Canada ਦੇ ਸ਼ਹਿਰ ਮਾਂਟਰੀਅਲ ਵਿਖੇ ਹਜ਼ਾਰਾਂ ਵਿਦਿਆਰਥੀਆਂ ਵਲੋਂ ਰੋਸ ਵਿਖਾਵਾ
ਬਾਬੂਸ਼ਾਹੀ ਬਿਊਰੋ/ Sukhwant Hundal
ਮਾਂਟਰੀਅਲ, 17 ਨਵੰਬਰ 2026: 13 ਨਵੰਬਰ ਸ਼ੁੱਕਰਵਾਰ ਨੂੰ ਕੈਨੇਡਾ ਦੇ ਸ਼ਹਿਰ ਮਾਂਟਰੀਅਲ ਵਿਖੇ ਹਜ਼ਾਰਾਂ ਵਿਦਿਆਰਥੀਆਂ ਨੇ ਸਿੱਖਿਆ ਦੇ ਖੇਤਰ ਵਿੱਚ ਕੀਤੀਆਂ ਜਾ ਰਹੀਆਂ ਕਟੌਤੀਆਂ, ਪੋਸਟ ਸੈਕੰਡਰੀ ਵਿਦਿਅਕ ਸੰਸਥਾਂਵਾਂ ਦੀਆਂ ਮਾੜੀਆਂ ਹਾਲਤਾਂ ਅਤੇ ਵੱਧ ਰਹੀ ਮਹਿੰਗਾਈ ਬਾਰੇ ਰੋਸ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਵਿਦਿਆਰਥੀਆਂ ਦੀ ਜਥੇਬੰਦੀ ਕੋਆਲਿਸਿਓਂ ਦ ਰੇਜ਼ਿਸਟਾਂਸ ਪੂਰ ਲਯੂਨੀਤੇ ਏਤਯੂਦਿਆਂਤ ਸੈਂਦੀਕਾਲ (ਭਾਵ ਵਿਰੋਧ ਲਈ ਵਿਦਿਆਰਥੀ ਯੂਨੀਅਨਾਂ ਦਾ ਗਠਜੋੜ -CRUES)ਵਲੋਂ ਜਥੇਬੰਦ ਕੀਤਾ ਗਿਆ ਸੀ।
ਵਿਦਿਆਰਥੀਆਂ ਅਤੇ ਉਹਨਾਂ ਦੇ ਹਿਮਾਇਤੀਆਂ ਦਾ ਕਹਿਣਾ ਸੀ ਕਿ ਕਿਊਬਕ ਵਿੱਚ ਕਈ ਸਾਲਾਂ ਤੋਂ ਸਿੱਖਿਆ ਦੇ ਖੇਤਰ ਨੂੰ ਘੱਟ ਫੰਡ ਦਿੱਤੇ ਜਾ ਰਹੇ ਹਨ ਜਿਸ ਦੇ ਨਤੀਜੇ ਵਿਦਿਆਰਥੀ ਭੁਗਤ ਰਹੇ ਹਨ।
ਸੀ ਟੀ ਵੀ ਨਿਊਜ਼ ਨਾਲ ਗੱਲ ਕਰਦਿਆਂ ਕੌਨਕੌਰਡੀਆ ਯੂਨੀਵਰਸਿਟੀ ਦੇ ਵਿਦਿਆਰਥੀ ਜੇਮਜ਼ ਨੇ ਕਿਹਾ ਕਿ ਯੂਨੀਵਰਸਿਟੀਆਂ ਦੀ ਕੁਆਲਟੀ ਵਿੱਚ ਹਰ ਪਾਸੇ ਤੋਂ ਨਿਘਾਰ ਆ ਰਿਹਾ ਹੈ। ਉਸ ਨੇ ਅੱਗੇ ਕਿਹਾ, "ਉਦਾਹਰਨ ਲਈ, ਤੁਸੀਂ ਕੌਨਕੋਰਡੀਆ (ਯੂਨੀਵਰਸਿਟੀ) ਨੂੰ ਹੀ ਲੈ ਲਉ। ਅਸੀਂ ਕਲਾਸਾਂ ਦੇ ਸਾਈਜ਼ ਅਤੇ ਵਿਦਿਆਰਥੀ-ਪ੍ਰੋਫੈਸਰ ਅਨੁਪਾਤ ਵਿੱਚ ਤੇਜ਼ੀ ਨਾਲ ਵਾਧਾ ਦੇਖ ਰਹੇ ਹਾਂ, ਕੋਰਸਾਂ ਦੀ ਚੋਣ ਵਿੱਚ ਕਟੌਤੀ ਦੇਖ ਰਹੇ ਹਾਂ, ਅਤੇ ਯੂਨੀਵਰਸਿਟੀ ਆਪਣੇ ਬਹੁਤ ਸਾਰੇ ਫੈਕਲਟੀ ਮੈਂਬਰਾਂ (ਅਧਿਆਪਕਾਂ) ਨੂੰ ਨੌਕਰੀ ਤੋਂ ਕੱਢਣਾ ਸ਼ੁਰੂ ਕਰ ਰਹੀ ਹੈ, ਜਿਸ ਨਾਲ ਪੜ੍ਹਾਈ ਦੇ ਢਾਂਚੇ ਵਿੱਚ ਵੱਡੇ ਪਾੜੇ ਪੈ ਰਹੇ ਹਨ; ਖਰਚਿਆਂ ਨੂੰ ਘਟਾਉਣ ਲਈ ਤੇਜ਼ੀ ਨਾਲ ਪੁੱਟੇ ਜਾ ਰਹੇ ਕਦਮ ਸਾਡੇ ਵੱਲੋਂ ਪ੍ਰਾਪਤ ਕੀਤੀ ਜਾ ਰਹੀ ਸਿੱਖਿਆ ਦੀ ਕੁਆਲਟੀ ਨੂੰ ਸੱਚਮੁੱਚ ਘਟਾ ਰਹੇ ਹਨ।"
13 ਨਵੰਬਰ ਨੂੰ ਸੀ ਬੀ ਸੀ ਨਿਊਜ਼ ਦੇ ਸਾਈਟ `ਤੇ ਛਪੀ ਇਕ ਰਿਪੋਰਟ ਅਨੁਸਾਰ, ਇਸ ਰੋਸ ਪ੍ਰਦਰਸ਼ਨ ਨੂੰ ਜਥੇਬੰਦ ਕਰਨ ਵਾਲੀ ਸੰਸਥਾ (CRUES) ਨੇ ਆਪਣੀ ਪ੍ਰੈਸ ਰਿਲੀਜ਼ ਵਿੱਚ ਲਿਖਿਆ ਹੈ: "ਸਾਡੇ ਕੈਂਪਸਾਂ ਦੀ ਹਾਲਤ ਖਸਤਾ ਹੋ ਰਹੀ ਹੈ ਅਤੇ ਕਈ ਤਰ੍ਹਾਂ ਦੇ ਸੰਕਟ ਵਿਦਿਆਰਥੀਆਂ ਦੀ ਵਿੱਤੀ ਸੁਰੱਖਿਆ ਨੂੰ ਹੋਰ ਬਦਤਰ ਕਰ ਰਹੇ ਹਨ। ਸਰਕਾਰ ਕੋਲ ਇਨ੍ਹਾਂ ਸੰਕਟਾਂ ਦਾ ਹੱਲ ਕਰਨ ਦੇ ਸਾਧਨ ਹਨ। ਉਹ ਬਸ ਅਜਿਹਾ ਕਰਨ ਤੋਂ ਇਨਕਾਰ ਕਰ ਰਹੀ ਹੈ।"
ਇਹ ਰੋਸ ਪ੍ਰਦਰਸ਼ਨ ਸਿਆਲ ਦੇ ਸਮੈਸਟਰ ਵਿੱਚ ਜਾਰੀ ਰਹਿ ਸਕਦੇ ਹਨ।
ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਵਾਲੇ ਇੱਕ ਵਿਦਿਆਰਥੀ ਨੇਜੀ ਡੁਮਰਸੈਂਟ ਨੇ ਸੀ ਬੀ ਸੀ ਨੂੰ ਦੱਸਿਆ ਕਿ ਉਹ ਆਪਣੀਆਂ ਮੰਗਾਂ ਬਾਰੇ ਅਵਾਜ਼ ਉਠਾਉਣ ਲਈ ਦੁਬਾਰਾ ਸੜਕਾਂ `ਤੇ ਉਤਰਨ ਲਈ ਤਿਆਰ ਹੈ। ਉਸ ਨੇ ਅੱਗੇ ਕਿਹਾ,"ਅਸੀਂ ਉਦੋਂ ਤੱਕ ਨਹੀਂ ਰੁਕਾਂਗੇ ਜਦੋਂ ਤੱਕ ਉਹ ਸੱਚਮੁੱਚ ਸਾਡੀ ਅਤੇ ਸਾਡੀ ਸਖ਼ਤ ਮਿਹਨਤ ਦੀ ਕਦਰ ਨਹੀਂ ਕਰਦੇ।"
ਵਿਦਿਆਰਥੀਆਂ ਨੇ ਇਹ ਵੀ ਕਿਹਾ ਕਿ ਉਹ ਇਹ ਰੋਸ ਪ੍ਰਦਰਸ਼ਨ ਕਰਨ ਲਈ ਫਰਾਂਸ ਵਿੱਚ ਵਿਦਿਆਰਥੀਆਂ ਦੇ ਹੋ ਰਹੇ ਪ੍ਰਦਰਸ਼ਨਾਂ ਤੋਂ ਪ੍ਰੇਰਿਤ ਹੋਏ ਹਨ।
- Download Babushahi App
-
-