿਸਤਾਨੀ ਸਰਕਾਰ ਜਾਂ ਸਾਡੇ ਲਹਿੰਦੇ ਪੰਜਾਬ ਦਾ ਭਾਈਚਾਰਾ ਚਾਹੁੰਦਾ ਤਾਂ ਇਸ ਮਸਲੇ ਨੂੰ ਸੰਜੀਦਗੀ ਨਾਲ ਸੁਲਝਾਅ ਸਕਦਾ ਸੀ ਅਤੇ ਸਰਬਜੀਤ ਕੌਰ ਨੂੰ ਵਾਪਿਸ ਭਾਰਤ ਭੇਜ ਸਕਦਾ ਸੀ, ਪਰ ਉਸ ਨੇ ਅਜਿਹਾ ਨਹੀਂ ਕੀਤਾ। ਇਹ ਇੱਕੋ-ਇੱਕ ਵਾਕਿਆ ਨਹੀਂ ਹੈ। ਹਰ ਸਾਲ ਅਜਿਹੇ ਸੈਂਕੜੇ ਮਾਮਲੇ ਸਾਹਮਣੇ ਆਉਂਦੇ ਹਨ ਪਰ “ਭਾਈਚਾਰੇ” ਦੇ ਨਾਮ ਤੇ ਚੁੱਪ ਰਹਿਣ ਵਾਲੇ ਬਹੁਤ ਹਨ।
ਇਸੇ ਤਰ੍ਹਾਂ ਭਾਰਤ-ਪਾਕਿਸਤਾਨ ਤਣਾਅ ਦੇ ਸਮੇਂ ਲਹਿੰਦੇ ਪੰਜਾਬ ਦੇ ਕਲਾਕਾਰਾਂ ਅਤੇ ਬੁੱਧੀਜੀਵੀਆਂ ਵੱਲੋਂ ਜੋ ਬਿਆਨਬਾਜ਼ੀ ਹੁੰਦੀ ਹੈ, ਉਹ ਵੀ ਬਹੁਤ ਦਰਦ ਦਿੰਦੀ ਹੈ। ਅਪਰੇਸ਼ਨ ਸਿੰਧੂਰ ਦੇ ਹਮਲੇ ਤੋਂ ਬਾਅਦ ਪਾਕਿਸਤਾਨੀ ਅਦਾਕਾਰ ਇਫ਼ਤਿਖ਼ਾਰ ਚੌਧਰੀ ਨੇ ਪੰਜਾਬੀਆਂ ਲਈ ਬਹੁਤ ਘਟੀਆ ਸ਼ਬਦ ਵਰਤੇ। ਉਸ ਨੇ ਸਾਡੇ ਲੋਕਾਂ ਲਈ "ਨਿਸਤੇ ਨਾਬੂਤ" ਕਰ ਦੇਣ ਵਰਗੇ ਸ਼ਬਦ ਕਹੇ। ਪਰ ਉਸੇ ਪਾਕਿਸਤਾਨੀ ਕਲਾਕਾਰਾਂ ਨੂੰ ਜਦੋਂ ਭਾਰਤ ਵਿੱਚ ਫਿਲਮਾਂ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਹ ਆ ਕੇ “ਪੰਜਾਬੀ ਭਾਈਚਾਰੇ” ਦੀਆਂ ਗੱਲਾਂ ਕਰਦੇ ਹਨ। ਦਲਜੀਤ ਦੋਸਾਂਝ ਦੀ ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾਂ ਨੂੰ ਲਿਆ ਗਿਆ ਸੀ ਅਤੇ ਫਿਲਮ ਬਹੁਤ ਹਿੱਟ ਹੋਈ, ਪਰ ਜਦੋਂ ਉਸੇ ਫਿਲਮ ਨੂੰ ਭਾਰਤ ਵਿੱਚ ਰਿਲੀਜ਼ ਕਰਨ ਦੀ ਗੱਲ ਆਈ ਤਾਂ ਕੁਝ ਲੋਕਾਂ ਨੇ ਵਿਰੋਧ ਕੀਤਾ। ਫਿਰ ਵੀ ਫਿਲਮ ਰਿਲੀਜ਼ ਹੋਈ ਅਤੇ ਕਮਾਈ ਕੀਤੀ। ਇਸ ਤਰ੍ਹਾਂ ਦੇ ਪ੍ਰੋਜੈਕਟ ਅਸਲ ਵਿੱਚ ਪੈਸੇ ਦੀ ਖ਼ਾਤਰ ਹੁੰਦੇ ਹਨ, ਭਾਈਚਾਰੇ ਦੀ ਖ਼ਾਤਰ ਨਹੀਂ। ਕਿਉਂਕਿ ਦੋਹਾਂ ਮੁਲਕਾਂ ਦੇ ਕਲਾਕਾਰਾਂ ਦੀ ਫੈਨ ਫੋਲਵਿੰਗ ਹੋਣ ਕਾਰਨ ਫਿਲਮ ਦੋਹਾਂ ਮੁਲਕਾਂ ਦੀ ਕਮਨਿਊਟੀ ਵੱਲੋਂ ਦੇਖੀ ਜਾਂਦੀ ਹੈ ਅਤੇ ਚੌਖੀ ਕਮਾਈ ਕੀਤੀ ਜਾਂਦੀ ਹੈ।
ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਕਈ ਬਲੌਗਰ ਅਤੇ ਯੂਟਿਊਬਰ ਪਾਕਿਸਤਾਨ ਜਾ ਕੇ ਰੀਲਾਂ ਬਣਾਉਂਦੇ ਹਨ। ਉਹ ਆਪਣੇ ਪੁਰਾਣੇ ਪਿੰਡਾਂ ਵਿੱਚ ਜਾਂਦੇ ਹਨ, ਲੋਕਾਂ ਨਾਲ ਗਲਵੱਕੜੀਆਂ ਪਾਉਂਦੇ ਹਨ, “ਯਾਰੀ” ਵਾਲੇ ਗੀਤ ਗਾਉਂਦੇ ਹਨ ਅਤੇ ਫੇਮ ਖੱਟਦੇ ਹਨ। ਪਰ ਇਹ ਸਾਰਾ ਕੁਝ ਸਿਰਫ਼ ਵਿਊਜ਼ ਅਤੇ ਪੈਸੇ ਦੀ ਖ਼ਾਤਰ ਹੁੰਦਾ ਹੈ। ਜਦੋਂ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਪਾਕਿਸਤਾਨੀ ਬਲੌਗਰ ਨਾਲ ਰੀਲ ਬਣਾਉਣ ਨਾਲ ਦੋਹਾਂ ਪਾਸਿਆਂ ਦੇ ਲੋਕ ਲਾਈਕ ਕਰਨਗੇ, ਤਾਂ ਉਹ ਤੁਰੰਤ ਤਿਆਰ ਹੋ ਜਾਂਦੇ ਹਨ। ਉਹਨਾਂ ਨੂੰ ਕੋਈ ਪੁਛਣ ਵਾਲਾ ਹੋਵੇ ਕਿ ਉਹਨਾਂ ਵੱਲੋਂ ਆਪਣੇ ਘੱਟ-ਗਿਣਤੀ ਨਾਲ ਸੰਬੰਧਿਤ ਭਾਈਚਾਰੇ ਦੇ ਲੋਕਾਂ ਦਾ ਤੁਸੀਂ ਕਿੰਨਾ ਹਾਲ-ਚਾਲ ਪੁਛਿਆ ਹੈ? ਕਿੰਨਾ ਉਹਨਾਂ ਦੀਆਂ ਦੁੱਖ ਤਕਲੀਫਾਂ ਨੂੰ ਸੋਸ਼ਲ ਮੀਡੀਆ ਤੇ ਰੀਲ ਬਣਾ ਕੇ ਦੱਸਿਆ ਹੈ? ਉਹ ਬਿਲਕੁੱਲ ਇਸ ਤਰ੍ਹਾਂ ਨਹੀਂ ਕਰਨਗੇ, ਕਿਉਂ ਉਹਨਾਂ ਦਾ ਮਕਸਦ ਫੈਨ ਫੋਲਵਿੰਗ ਵਧਾਉਣਾ ਹੁੰਦਾ ਹੈ ਨਾ ਕਿ ਆਪਣਾ ਨਿੱਜੀ ਨੁਕਸਾਨ ਕਰਨਾ। ਇਸਦੇ ਨਾਲ ਹੀ ਜਦੋਂ ਕੋਈ ਸਿੱਖ ਜਾਂ ਹਿੰਦੂ ਲੜਕੀ ਅਗਵਾ ਹੋ ਜਾਂਦੀ ਹੈ, ਜਾਂ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਤੋੜਿਆ ਜਾਂਦਾ ਹੈ, ਤਾਂ ਉਹ ਚੁੱਪ ਰਹਿੰਦੇ ਹਨ। ਇਹ ਦੋਗਲਾਪਣ ਹੈ।
ਅਸੀਂ ਭਾਵੁਕ ਹਾਂ, ਇਸ ਲਈ ਅਸੀਂ ਆਪਣੇ ਪੁਰਾਣੇ ਪਿੰਡਾਂ, ਆਪਣੇ ਪੁਰਾਤਨ ਗੁਰਧਾਮਾਂ ਨਾਲ ਪਿਆਰ ਕਰਦੇ ਹਾਂ। ਪਰ ਸੱਚਾਈ ਇਹ ਹੈ ਕਿ ਲਹਿੰਦਾ ਪੰਜਾਬ ਅੱਜ ਉਹ ਪੰਜਾਬ ਨਹੀਂ ਰਿਹਾ ਜਿਸ ਨੂੰ ਅਸੀਂ 1947 ਤੋਂ ਪਹਿਲਾਂ ਜਾਣਦੇ ਸਾਂ। ਉੱਥੇ ਦੀ ਸਰਕਾਰ, ਸਕੂਲਾਂ ਦੀਆਂ ਕਿਤਾਬਾਂ, ਮੀਡੀਆ ਅਤੇ ਧਾਰਮਿਕ ਨੇਤਾ ਸਾਰੇ ਇੱਕੋ ਗੱਲ ਸਿਖਾਉਂਦੇ ਹਨ, ਕਿ ਭਾਰਤ ਵੈਰੀ ਹੈ, ਹਿੰਦੂ-ਸਿੱਖ ਕਾਫ਼ਰ ਹਨ ਅਤੇ ਗ਼ਜ਼ਵਾ-ਏ-ਹਿੰਦ ਕਰਨਾ ਫ਼ਰਜ਼ ਹੈ। ਇਸ ਸੋਚ ਨੇ ਉੱਥੇ ਦੇ ਨੌਜਵਾਨਾਂ ਦੇ ਦਿਮਾਗ ਵਿੱਚ ਜਹਿਰ ਭਰ ਦਿੱਤਾ ਹੈ। ਇਸ ਲਈ ਜਦੋਂ ਵੀ ਮੌਕਾ ਮਿਲਦਾ ਹੈ, ਉਹ ਆਪਣੀ ਅਸਲ ਸੋਚ ਜ਼ਾਹਰ ਕਰ ਦਿੰਦੇ ਹਨ, ਭਾਵੇਂ ਉਹ ਬੁੱਤ ਤੋੜ ਕੇ ਹੋਵੇ, ਲੜਕੀਆਂ ਨੂੰ ਅਗਵਾ ਕਰ ਕੇ ਹੋਵੇ ਜਾਂ ਸੋਸ਼ਲ ਮੀਡੀਆ ਤੇ ਘਟੀਆ ਟਿੱਪਣੀਆਂ ਕਰ ਕੇ ਹੋਵੇ।
ਇਸ ਸਾਰੇ ਤਜਰਬੇ ਤੋਂ ਬਾਅਦ ਸਾਨੂੰ ਸਮਝ ਆਉਂਦੀ ਹੈ ਕਿ ਚੜ੍ਹਦੇ ਅਤੇ ਲਹਿੰਦੇ ਪੰਜਾਬ ਦਾ ਸੱਭਿਆਚਾਰ ਅੱਜ ਇੱਕ ਨਹੀਂ ਰਿਹਾ। ਬੋਲੀ, ਖਾਣ-ਪੀਣ, ਕੱਪੜੇ, ਗੀਤ ਤਾਂ ਅਜੇ ਵੀ ਮਿਲਦੇ-ਜੁਲਦੇ ਹਨ, ਪਰ ਮਾਨਸਿਕਤਾ, ਵਿਚਾਰਧਾਰਾ ਅਤੇ ਇਤਿਹਾਸ ਦੀ ਵਿਆਖਿਆ ਬਿਲਕੁਲ ਵੱਖਰੀ ਹੋ ਚੁੱਕੀ ਹੈ। ਜਿਸ ਦਿਨ ਲਹਿੰਦਾ ਪੰਜਾਬ ਮਹਾਰਾਜਾ ਰਣਜੀਤ ਸਿੰਘ, ਭਗਤ ਸਿੰਘ ਅਤੇ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਮਾਣ ਕਹਿਣ ਲੱਗ ਪਵੇਗਾ, ਜਿਸ ਦਿਨ ਉਹ ਘੱਟਗਿਣਤੀਆਂ ਨਾਲ ਬਰਾਬਰ ਦਾ ਵਿਹਾਰ ਕਰਨ ਲੱਗ ਪਵੇਗਾ, ਜਿਸ ਦਿਨ ਉਹ ਆਪਣੀਆਂ ਕਿਤਾਬਾਂ ਵਿੱਚੋਂ ਨਫ਼ਰਤ ਵਾਲੇ ਅਧਿਆਏ ਹਟਾਏਗਾ, ਉਸ ਦਿਨ ਫ਼ੇਰ ਸੱਚਮੁੱਚ ਸਾਡਾ ਉਹਨਾਂ ਨਾਲ ਭਾਈਚਾਰਾ ਬਣ ਸਕਦਾ ਹੈ। ਪਰ ਜਦੋਂ ਤੱਕ ਅਜਿਹਾ ਨਹੀਂ ਹੁੰਦਾ, ਉਦੋਂ ਤੱਕ ਇਹ “ਭਾਈ ਭਾਈ” ਵਾਲੀਆਂ ਗੱਲਾਂ ਸਿਰਫ਼ ਭਾਵੁਕਤਾ ਅਤੇ ਫੇਮ ਖੱਟਣ ਦਾ ਜਾਲ ਹਨ।
ਅਸੀਂ ਆਪਣੇ ਪੁਰਾਤਨ ਪੰਜਾਬ ਨਾਲ ਪਿਆਰ ਕਰਦੇ ਹਾਂ, ਉਸ ਦੀ ਯਾਦ ਨੂੰ ਸੰਭਾਲ ਕੇ ਰੱਖਦੇ ਹਾਂ, ਪਰ ਅਸੀਂ ਇਹ ਵੀ ਸਮਝਦੇ ਹਾਂ ਕਿ ਅੱਜ ਦਾ ਲਹਿੰਦਾ ਪੰਜਾਬ ਉਹ ਪੰਜਾਬ ਨਹੀਂ ਰਿਹਾ। ਇਸ ਲਈ ਆਪਣੇ ਦੇਸ਼ ਅਤੇ ਆਪਣੇ ਸੂਬੇ ਪ੍ਰਤੀ ਵਫ਼ਾਦਾਰ ਰਹਿਣਾ, ਆਪਣੇ ਇਤਿਹਾਸ ਦੀ ਰਾਖੀ ਕਰਨੀ ਅਤੇ ਆਪਣੀ ਨੌਜਵਾਨ ਪੀੜ੍ਹੀ ਨੂੰ ਸੱਚਾਈ ਦੱਸਣੀ, ਇਹ ਸਾਡੀ ਨੈਤਿਕ ਜ਼ਿੰਮੇਵਾਰੀ ਹੈ। ਸਾਂਝਾ ਪੰਜਾਬ ਸਾਡੇ ਦਿਲਾਂ ਵਿੱਚ ਹੈ, ਪਰ ਹਕੀਕਤ ਵਿੱਚ ਉਹ ਵੰਡਿਆ ਜਾ ਚੁੱਕਾ ਹੈ। ਅਸੀਂ ਉਸ ਸਾਂਝੇ ਪੰਜਾਬ ਦੀ ਯਾਦ ਨੂੰ ਜਿਉਂਦਾ ਰੱਖਾਂਗੇ, ਪਰ ਅੱਜ ਦੀ ਹਕੀਕਤ ਨੂੰ ਨਜ਼ਰਅੰਦਾਜ਼ ਨਹੀਂ ਕਰਾਂਗੇ।

liberalthinker1621@gmail.com
ਸੰਦੀਪ ਕੁਮਾਰ-7009807121
ਐਮ.ਏ ਜਰਨਲਿਜ਼ਮ, ਐਮ.ਏ ਮਨੋਵਿਗਿਆਨ
ਰੂਪਨਗਰ

-
ਸੰਦੀਪ ਕੁਮਾਰ, ਐਮ.ਏ ਜਰਨਲਿਜ਼ਮ, ਐਮ.ਏ ਮਨੋਵਿਗਿਆਨ
liberalthinker1621@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.