Crime Special -ਜੇਲ੍ਹ ’ਚ ਡੱਕਿਆ ਸ਼ੈਤਾਨ ਦੇ ਚਰਖੇ ਵਾਂਗ ਦਿਮਾਗ ਨਾਲ ਠੱਗੀਆਂ ਮਾਰਦਾ ਬਰਖਾਸਤ ਚਪੜਾਸੀ
ਅਸ਼ੋਕ ਵਰਮਾ
ਬਠਿੰਡਾ , 1 ਅਗਸਤ 2026: ਕਿਸੇ ਨਾਲ ਠੱਗੀ ਮਾਰਨ ਲਈ ਇਨਸਾਨੀ ਮਨੋਵਿਗਿਆਨ ਦੀ ਖਤਰਨਾਕ ਵਰਤੋਂ ਕਿਸ ਤਰਾਂ ਕੀਤੀ ਜਾ ਸਕਦੀ ਹੈ , ਇਹ ਬਠਿੰਡਾ ’ਚ 9. 80 ਕਰੋੜ ਰੁਪਏ ਦੀ ਠੱਗੀ ਦੇ ਮਾਸਟਰਮਾਈਂਡ ਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਬਰਖਾਸਤ ਚਪੜਾਸੀ ਰਕੇਸ਼ ਗੋਇਲ ਨੇ ਸਾਬਤ ਕਰ ਦਿਖਾਇਆ ਹੈ। ਖਾਟੂ ਸ਼ਾਮ ਦਾ ਵੱਡਾ ਭਗਤ ਬਣਕੇ ਧਾਰਮਿਕ ਆਸਥਾ ਦੀ ਆੜ ਲੈਣਾ , ਗੱਡੀਆਂ ’ਚ ਆਪਣੀ ਜੇਬ ਚੋਂ ਪੈਸੇ ਭਰਕੇ ਜ਼ੀਰੋ ਫਾਸਟ ਟੈਗ ਲਾਉਣਾ ਅਤੇ ਕਰੋੜਾਂ ਰੁਪਿਆ ਠੱਗਣ ਤੋਂ ਬਾਅਦ ਜਦੋਂ ਪੈਸੇ ਵਾਪਿਸ ਮੰਗਣ ਦੀ ਨੌਬਤ ਆਏ ਤਾਂ ‘ ਖੁਦਕਸ਼ੀ ਦਾ ਡਰਾਮਾ ’ ਕਰਕੇ ਉਲਟਾ ਪੀੜਤਾਂ ਨੂੰ ਜੇਲ੍ਹ ਭਿਜਵਾਉਣ ਦਾ ਡਰ ਦਿਖਾਉਣ ਵਰਗੇ ਅਹਿਮ ਕਾਰਨਾਮੇ ਰਕੇਸ਼ ਗੋਇਲ ਦੇ ਹੀ ਹਨ। ਐਨਐਚਏਆਈ ਦਾ ਨਕਲੀ ਡੀਜੀਐਮ ਬਣਕੇ 9. 80 ਕਰੋੜ ਰੁਪਏ ਦੀ ਠੱਗੀ ਮਾਰਨ ਵਾਲਾ ਰਕੇਸ਼ ਗੋਇਲ ਹੁਣ ਸਲਾਖਾਂ ਦੇ ਪਿੱਛੇ ਪੁੱਜ ਗਿਆ ਹੈ।
ਹਾਲਾਂਕਿ ਪੁਲਿਸ ਜਾਂਚ ਦੌਰਾਨ ਠੱਗੀਆਂ ਦਾ ਇਹ ਮਾਮਲਾ 50 ਕਰੋੜ ਤੱਕ ਪੁੱਜਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਪਰ ਕਈ ਪ੍ਰਕਾਰ ਦੇ ਝੰਜਟ ਪੈਣ ਦੇ ਡਰੋਂ ਕਾਫੀ ਪੀੜਤ ਹਾਲੇ ਵੀ ਖੁੱਲ੍ਹ ਕੇ ਸਾਹਮਣੇ ਆਉਣ ਤੋਂ ਕੰਨੀ ਕਤਰਾ ਰਹੇ ਹਨ। ਹੁਣ ਤੱਕ ਦੀ ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਰਕੇਸ਼ ਗੋਇਲ ਖੁਦ ਨੂੰ ਧਾਰਮਿਕ ਸੁਭਾਅ ਵਾਲਾ ਵਿਅਕਤੀ ਦੱਸ ਕੇ ਪਹਿਲਾਂ ਲੋਕਾਂ ਦਾ ਵਿਸ਼ਵਾਸ਼ ਜਿੱਤ ਲੈਂਦਾ ਸੀ। ਉਹ ਖਾਟੂ ਸ਼ਾਮ ਜਾਣ ਲਈ ਡੀਲਕਸ ਬੱਸ ਯਾਤਰਾ ਕਰਵਾਉਂਦਾ ਅਤੇ ਸੋਸ਼ਲ ਮੀਡੀਆ ’ਤੇ ਨਾਮੀ ਭਜਨ ਗਾਇਕਾਂ ਨਾਲ ਆਪਣੀਆਂ ਫੋਟੋਆਂ ਵੀ ਸਾਂਝੀਆਂ ਕਰਦਾ ਰਹਿੰਦਾ ਸੀ। ਕੁੱਝ ਮਹੀਨੇ ਪਹਿਲਾਂ ਉਸ ਨੇ ਬਰਨਾਲਾ ਬਾਈਪਾਸ ’ਤੇ ਸਥਿਤ ਇੱਕ ਪੈਲੇਸ ’ਚ 30 ਲੱਖ ਰੁਪਏ ਤੋਂ ਵੱਧ ਖਰਚਾ ਕਰਕੇ ਵਿਸ਼ਾਲ ਖਾਟੂ ਸ਼ਾਮ ਦਾ ਜਾਗਰਨ ਵੀ ਕਰਵਾਇਆ ਸੀ। ਅਜਿਹੇ ਪ੍ਰੋਗਰਾਮਾਂ ਦੌਰਾਨ ਹੀ ਉਸ ਦੀ ਜਾਣ ਪਛਾਣ ਕਈ ਕਾਰੋਬਾਰੀਆਂ ਨਾਲ ਹੋਈ ਸੀ।
ਪੁਲਿਸ ਅਨੁਸਾਰ ਰਕੇਸ਼ ਗੋਇਲ ਖੁਦ ਨੂੰ ਐਨਐਚਏਆਈ ਦਾ ਵੱਡਾ ਅਫਸਰ ਦੱਸਦਾ ਅਤੇ ਵੀਆਈਪੀ ਤੇ ਜ਼ੀਰੋ ਫਾਸਟ ਟੈਗ ਵਰਗੀ ਸੁਵਿਧਾ ਰਾਹੀਂ ਲੋਕਾਂ ਦਾ ਭਰੋਸਾ ਜਿੱਤਦਾ ਸੀ। ਇਸ ਮਗਰੋਂ ਰਕੇਸ਼ ਗੋਇਲ ਯੂਪੀ , ਹਿਮਾਚਲ ਅਤੇ ਹੋਰਨਾਂ ਸੂਬਿਆਂ ਦੇ ਟੋਲ ਟੈਂਡਰਾਂ ਵਿੱਚ ਨਿਵੇਸ਼ ਰਾਹੀਂ ਮੋਟੇ ਮੁਨਾਫੇ ਦਾ ਝਾਂਸਾ ਦੇਕੇ ਕਰੋੜਾਂ ਰੁਪਏ ਲੁਆ ਲੈਂਦਾ ਸੀ। ਪੀੜਤਾਂ ਦੇ ਦੋਸ਼ ਹਨ ਕਿ ਜਦੋਂ ਵੀ ਕੋਈ ਆਪਣੇ ਪੈਸੇ ਵਾਪਿਸ ਮੰਗਦਾ ਤਾਂ ਰਕੇਸ਼ ਗੋਇਲ ਵਟਸਐਪ ’ਤੇ ਆਤਮਹੱਤਿਆ ਦੀ ਧਮਕੀ ਵਾਲੇ ਵੀਡੀਓ ਭੇਜਕੇ ਦਬਾਅ ਬਣਾਉਂਦਾ ਸੀ। ਕਈ ਵਾਰ ਉਹ ਖੁਦ ’ਤੇ ਪੈਟਰੋਲ ਪਾਉਣ ਦਾ ਨਾਟਕ ਕਰਦਾ ਅਤੇ ਨਿੱਜੀ ਹਸਪਤਾਲ ’ਚ ਭਰਤੀ ਹੋ ਜਾਂਦਾ ਸੀ। ਉਸਦੇ ਜਾਣਕਾਰ ਵੀ ਸ਼ਕਾਇਤਕਰਤਾ ’ਤੇ ਇਹੋ ਦਬਾਅ ਬਣਾਉਂਦੇ ਕਿ ਜੇਕਰ ਉਸ ਨੂੰ ਕੁੱਝ ਹੋ ਗਿਆ ਤਾਂ ਉਹ ਕਾਨੂੰਨੀ ਝੰਜਟਾਂ ’ਚ ਫਸ ਜਾਣਗੇ। ਪੀੜਤਾਂ ਦਾ ਕਹਿਣਾ ਹੈ ਕਿ ਏਦਾਂ ਹੀ ਉਹ ਲੰਮਾਂ ਸਮਾਂ ਡਰਾਉਂਦਾ ਰਿਹਾ ਸੀ।
ਪੀੜਤ ਰਾਮ ਸਰੂਪ ਸਿੰਗਲਾ ਦਾ ਕਹਿਣਾ ਸੀ ਕਿ ਕਰੀਬ 4 ਸਾਲ ਪਹਿਲਾਂ ਰਕੇਸ਼ ਕੋਇਲ ਉਨ੍ਹਾਂ ਕੋਲ ਆਇਆ ਸੀ ਜਿਸ ਨੂੰ ਕਿਸੇ ਜਾਣਕਾਰ ਦੇ ਕਹਿਣ ’ਤੇ ਉਨ੍ਹਾਂ ਨੇ 50 ਹਜ਼ਾਰ ਰੁਪਏ ਦਿੱਤੇ ਸਨ। ਮੇਰੀਆਂ ਗੱਡੀਆਂ ਲਈ ਉਸ ਨੇ ਮੈਨੂੰ ਜ਼ੀਰੋ ਬੈਲੈਂਸ ਵਾਲੇ ਫਾਸਟ ਟੈਗ ਬਣਾਕੇ ਦਿੱਤੇ ਜਿੰਨ੍ਹਾਂ ਨਾਲ ਬਿਨਾਂ ਟੋਲ ਦਿੱਤਿਆਂ ਗੱਡੀ ਨਿਕਲ ਜਾਂਦੀ ਸੀ। ਉਨ੍ਹਾਂ ਨੂੰ ਵਿਸ਼ਵਾਸ਼ ਹੋ ਗਿਆ ਕਿ ਉਸਦੀ ਪਹੁੰਚ ਕਾਫੀ ਉੱਚੀ ਹੈ। ਰਕੇਸ਼ ਨੇ ਉਨ੍ਹਾਂ ਨੂੰ ਦੱਸਿਆ ਕਿ ਮੁਲਕ ’ਚ 865 ਟੋਲ ਹਨ ਜਿੰਨ੍ਹਾਂ ’ਚ ਨਿਵੇਸ਼ ਕਰਵਾਕੇ 10 ਤੋਂ 15 ਫੀਸਦੀ ਮੁਨਾਫਾ ਦਿਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕਰੀਬ 2.40 ਕਰੋੜ ਠੱਗੇ ਗਏ ਹਨ ਜਦੋਂਕਿ ਮਨੀਸ਼ ਗੁਪਤਾ ਨਾਲ ਤਕਰੀਬਨ 7.10 ਕਰੋੜ ਦੀ ਧੋਖਾਧੜੀ ਕੀਤੀ ਹੈ। ਉਸ ਦੇ ਗਿਰੋਹ ’ਚ ਉਸ ਦਾ ਸਾਲਾ ਦਵਿੰਦਰ ਗਰਗ , ਜੀਜਾ , ਡਰਾਈਵਰ ਅਤੇ ਸੈਲੂਨ ਚਲਾਉਣ ਵਾਲਾ ਦੋਸਤ ਸ਼ਾਮਲ ਸਨ।
ਰਾਮ ਸਰੂਪ ਸਿੰਗਲਾ ਨੇ ਦੱਸਿਆ ਕਿ ਪੋਲ ਉਦੋਂ ਖੁੱਲ੍ਹੀ ਜਦੋਂ ਉਹ ਕਿਸੇ ਕੰਮ ਰਾਜਸਥਾਨ ਗਏ ਸਨ ਜਿੱਥੇ ਫਾਸਟ ਟੈਗ ਚੱਲਿਆ ਨਹੀਂ। ਜਾਂਚ ਕਰਨ ’ਤੇ ਪਤਾ ਲੱਗਿਆ ਕਿ ਫਾਸਟ ਟੈਗ ’ਚ ਰਕੇਸ਼ ਗੋਇਲ ਦਾ ਨੰਬਰ ਜੁੜਿਆ ਹੋਇਆ ਸੀ । ਉਹ ਆਪਣੇ ਮੋਬਾਇਲ ਤੋਂ ਰਿਚਾਰਜ ਕਰਕੇ ਦਿਖਾਉਂਦਾ ਕਿ ਟੋਲ ਫਰੀ ਹੈ। ਰਕੇਸ਼ ਗਾਇਲ ਪਹਿਲਾਂ ਬੱਲਾ ਰਾਮ ਨਗਰ ’ਚ ਛੋਟੇ ਜਿਹੇ ਮਕਾਨ ’ਚ ਰਹਿੰਦਾ ਸੀ ਪਰ ਕਰੋੜਾਂ ਰੁਪਏ ਲੈਕੇ ਉਸ ਨੇ ਮਹੇਸ਼ਵਰੀ ਕਲੋਨੀ ’ਚ ਕੋਠੀ ਬਣਾਈ ਅਤੇ ਫਾਰਮ ਹਾਊਸ ਬਣਵਾਇਆ। ਉਹ ਆਪਣਾ ਇੱਕ ਵੱਡਾ ਰੈਸਟੋਰੈਂਟ ਵੀ ਦੱਸਦਾ ਸੀ ਜਿਸ ਨੂੰ ਉਸ ਨੇ ਢਾਈ ਕਰੋੜ ’ਚ ਖਰੀਦਿਆ ਦੱਸਿਆ ਸੀ ਜਦੋਂਕਿ ਉਹ ਕਿਰਾਏ ’ਤੇ ਹੈ। ਉਨ੍ਹਾਂ ਕਿਹਾ ਕਿ ਇਹ ਪੂਰੀ ਖੇਡ ਦਿਖਾਵੇ ਅਤੇ ਭਰੋਸਾ ਬਨਾਉਣ ਦੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਬਠਿੰਡਾ ’ਚ ਉਸ ਨੇ 50 ਕਰੋੜ ਦੀ ਠੱਗੀ ਕੀਤੀ ਹੈ।
ਦੋ ਠੱਗੀਆਂ ਬੇਪਰਦ-ਕੇਸ ਦਰਜ
ਪੁਲਿਸ ਰਿਕਾਰਡ ਅਨੁਸਾਰ ਰਕੇਸ਼ ਗੋਇਲ ’ਤੇ ਫਰਜ਼ੀ ਟੈਂਡਰਾਂ ’ਚ ਨਿਵੇਸ਼ ਦੇ ਨਾਮ ਹੇਠ ਦਿੱਲੀ ਵਾਸੀ ਮਨੀਸ਼ ਗੁਪਤਾ ਤੋਂ 7.40 ਕਰੋੜ ਅਤੇ ਬਠਿੰਡਾ ਦੇ ਕਾਰੋਬਾਰੀ ਰਾਮਸਰੂਪ ਸਿੰਗਲਾ ਤੋਂ 2.40 ਕਰੋੜ ਠੱਗਣ ਦੇ ਦੋਸ਼ ਹਨ। ਸ਼ੁਰੂਆਤ ’ਚ ਉਸ ਨੇ 5 ਤੋਂ 10 ਫੀਸਦੀ ਮੁਨਾਫਾ ਦਿੱਤਾ ਅਤੇ ਮਗਰੋਂ ਪੈਸੇ ਬੰਦ ਕਰ ਦਿੱਤੇ ਤੇ ਮਗਰੋਂ ਬਹਾਨੇ ਬਨਾਉਣ ਲੱਗਿਆ। ਪੁਲਿਸ ਨੇ ਇਸ ਮਾਮਲੇ ’ਚ ਰਕੇਸ਼ ਗੋਇਲ , ਉਸ ਦੀ ਪਤਨੀ ਸ਼ੈਫਾਲੀ ਗੋਇਲ, ਜੀਜੇ ਸਾਲੇ ਸਮੇਤ ਹੋਰਨਾਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਰਕੇਸ਼ ਗੋਇਲਾ ਜੇਲ੍ਹ ਜਾ ਚੁੱਕਿਆ ਹੈ ਜਦੋਂਕਿ ਬਾਕੀਆਂ ਦੀ ਭਾਲ ਜਾਰੀ ਹੈ।
- Download Babushahi App
-
-