ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਨਾਲ ਸਮਝੌਤਾ ਨਹੀਂ ਕਰਾਂਗੇ: ਸੁਖਦੇਵ ਢੀਂਡਸਾ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 27 ਅਕਤੂਬਰ, 2021: ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਕੈਪਟਨ ਅਮਰਿੰਦਰ ਸਿੰਘ ਦੀ ਬਣਨ ਵਾਲੀ ਨਵੀਂ ਪਾਰਟੀ ਨਾਲ ਚੋਣ ਸਮਝੌਤਾ ਨਹੀਂ ਕਰੇਗੀ, ਕਿਉਂਕਿ ਕੈਪਟਨ ਪਹਿਲਾਂ ਹੀ ਬੀਐੱਸਐੱਫ ਦਾ ਘੇਰਾ ਵਧਾਉਣ ਦਾ ਸਮਰਥਨ ਕਰ ਚੁੱਕੇ ਹਨ। ਉਨ੍ਹਾਂ ਸਾਰੀਆਂ ਸਿਆਸੀ ਧਿਰਾਂ ਨੂੰ ਹਊਮੈ ਛੱਡ ਕੇ ਪੰਜਾਬ ਦੇ ਭਲੇ ਲਈ ਇੱਕਜੁੱਟ ਹੋਣ ਦਾ ਸੱਦਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਜੇ ਸਮੇਂ ਦੀ ਨਜ਼ਾਕਤ ਨੂੰ ਨਾ ਸਮਝਿਆ ਤਾਂ ਲੋਕ ਸਾਨੂੰ ਕਦੇ ਮੁਆਫ਼ ਨਹੀਂ ਕਰਨਗੇ। ਉਨਾਂ ਕਿਹਾ ਕਿ ਭਾਜਪਾ, ਬਾਦਲ ਦਲ ਤੇ ਕਾਂਗਰਸ ਪਾਰਟੀ ਦੇ ਕੂੜ ਪ੍ਰਚਾਰ ਨਾਲ ਨਜਿੱਠਣ ਲਈ ਹੇਠਲੇ ਪੱਧਰ ਤੱਕ ਜਾਣ ਦੀ ਲੋੜ ਹੈ ਕਿਉਂਕਿ ਭਾਜਪਾ ਤੇ ਬਾਦਲ ਨੇ ਕਿਸਾਨ ਸੰਘਰਸ਼ ਨੂੰ ਕਮਜ਼ੋਰ ਕਰਨ ਦੀ ਵਿਉਂਤ ਬਣਾਈ ਹੋਈ ਹੈ।
ਇਥੇ ਆਪਣੀ ਰਿਹਾਇਸ਼ ’ਤੇ ਗੱਲਬਾਤ ਦੌਰਾਨ ਸ੍ਰੀ ਢੀਂਡਸਾ ਨੇ ਕਿਹਾ ਕਿ ਮੌਜੂਦਾ ਸਿਆਸੀ ਹਾਲਾਤਾਂ ਨੂੰ ਅਨੁਸਾਰ ਉਹ ਦਾਅਵੇ ਨਾਲ ਕਹਿ ਸਕਦੇ ਹਨ ਕਿ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲੇਗਾ। ਇਸ ਕਰਕੇ ਚੋਣਾਂ ਤੋਂ ਪਹਿਲਾਂ ਹਮਖਿਆਲੀ ਸਿਆਸੀ ਧਿਰਾਂ ਦਾ ਗਠਜੋੜ ਹੋਰ ਵੀ ਜ਼ਰੂਰੀ ਬਣ ਜਾਂਦਾ ਹੈ। ਲੋਕ ਪੱਖੀ ਮਜਬੂਤ ਸਾਂਝਾ ਫਰੰਟ ਹੀ ਪੰਜਾਬ, ਸਿੱਖ ਤੇ ਕਿਸਾਨ ਵਿਰੋਧੀ ਤਾਕਤਾਂ ਨੂੰ ਹਰਾ ਸਕਦਾ ਹੈ।
ਸ੍ਰੀ ਢੀਂਡਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਰਿਊੜੀਆਂ ਵਾਂਗ ਟਿਕਟਾਂ ਵੰਡੀਆਂ ਜਾ ਰਹੀਆਂ ਹਨ। ਪਹਿਲਾਂ ਮਾਲੇਰਕੇਟਲਾ ਤੋਂ ਉਦਯੋਗਪਤੀ ਨੂੰ ਟਿਕਟ ਦੇਣ ਲਈ ਗਿਆ ਜਿਸ ਨੇ ਸਪੱਸ਼ਟ ਜਵਾਬ ਦੇ ਦਿੱਤਾ। ਉਸ ਮਗਰੋਂ ਉਦਯੋਗਪਤੀ ਦੀ ਫੈਕਟਰੀ ’ਚ ਕੰਮ ਕਰਦੇ ਮੁਲਾਜ਼ਮ ਨੂੰ ਹੀ ਟਿਕਟ ਦੇ ਦਿੱਤਾ, ਜਿਸ ਨੂੰ ਅਕਾਲੀ ਵਰਕਰਾਂ ਨੇ ਨਕਾਰ ਦਿੱਤਾ ਹੈ। ਇਸੇ ਤਰ੍ਹਾਂ ਸੰਗਰੂਰ ਹਲਕੇ ਤੋਂ ਅਮੀਰ ਘਰਾਣੇ ਨੂੰ ਟਿਕਟ ਦੇਣ ਗਏ, ਜਿਸ ਨੇ ਵੀ ਜਵਾਬ ਦੇ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਬਾਦਲ ਦਲ ਦੇ ਬਹੁਤ ਸਾਰੇ ਆਗੂ ਛੇਤੀ ਹੀ ਬਗਾਵਤ ਕਰਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲ ਜੁੜਨਗੇ।
ਇਸ ਮੌਕੇ ਅਜੀਤ ਸਿੰਘ ਚੰਦੂਰਾਈਆਂ, ਮੁਹੰਮਦ ਤੂਫੈਲ, ਗੁਰਜੀਵਨ ਸਿੰਘ ਸਰੋਦ ਜ਼ਿਲ੍ਹਾ ਪ੍ਰਧਾਨ ਮਾਲੇਰਕੋਟਲਾ, ਗੁਰਜੇਤ ਸਿੰਘ ਝਨੇੜੀ, ਭਰਪੂਰ ਸਿੰਘ ਧਨੌਲਾ, ਦਲਬਾਰਾ ਸਿੰਘ ਚਹਿਲ ਪ੍ਰਧਾਨ ਸਰਕਲ ਪ੍ਰਧਾਨ, ਸੁਰਿੰਦਰ ਸਿੰਘ ਵਾਲੀਆ, ਰਵਿੰਦਰ ਸਿੰਘ ਰੰਮੀ ਢਿੱਲੋਂ ਜਿਲ੍ਹਾ ਪ੍ਰਧਾਨ ਬਰਨਾਲਾ, ਕੇਵਲ ਸਿੰਘ ਜਲਾਨ, ਏ ਪੀ ਸਿੰਘ ਬਾਬਾ ਸਰਕਲ ਪ੍ਰਧਾਨ, ਜਸਵਿੰਦਰ ਸਿੰਘ ਖਾਲਸਾ ਅਤੇ ਗੁਰਮੀਤ ਸਿੰਘ ਜੌਹਲ ਮੌਜੂਦ ਸਨ।