Photo Credit- ScreenGrab
World Breaking: ਥਾਈਲੈਂਡ ਦੇ ਫੁਕੇਟ ’ਚ ਭਿਆਨਕ ਅੱਗ ਦਾ ਕਹਿਰ, 11 ਲੋਕਾਂ ਦੀ ਮੌਤ, 16 ਜ਼ਖ਼ਮੀ
ਬਾਬੂਸ਼ਾਹੀ ਬਿਊਰੋ
ਬੈਂਕਾਕ/ਫੁਕੇਟ, 16 ਨਵੰਬਰ, 2026 : ਥਾਈਲੈਂਡ ਦੇ ਵਿਸ਼ਵ ਪ੍ਰਸਿੱਧ ਸੈਰ-ਸਪਾਟਾ ਕੇਂਦਰ ਫੁਕੇਟ (Phuket) ਵਿੱਚ ਅੱਜ ਸੋਮਵਾਰ ਤੜਕੇ ਇੱਕ ਬੇਹੱਦ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਇੱਕ ਚਾਰ-ਮੰਜ਼ਿਲਾ ਵਪਾਰਕ ਇਮਾਰਤ ਵਿੱਚ ਲੱਗੀ ਭਿਆਨਕ ਅੱਗ ਦੀ ਲਪੇਟ ਵਿੱਚ ਆਉਣ ਕਾਰਨ 11 ਲੋਕ ਜ਼ਿੰਦਾ ਸੜ ਗਏ ਅਤੇ ਕਈ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇਸ ਭਿਆਨਕ ਅਗਨੀਕਾਂਡ ਨੇ ਪੂਰੇ ਇਲਾਕੇ ਵਿੱਚ ਹਫ਼ੜਾ-ਦਫ਼ੜੀ ਮਚਾ ਦਿੱਤੀ ਹੈ।
ਫੁਕੇਟ ਦੇ ਪਾਟੋਂਗ (Patong) ਖੇਤਰ ਦੇ ਇੱਕ ਪੁਲਿਸ ਅਧਿਕਾਰੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਇਹ ਅੱਗ ਸੋਮਵਾਰ ਸਵੇਰੇ ਤੜਕੇ ਕਰੀਬ 3:30 ਵਜੇ ਵਪਾਰਕ ਇਮਾਰਤ ਵਿੱਚ ਭੜਕੀ। ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ, ਪਰ ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਅੱਗ ਬੁਝਾਊ ਅਮਲੇ ਨੂੰ ਇਸ 'ਤੇ ਪੂਰੀ ਤਰ੍ਹਾਂ ਕਾਬੂ ਪਾਉਣ ਵਿੱਚ ਕਰੀਬ ਦੋ ਘੰਟੇ ਦਾ ਸਮਾਂ ਲੱਗ ਗਿਆ।
ਰਾਹਤ ਅਤੇ ਬਚਾਅ ਕਾਰਜਾਂ ਦੌਰਾਨ ਇਮਾਰਤ ਦੇ ਅੰਦਰੋਂ ਹੁਣ ਤੱਕ 11 ਲੋਕਾਂ ਦੀਆਂ ਝੁਲਸੀਆਂ ਹੋਈਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਦੋਂ ਕਿ ਜ਼ਖ਼ਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮੁੱਢਲੀ ਜਾਣਕਾਰੀ ਮੁਤਾਬਕ, ਮ੍ਰਿਤਕਾਂ ਵਿੱਚ ਥਾਈਲੈਂਡ ਅਤੇ ਮਿਆਂਮਾਰ ਦੇ ਨਾਗਰਿਕ ਸ਼ਾਮਲ ਦੱਸੇ ਜਾ ਰਹੇ ਹਨ। ਫਿਲਹਾਲ ਪ੍ਰਸ਼ਾਸਨ ਵੱਲੋਂ ਅੱਗ ਲੱਗਣ ਦੇ ਅਸਲ ਕਾਰਨਾਂ ਬਾਰੇ ਕੋਈ ਠੋਸ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ ਅਤੇ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ।
- Download Babushahi App
-
-