ਚੰਡੀਗੜ੍ਹ ਟ੍ਰੈਫਿਕ ਪੁਲਿਸ ਦੀ ਸਖ਼ਤੀ: ਦਾਰੂ ਪੀ ਕੇ ਗੱਡੀ ਚਲਾਉਣ ਵਾਲਿਆਂ ਲਈ ਜ਼ਰੂਰੀ ਖ਼ਬਰ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ: 20 ਫਰਵਰੀ, 2026
ਚੰਡੀਗੜ੍ਹ ਵਿੱਚ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਨੰਬਰ ਪਲੇਟਾਂ ਨਾਲ ਛੇੜਛਾੜ ਕਰਨ ਵਾਲਿਆਂ ਵਿਰੁੱਧ ਟ੍ਰੈਫਿਕ ਪੁਲਿਸ ਨੇ ਇੱਕ ਵਾਰ ਫਿਰ ਸਖ਼ਤ ਕਾਰਵਾਈ ਕਰਨ ਦੀ ਤਿਆਰੀ ਕਰ ਲਈ ਹੈ। ਡੀ.ਐਸ.ਪੀ. ਟ੍ਰੈਫਿਕ ਵੱਲੋਂ ਜਾਰੀ ਤਾਜ਼ਾ ਹੁਕਮਾਂ ਅਨੁਸਾਰ, ਸ਼ਹਿਰ ਵਿੱਚ ਹੁਣ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਮੌਕੇ 'ਤੇ ਹੀ 'ਮੈਨੂਅਲ' (ਹੱਥੀਂ) ਚਲਾਨ ਕੱਟੇ ਜਾਣਗੇ। ਇਹ ਫੈਸਲਾ ਉਨ੍ਹਾਂ ਉਲੰਘਣਾਵਾਂ ਲਈ ਲਿਆ ਗਿਆ ਹੈ ਜੋ ਸੜਕਾਂ 'ਤੇ ਸਪੱਸ਼ਟ ਰੂਪ ਵਿੱਚ ਦਿਖਾਈ ਦਿੰਦੀਆਂ ਹਨ।
ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਲੋਕਾਂ ਵੱਲੋਂ ਪੁਲਿਸ ਕਰਮਚਾਰੀਆਂ ਵਿਰੁੱਧ ਬਿਨਾਂ ਵਜ੍ਹਾ ਪਰੇਸ਼ਾਨ ਕਰਨ ਦੀਆਂ ਸ਼ਿਕਾਇਤਾਂ ਤੋਂ ਬਾਅਦ ਡੀ.ਜੀ.ਪੀ. ਨੇ ਮੈਨੂਅਲ ਚਲਾਨ ਪ੍ਰਣਾਲੀ ਨੂੰ ਬੰਦ ਕਰ ਦਿੱਤਾ ਸੀ। ਉਸ ਸਮੇਂ ਤੋਂ ਚਲਾਨ ਸਿਰਫ਼ ਸੀਸੀਟੀਵੀ ਕੈਮਰਿਆਂ ਰਾਹੀਂ ਹੀ ਜਾਰੀ ਕੀਤੇ ਜਾ ਰਹੇ ਸਨ। ਹਾਲਾਂਕਿ, ਇਸ ਪ੍ਰਣਾਲੀ ਦਾ ਫਾਇਦਾ ਉਠਾਉਂਦੇ ਹੋਏ ਕੁਝ ਡਰਾਈਵਰਾਂ ਨੇ ਨਿਯਮਾਂ ਦੀਆਂ ਧੱਜੀਆਂ ਉਡਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਬਹੁਤ ਸਾਰੇ ਵਾਹਨ ਚਾਲਕਾਂ ਨੇ ਕੈਮਰਿਆਂ ਤੋਂ ਬਚਣ ਲਈ ਆਪਣੀਆਂ ਨੰਬਰ ਪਲੇਟਾਂ 'ਤੇ ਟੇਪ ਲਗਾ ਲਈ ਸੀ ਅਤੇ ਖੁੱਲ੍ਹੇਆਮ ਸਾਈਕਲ ਟਰੈਕਾਂ ਜਾਂ ਸੜਕ ਦੇ ਗਲਤ ਪਾਸੇ ਗੱਡੀਆਂ ਚਲਾ ਰਹੇ ਸਨ।
ਨਵੇਂ ਹੁਕਮਾਂ ਵਿੱਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਪੁਲਿਸ ਕਰਮਚਾਰੀ ਹੁਣ ਸਿਰਫ਼ ਉਨ੍ਹਾਂ ਹੀ ਵਾਹਨਾਂ ਨੂੰ ਰੋਕਣਗੇ ਜੋ ਸਪੱਸ਼ਟ ਤੌਰ 'ਤੇ ਨਿਯਮ ਤੋੜਦੇ ਪਾਏ ਜਾਣਗੇ। ਡਰਾਈਵਰਾਂ ਨੂੰ ਬਿਨਾਂ ਕਿਸੇ ਕਾਰਨ ਰੋਕ ਕੇ ਪਰੇਸ਼ਾਨ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੇ ਵੀ ਮੌਕੇ ਤੇ ਚਲਾਨ ਕੱਟੇ ਜਾਣਗੇ। ਪਿਛਲੇ ਸਮੇਂ ਵਿੱਚ ਖਾਸ ਕਰਕੇ ਸ਼ਹਿਰ ਦੇ ਐਂਟਰੀ ਪੁਆਇੰਟਾਂ 'ਤੇ ਦੂਜੇ ਰਾਜਾਂ ਤੋਂ ਆਉਣ ਵਾਲੇ ਵਾਹਨਾਂ ਨੂੰ ਰੋਕ ਕੇ ਪਰੇਸ਼ਾਨ ਕਰਨ ਦੀਆਂ ਸ਼ਿਕਾਇਤਾਂ ਮਿਲੀਆਂ ਸਨ, ਜਿਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਹਦਾਇਤ ਕੀਤੀ ਹੈ ਕਿ ਨਿਯਮਾਂ ਦੀ ਪਾਲਣਾ ਕਰਨ ਵਾਲੇ ਲੋਕਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।