ਅੰਮ੍ਰਿਤਸਰ ਵਿਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਦੇ ਹੁਕਮ ਜਾਰੀ
ਰੋਸ ਰੈਲੀਆਂ ਅਤੇ ਧਰਨੇ-ਵਿਖਾਵਿਆਂ ਆਦਿ ’ਤੇ ਮੁਕੰਮਲ ਪਾਬੰਦੀ
ਅੰਮ੍ਰਿਤਸਰ, 10 ਅਕਤੂਬਰ 2025 : ਵਧੀਕ ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਸ੍ਰੀ ਰੋਹਿਤ ਗੁਪਤਾ ਨੇ ਭਾਰਤੀ ਨਾਗਰਿਕ ਸੁਰੱਕਸ਼ਾ ਸਹਿੰਤਾ, 2023 ਦੀ ਧਾਰਾ 163 ਬੀ.ਐਨ.ਐਸ.ਐਸ. ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਜਿਲ੍ਹਾ ਅੰਮ੍ਰਿਤਸਰ ਵਿੱਚ ਜਿਲ੍ਹਾ ਪੁਲਿਸ ਮੁੱਖੀ, ਅੰਮ੍ਰਿਤਸਰ (ਦਿਹਾਤੀ) ਦੇ ਅਧਿਕਾਰ ਖੇਤਰ ਵਿੱਚ ਪੈਂਦੇ ਥਾਣਿਆਂ ਅਧੀਨ ਪਿੰਡਾਂ ਕਸਬਿਆਂ ਵਿੱਚ ਪੰਜ ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ, ਰੋਸ ਰੈਲੀਆਂ, ਧਰਨਾ ਦੇਣ, ਮੀਟਿੰਗਾਂ ਕਰਨ, ਨਾਹਰੇ ਮਾਰਨ ਜਾਂ ਲਗਾਉਣ ਅਤੇ ਵਿਖਾਵਾ ਕਰਨ ਤੇ ਮੁਕੰਮਲ ਪਾਬੰਦੀ ਲਗਾਉਣ ਦਾ ਹੁਕਮ ਜਾਰੀ ਕੀਤਾ ਹੈ।
ਜਾਰੀ ਹੁਕਮ ਵਿਚ ਕਿਹਾ ਹੈ ਕਿ ਉਨਾਂ ਦੇ ਧਿਆਨ ਵਿਚ ਆਇਆ ਹੈ ਕਿ ਜਿਲ੍ਹਾ ਅੰਮ੍ਰਿਤਸਰ ਵਿਚ ਕੁੱਝ ਰਾਜਨੀਤਿਕ ਜਥੇਬੰਦੀਆਂ ਜ਼ਿਲਾ ਪੱਧਰ ’ਤੇ ਰੋਸ, ਧਰਨੇ ਰੈਲੀਆਂ ਅਤੇ ਮੁਜ਼ਾਹਰੇ ਕਰਨ ਦੀਆਂ ਯੋਜਨਾਵਾਂ ਬਣਾ ਰਹੀਆਂ ਹਨ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਉਤੇਜਿਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਜਿਸ ਨਾਲ ਸਰਕਾਰੀ ਅਤੇ ਗੈਰ-ਸਰਕਾਰੀ ਸੰਪਤੀ/ਜਾਇਦਾਦ ਦਾ ਨੁਕਸਾਨ ਹੋਣ ਅਤੇ ਅਮਨ ਅਤੇ ਕਾਨੂੰਨ ਦੀ ਸਥਿਤੀ ਵਿਗੜਨ ਦਾ ਡਰ ਬਣਿਆ ਰਹਿੰਦਾ ਹੈ। ਇਸ ਲਈ ਅਮਨ ਅਤੇ ਕਾਨੂੰਨ ਦੀ ਸਥਿਤੀ ਠੀਕ ਬਣਾਏ ਰੱਖਣ ਅਤੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨ ਵਾਸਤੇ ਤੇਜ਼ੀ ਨਾਲ ਉਪਰਾਲੇ ਕਰਨ ਦੀ ਲੋੜ ਹੈ।
ਇਹ ਹੁਕਮ 6 ਜਨਵਰੀ 2026 ਤੱਕ ਲਾਗੂ ਰਹੇਗਾ।
ਸਰਹੱਦ ’ਤੇ ਕੰਡਿਆਲੀ ਤਾਰ ਨੇੜ੍ਹੇ ਹਰ ਤਰ੍ਹਾਂ ਦੀ ਹਰਕਤ ’ਤੇ ਪਾਬੰਦੀ
ਵਧੀਕ ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਸ੍ਰੀ ਰੋਹਿਤ ਗੁਪਤਾ ਨੇ ਭਾਰਤੀ ਨਾਗਰਿਕ ਸੁਰੱਕਸ਼ਾ ਸਹਿੰਤਾ, 2023 ਦੀ ਧਾਰਾ 163 ਬੀ.ਐਨ.ਐਸ.ਐਸ. ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਅੰਮ੍ਰਿਤਸਰ ਵਿਚ ਜ਼ਿਲ੍ਹਾ ਪੁਲਿਸ ਮੁਖੀ ਅੰਮ੍ਰਿਤਸਰ (ਦਿਹਾਤੀ) ਦੇ ਅਧਿਕਾਰ ਖੇਤਰ ਵਿਚ ਪੈਂਦੇ ਥਾਣਿਆਂ ਅਧੀਨ ਭਾਰਤ-ਪਾਕਿ ਸੀਮਾ ਨਾਲ ਲੱਗਦੀ ਕੰਡਿਆਲੀ ਤਾਰ ਤੋਂ 500 ਮੀਟਰ ਦੇ ਘੇਰੇ ਅੰਦਰ ਰਾਤ 8:30 ਵਜੇ ਤੋਂ ਸਵੇਰੇ 5:00 ਵਜੇ ਤਕ ਹਰ ਤਰ੍ਹਾਂ ਦੀ ਹਰਕਤ ’ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।
ਹੁਕਮ ਵਿਚ ਕਿਹਾ ਗਿਆ ਹੈ ਕਿ ਜ਼ਿਲ੍ਹਾ ਅੰਮ੍ਰਿਤਸਰ ਵਿਚ ਆਉਂਦੀ ਭਾਰਤ-ਪਾਕਿ ਸੀਮਾ ’ਤੇ ਅਣਚਾਹੇ ਅਨਸਰਾਂ ਦੀ ਹਰਕਤ ਨਾਲ ਭਾਰਤ-ਪਾਕਿ ਬਾਰਡਰ ਦੀ ਸੁਰੱਖਿਆ, ਦੇਸ਼ ਦੇ ਅਮਨ-ਚੈਨ ਅਤੇ ਸ਼ਾਂਤੀ ਨੂੰ ਖ਼ਤਰੇ ਦੀ ਸੰਭਾਵਨਾ ਹੈ, ਜਿਸ ਕਾਰਨ ਅਮਨ ਅਤੇ ਕਾਨੂੰਨ ਦੀ ਸਥਿਤੀ ਵਿਗੜਨ ਦਾ ਡਰ ਬਣਿਆ ਰਹਿੰਦਾ ਹੈ। ਇਸ ਲਈ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਅਤੇ ਰੋਕਥਾਮ ਲਈ ਭਾਰਤ-ਪਾਕਿ ਸੀਮਾ ਨਾਲ ਲੱਗਦੀ ਕੰਡਿਆਲੀ ਤਾਰ ਤੋ 500 ਮੀਟਰ ਘੇਰੇ ਅੰਦਰ ਰਾਤ 8:30 ਵਜੇ ਤੋਂ ਸਵੇਰੇ 5:00 ਵਜੇ ਤਕ ਹਰ ਤਰ੍ਹਾਂ ਦੀ ਹਰਕਤ ਕਰਨ ’ਤੇ ਮਨਾਹੀ ਦੇ ਹੁਕਮ ਜਾਰੀ ਕੀਤਾ ਜਾਣਾ ਲਾਜ਼ਮੀ ਹੈ।
ਇਹ ਹੁਕਮ 6 ਜਨਵਰੀ 2026 ਤੱਕ ਲਾਗੂ ਰਹੇਗਾ।
ਅਸਲ੍ਹਾ ਭੰਡਾਰ ਬਿਆਸ ਦੇ ਆਲੇ-ਦੁਆਲੇ ਜਲਨਸ਼ੀਲ ਪਦਾਰਥਾਂ ਦੀ ਵਰਤੋਂ ’ਤੇ ਪਾਬੰਦੀ
ਵਧੀਕ ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਸ੍ਰੀ ਰੋਹਿਤ ਗੁਪਤਾ ਨੇ ਭਾਰਤੀ ਨਾਗਰਿਕ ਸੁਰੱਕਸ਼ਾ ਸਹਿੰਤਾ, 2023 ਦੀ ਧਾਰਾ 163 ਬੀ.ਐਨ.ਐਸ.ਐਸ. ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਅਸਲ੍ਹਾ ਭੰਡਾਰ ਬਿਆਸ ਦੇ ਆਲੇ-ਦੁਆਲੇ 1000 ਵਰਗ ਗਜ਼ ਦੇ ਖੇਤਰ ਵਿਚ ਲੋਕਾਂ ਦੁਆਰਾ ਜਲਨਸ਼ੀਲ ਪਦਾਰਥਾਂ ਦੀ ਵਰਤੋਂ ਕਰਨ ਅਤੇ ਅਣਅਧਿਕਾਰਤ ਉਸਾਰੀਆਂ ’ਤੇ ਮੁਕੰਮਲ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।
ਹੁਕਮਾਂ ਵਿਚ ਕਿਹਾ ਗਿਆ ਹੈ ਕਿ ਇਹ ਧਿਆਨ ਵਿਚ ਆਇਆ ਹੈ ਕਿ ਜ਼ਿਲ੍ਹਾ ਅੰਮ੍ਰਿਤਸਰ ਵਿਚ ਅਸਲ੍ਹਾ ਭੰਡਾਰ ਬਿਆਸ ਦੇ ਆਲੇ-ਦੁਆਲੇ 1000 ਵਰਗ ਗਜ਼ ਦੇ ਖੇਤਰ ਵਿਚ ਲੋਕਾਂ ਦੁਆਰਾ ਜਲਨਸ਼ੀਲ ਪਦਾਰਥਾਂ ਦੀ ਵਰਤੋਂ ਕਰਨ ਅਤੇ ਅਣਅਧਿਕਾਰਤ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਕਿਸੇ ਅਣਸੁਖਾਵੀਂ ਘਟਨਾ ਦੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਇਸ ਲਈ ਮਨੁੱਖੀ ਜਾਨਾਂ ਅਤੇ ਸਰਕਾਰੀ ਜਾਇਦਾਦ ਨੂੰ ਬਚਾਉਣ ਦੇ ਮੰਤਵ ਲਈ ਅਸਲ੍ਹਾ ਭੰਡਾਰ ਬਿਆਸ ਦੇ ਆਲੇ-ਦੁਆਲੇ 1000 ਵਰਗ ਗਜ਼ ਦੇ ਖੇਤਰ ਵਿਚ ਜਲਨਸ਼ੀਲ ਪਦਾਰਥਾਂ ਦੀ ਵਰਤੋਂ ਕਰਨ ਅਤੇ ਅਣਅਧਿਕਾਰਤ ਉਸਾਰੀਆਂ ਨਾ ਕਰਨ ਲਈ ਤੇਜ਼ੀ ਨਾਲ ਉਪਰਾਲੇ ਕਰਨ ਦੀ ਲੋੜ ਹੈ।
ਇਹ ਪਾਬੰਦੀ ਦਾ ਹੁਕਮ 6 ਜਨਵਰੀ 2026 ਤੱਕ ਲਾਗੂ ਰਹੇਗਾ।
ਪੁਲੀਆਂ ਅਤੇ ਸੜਕਾਂ ’ਤੇ ਬਣੀ ਰੇਲਿੰਗ ਅਤੇ ਡਿਵਾਈਡਰ ਤੋੜਨ ’ਤੇ ਮੁਕੰਮਲ ਪਾਬੰਦੀ
ਵਧੀਕ ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਸ੍ਰੀ ਰੋਹਿਤ ਗੁਪਤਾ ਨੇ ਭਾਰਤੀ ਨਾਗਰਿਕ ਸੁਰੱਕਸ਼ਾ ਸਹਿੰਤਾ, 2023 ਦੀ ਧਾਰਾ 163 ਬੀ.ਐਨ.ਐਸ.ਐਸ. ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਜਿਲ੍ਹਾ ਅੰਮ੍ਰਿਤਸਰ ਵਿੱਚ ਪੁਲੀਆਂ ਅਤੇ ਸੜਕਾਂ ’ਤੇ ਬਣੀਆਂ ਰੇਲਿੰਗਾਂ ਤੋੜਨ ਅਤੇ ਸੜਕਾਂ ਦੀ ਉਸਾਰੀ ਜਾਂ ਫਲਾਈਓਵਰ ਨੂੰ ਪੱਕਾ ਕਰਦੇ ਸਮੇਂ ਬਣੇ ਡਿਵਾਈਡਰਾਂ ਨੂੰ ਤੋੜ ਕੇ ਆਰਜ਼ੀ ਤੌਰ ’ਤੇ ਰਸਤਾ ਕੱਢਣ ’ਤੇ ਮੁਕੰਮਲ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।
ਹੁਕਮਾਂ ਵਿਚ ਅੱਗੇ ਕਿਹਾ ਗਿਆ ਹੈ ਕਿ ਜ਼ਿਲ੍ਹਾ ਅੰਮ੍ਰਿਤਸਰ ਵਿਚ ਕਈ ਪੁਲੀਆਂ ਅਤੇ ਸੜਕਾਂ ਹਨ ਜੋ ਬਿਨਾਂ ਰੇਲਿੰਗ ਦੇ ਹਨ। ਇਸ ਤੋਂ ਇਲਾਵਾ ਕੁਝ ਲੋਕਾਂ/ਠੇਕੇਦਾਰਾਂ/ਮਹਿਕਮਿਆਂ ਵੱਲੋਂ ਫ਼ਸਲ ਦੀ ਕਟਾਈ ਸਬੰਧੀ ਮਸ਼ੀਨਾਂ/ਡਿੱਚ ਮਸ਼ੀਨਾਂ ਅਤੇ ਟਰਾਲੀਆਂ ਆਦਿ ਨੂੰ ਲਿਜਾਣ ਲਈ ਤੰਗ ਪੁਲੀਆਂ ’ਤੇ ਬਣੇ ਡਿਵਾਈਡਰਾਂ ਨੂੰ ਤੋੜਨ, ਪੁਲੀਆਂ ਜਾਂ ਸੜਕਾਂ ਦੀ ਉਸਾਰੀ ਜਾਂ ਫਲਾਈਓਵਰ ਨੂੰ ਪੱਕਾ ਕਰਦੇ ਸਮੇਂ ਸੜਕਾਂ ’ਤੇ ਬਣੇ ਡਿਵਾਈਡਰਾਂ ਨੂੰ ਤੋੜਨ ਅਤੇ ਆਰਜ਼ੀ ਤੌਰ ’ਤੇ ਰਸਤਾ ਕੱਢਣ ਕਰਕੇ ਦੁਰਘਟਨਾਵਾਂ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਲਈ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਤੇਜ਼ੀ ਨਾਲ ਉਪਰਾਲੇ ਕਰਨ ਦੀ ਲੋੜ ਹੈ।
ਇਹ ਪਾਬੰਦੀ ਦਾ ਹੁਕਮ 6 ਜਨਵਰੀ 2026 ਤੱਕ ਲਾਗੂ ਰਹੇਗਾ।
ਆਟੋ ਰਿਕਸ਼ਿਆਂ ’ਤੇ ਸਮਰੱਥਾ ਤੋਂ ਵੱਧ ਸਕੂਲੀ ਬੱਚੇ ਬਿਠਾਉਣ ’ਤੇ ਪਾਬੰਦੀ
ਵਧੀਕ ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਸ੍ਰੀ ਰੋਹਿਤ ਗੁਪਤਾ ਨੇ ਭਾਰਤੀ ਨਾਗਰਿਕ ਸੁਰੱਕਸ਼ਾ ਸਹਿੰਤਾ, 2023 ਦੀ ਧਾਰਾ 163 ਬੀ.ਐਨ.ਐਸ.ਐਸ. ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਜਿਲ੍ਹਾ ਅੰਮ੍ਰਿਤਸਰ ਵਿੱਚ ਕੋਈ ਵੀ ਵਾਹਨ/ਆਟੋ-ਰਿਕਸ਼ਾ ਚਾਲਕ ਸਮਰੱਥਾ ਤੋ ਵੱਧ ਬੱਚਿਆਂ ਨੂੰ ਸਕੂਲ ਵਿਚ ਲੈ ਕੇ ਨਹੀਂ ਜਾਵੇਗਾ। ਸਮੂਹ ਸਕਲੂਾਂ ਦੇ ਪ੍ਰਿੰਸੀਪਲ/ਹੈਡਮਾਸਟਰ ਇਹ ਯਕੀਨੀ ਬਣਾਉਣਗੇ ਕਿ ਉਹ ਆਪਣੇ ਪੱਧਰ ’ਤੇ ਮਾਪਿਆਂ ਨੂੰ ਇਸ ਸਬੰਧੀ ਜਾਗਰੂਕ ਕਰਨਗੇ। ਹੁਕਮਾਂ ਵਿਚ ਕਿਹਾ ਗਿਆ ਹੈ ਇਹ ਧਿਆਨ ਵਿਚ ਆਇਆ ਹੈ ਕਿ ਜ਼ਿਲ੍ਹਾ ਅੰਮ੍ਰਿਤਸਰ ਵਿਚ ਸਕੂਲਾਂ ਨੂੰ ਜਾਣ ਵਾਲੇ ਵਾਹਨ/ਆਟੋ ਰਿਕਸ਼ਾ ਵਾਲੇ ਸਮਰੱਥਾ ਤੋ ਵੱਧ ਬੱਚਿਆਂ ਨੂੰ ਸਕੂਲ ਵਿਚ ਲੈ ਕੇ ਜਾਂਦੇ ਹਨ, ਜਿਸ ਨਾਲ ਆਵਾਜਾਈ ਸਮੱਸਿਆ ਪੈਦਾ ਹੋਣ ਤੋਂ ਇਲਾਵਾ ਹਾਦਸਿਆਂ ਦਾ ਵੀ ਖ਼ਤਰਾ ਬਣਿਆ ਰਹਿੰਦਾ ਹੈ।
ਇਹ ਪਾਬੰਦੀ ਦਾ ਹੁਕਮ 6 ਜਨਵਰੀ 2026 ਤੱਕ ਲਾਗੂ ਰਹੇਗਾ।
ਵਧੀਕ ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਸ੍ਰੀ ਰੋਹਿਤ ਗੁਪਤਾ ਨੇ ਭਾਰਤੀ ਨਾਗਰਿਕ ਸੁਰੱਕਸ਼ਾ ਸਹਿੰਤਾ, 2023 ਦੀ ਧਾਰਾ 163 ਬੀ.ਐਨ.ਐਸ.ਐਸ. ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਜਿਲ੍ਹੇ ਦੇ ਦਿਹਾਤੀ ਏਰੀਏ ਵਿੱਚ ਚੱਲ ਰਹੇ ਮੈਰਿਜ ਪੈਲੇਸਾਂ ਵਿਚ ਹਥਿਆਰ ਆਦਿ ਲੈ ਕੇ ਆਉਣ ਅਤੇ ਹਵਾਈ ਫਾਇਰ ਕਰਨ ਅਤੇ ਸ਼ੋਸ਼ਲ ਮੀਡੀਆ ਵਿੱਚ ਅਜਿਹੀ ਕਾਰਵਾਈ ’ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।
ਜਾਰੀ ਹੁਕਮ ਵਿਚ ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਹੈ ਕਿ ਸੀਨੀਅਰ ਪੁਲਿਸ ਕਪਤਾਨ, ਅੰਮ੍ਰਿਤਸਰ (ਦਿਹਾਤੀ) ਨੇ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਹੈ ਕਿ ਕਾਫੀ ਗਿਣਤੀ ਵਿਚ ਮੈਰਿਜ ਪੈਲੇਸਾਂ, ਧਾਰਮਿਕ ਸਥਾਨਾਂ ਵਿਚ ਹੁੰਦੇ ਸਮਾਰੋਹਾਂ ਦੌਰਾਨ ਕਈ ਲੋਕਾਂ ਵੱਲੋਂ ਹਥਿਆਰ ਨਾਲ ਲੈ ਕੇ ਜਾਣਾ ਅਤੇ ਹਵਾਈ ਫਾਇਰ ਕਰਨਾ ਇਕ ਰਵਾਇਤ ਜਿਹੀ ਬਣ ਗਈ ਹੈ ਅਤੇ ਸ਼ੋਸਲ ਮੀਡੀਆ ਤੇ ਵੀ ਹਥਿਆਰਾਂ ਦੀ ਨੁਮਾਇਸ਼ ਕੀਤੀ ਜਾਂਦੀ ਹੈ, ਜਿਸ ਨਾਲ ਕਈ ਵਾਰ ਅਮਨ ਕਾਨੂੰਨ ਦੀ ਸਥਿਤੀ ਵਿਗੜਨ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਲਈ ਜ਼ਿਲ੍ਹਾ ਦਿਹਾਤੀ ਏਰੀਏ ਵਿਚ ਚੱਲ ਰਹੇ ਮੈਰਿਜ ਪੈਲੇਸਾਂ ਅੰਦਰ ਹਥਿਆਰ ਲੈ ਕੇ ਜਾਣ ਅਤੇ ਹਵਾਈ ਫਾਇਰ ਕਰਨ ’ਤੇ ਰੋਕ ਲਗਾਈ ਜਾਣੀ ਅਤਿ ਜ਼ਰੂਰੀ ਹੈ।