Delhi Airport ਨੇ ਜਾਰੀ ਕੀਤੀ Advisory, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ Update
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ, 19 ਦਸੰਬਰ: ਰਾਸ਼ਟਰੀ ਰਾਜਧਾਨੀ ਵਿੱਚ ਪੈ ਰਹੀ ਸੰਘਣੀ ਧੁੰਦ ਦਾ ਅਸਰ ਹੁਣ ਹਵਾਈ ਆਵਾਜਾਈ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ (Delhi International Airport) ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਰਾਹੀਂ ਯਾਤਰੀਆਂ ਲਈ ਇੱਕ ਜ਼ਰੂਰੀ ਸਲਾਹ ਜਾਰੀ ਕੀਤੀ ਹੈ। ਧੁੰਦ ਕਾਰਨ ਏਅਰਪੋਰਟ 'ਤੇ ਦ੍ਰਿਸ਼ਟੀ (ਵਿਜ਼ੀਬਿਲਟੀ) ਕਾਫੀ ਘੱਟ ਹੋ ਗਈ ਹੈ, ਜਿਸਦੇ ਚਲਦਿਆਂ ਉਡਾਣ ਸੰਚਾਲਨ ਅਜੇ 'ਕੈਟ ਥ੍ਰੀ' ਸਥਿਤੀਆਂ (CAT III Conditions) ਵਿੱਚ ਕੀਤਾ ਜਾ ਰਿਹਾ ਹੈ।
ਇਸਦਾ ਸਿੱਧਾ ਮਤਲਬ ਹੈ ਕਿ ਕੁਝ ਜਹਾਜ਼ਾਂ ਦੇ ਆਉਣ-ਜਾਣ ਵਿੱਚ ਦੇਰੀ ਹੋ ਸਕਦੀ ਹੈ ਜਾਂ ਸ਼ੈਡਿਊਲ ਵਿੱਚ ਗੜਬੜੀ ਆ ਸਕਦੀ ਹੈ।
ਯਾਤਰੀਆਂ ਨੂੰ ਦਿੱਤੀ ਗਈ ਇਹ ਸਲਾਹ
ਏਅਰਪੋਰਟ ਪ੍ਰਸ਼ਾਸਨ ਨੇ ਸਾਰੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਏਅਰਪੋਰਟ ਲਈ ਨਿਕਲਣ ਤੋਂ ਪਹਿਲਾਂ ਆਪਣੀ ਸਬੰਧਤ ਏਅਰਲਾਈਨ (Airlines) ਤੋਂ ਫਲਾਈਟ ਦੀ ਤਾਜ਼ਾ ਜਾਣਕਾਰੀ ਜ਼ਰੂਰ ਚੈੱਕ ਕਰ ਲੈਣ। ਐਡਵਾਈਜ਼ਰੀ ਵਿੱਚ ਦੱਸਿਆ ਗਿਆ ਹੈ ਕਿ ਫਿਲਹਾਲ ਅਰਾਈਵਲ ਅਤੇ ਡਿਪਾਰਚਰ (Arrivals and Departures) ਜਾਰੀ ਹਨ, ਪਰ ਇਹਤਿਆਤ ਵਜੋਂ ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ।
ਯਾਤਰੀਆਂ ਦੀ ਸਹਾਇਤਾ ਲਈ ਟਰਮੀਨਲਾਂ 'ਤੇ ਗਰਾਊਂਡ ਅਧਿਕਾਰੀ ਅਤੇ ਹੋਰ ਸਟੇਕਹੋਲਡਰ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੇ ਹਨ, ਤਾਂ ਜੋ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ। ਪ੍ਰਸ਼ਾਸਨ ਨੇ ਯਾਤਰੀਆਂ ਨੂੰ ਹੋਈ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਲਈ ਖੇਦ ਜਤਾਇਆ ਹੈ।