ਚੋਣ ਕਮਿਸ਼ਨ ਵੱਲੋਂ ‘ਬੁੱਕ ਏ ਕਾਲ ਵਿਦ ਬੀ.ਐਲ.ਓ.’ ਦੀ ਸ਼ੁਰੂਆਤ
ਵੋਟਰ ਸੂਚੀਆਂ ਨਾਲ ਸੰਬੰਧਤ ਮਸਲਿਆਂ ਦਾ ਹੋਵੇਗਾ ਫੌਰੀ ਨਿਪਟਾਰਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 10 ਅਕਤੂਬਰ,2025
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਵਿਚ ਲੋਕਾਂ ਅਤੇ ਵੋਟਰਾਂ ਦੀ ਸਹੂਲਤ ਲਈ ਵੋਟਰ ਸਰਵਿਸ ਪੋਰਟਲ ‘ਤੇ ਨਵੀਂ ਸਹੂਲਤ ‘ਬੁੱਕ ਏ ਕਾਲ ਵਿਦ ਬੀ.ਐਲ.ਓ.’ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਰਾਹੀਂ ਇੱਕ ਕਾਲ ਨਾਲ ਵੋਟਰ ਆਪਣੇ ਮਸਲੇ ਦਾ ਹੱਲ ਕਰਵਾ ਸਕੇਗਾ।
ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫਸਰ ਅੰਕੁਰਜੀਤ ਸਿੰਘ ਨੇ ਇਸ ਸੰਬੰਧੀ ਦੱਸਿਆ ਕਿ ਇਸ ਸਹੂਲਤ ਰਾਹੀਂ ਆਮ ਨਾਗਰਿਕਾਂ/ਵੋਟਰਾਂ ਨੂੰ ਵੋਟਰ ਸੂਚੀਆਂ ਸਬੰਧੀ ਆਪਣੇ ਮਸਲਿਆਂ ਦਾ ਹੱਲ ਬੂਥ ਲੈਵਲ ਅਫਸਰ ਪਾਸੋਂ ਕਾਲ ਰਾਹੀਂ ਕਰਵਾਇਆ ਜਾ ਸਕੇਗਾ । ਉਨ੍ਹਾਂ ਦੱਸਿਆ ਕਿ ਜਦੋਂ ਵੀ ਕੋਈ ਨਾਗਰਿਕ ਵੋਟਰ ਸਰਵਿਸ ਪੋਰਟਲ ‘ਤੇ ‘ਬੁੱਕ ਏ ਕਾਲ ਵਿਦ ਬੀ.ਐਲ.ਓ.’ ਆਪਸ਼ਨ ਰਾਹੀਂ ਕਾਲ ਬੁੱਕ ਕਰੇਗਾ ਤਾਂ ਬੀ.ਐਲ.ਓ ਅਤੇ ਪ੍ਰਾਰਥੀ ਦੋਵਾਂ ਨੂੰ ਇੱਕ ਟੈਕਸਟ ਮੈਸੇਜ ਪਹੁੰਚੇਗਾ, ਜਿਸ ਉਪਰੰਤ ਬੀ.ਐਲ.ਓ. ਪ੍ਰਾਰਥੀ ਨੂੰ ਫੋਨ ਕਰ ਕੇ ਉਸ ਦੀ ਸਮੱਸਿਆਵਾਂ ਦਾ ਹੱਲ ਕਰੇਗਾ।
ਜ਼ਿਲਾ ਚੋਣ ਅਫਸਰ ਨੇ ਦੱਸਿਆ ਕਿ ਮੈਸੇਜ ਪਹੁੰਚਣ ਤੋਂ ਬਾਅਦ ਕਾਲ ਰਿਕੁਐਸਟ ਆਪਸ਼ਨ ਵਿੱਚ ਜਾ ਕੇ ਕਾਨਟੈਕਟਿਡ ਬਟਨ ‘ਤੇ ਕਲਿੱਕ ਕਰਨ ਨਾਲ ਸਟੇਟਸ ਅੱਪਡੇਟ ਹੋਵੇਗਾ ਅਤੇ ਜੇਕਰ ਪ੍ਰਾਰਥੀ ਨੇ ਕਾਲ ਰਿਸੀਵ ਨਹੀ ਕੀਤੀ ਤਾਂ ਉਹ ਅਨਅਵੇਲਏਵਲ ਬਟਨ ‘ਤੇ ਕਲਿੱਕ ਕਰੇਗਾ। ਜ਼ਿਕਰਯੋਗ ਹੈ ਕਿ ਬੀ.ਐਲ.ਓ. ਵੱਲੋਂ ਰਿਸਪਾਂਸ ਕਰਨ ਮਗਰੋਂ ਈ.ਸੀ.ਆਈ. ਨੈਟ ‘ਤੇ ਰਿਪੋਰਟ ਅੱਪਡੇਟ ਹੋ ਜਾਵੇਗੀ ਅਤੇ ਉਸ ਦਾ ਇੱਕ ਮੈਸੇਜ ਸਬੰਧਤ ਪ੍ਰਾਰਥੀ ਨੂੰ ਵੀ ਜਾਵੇਗਾ। ਜ਼ਿਲ੍ਹਾ ਚੋਣ ਅਫਸਰ ਨੇ ਆਮ ਨਾਗਰਿਕਾਂ/ਵੋਟਰਾਂ ਨੂੰ ਚੋਣ ਕਮਿਸ਼ਨ ਵੱਲੋਂ ਜਾਰੀ ਸ਼ੋਸ਼ਲ ਮੀਡਿਆ ਪਲੇਟਫਾਰਮਾਂ ਨੂੰ ਫਾਲੋ ਕਰਨ ਦੀ ਅਪੀਲ ਕੀਤੀ ਤਾਂ ਜੋ ਉਹਨਾਂ ਨੂੰ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਤੇ ਗਤੀਵਿਧੀਆਂ ਬਾਰੇ ਨਾਲੋ-ਨਾਲ ਜਾਣਕਾਰੀ ਮਿਲ ਸਕੇ।