ਕੈਨੇਡਾ 'ਚ ਫਿਰੌਤੀ ਲਈ ਪੰਜਾਬੀ ਨੌਜਵਾਨ ਅਗਵਾ: ਕਾਰੋਬਾਰੀ ਦੋਸਤ ਨੂੰ ਜਾਲ 'ਚ ਫਸਾਉਣ ਲਈ ਕੀਤਾ ਟੋਰਚਰ
4 ਗ੍ਰਿਫ਼ਤਾਰ ਅਤੇ ਮਾਸਟਰਮਾਈਂਡ ਗਗਨਦੀਪ ਫਰਾਰ
ਬਾਬੂਸ਼ਾਹੀ ਬਿਊਰੋ
ਕੈਲਗਰੀ/ਐਡਮੰਟਨ, 18 ਮਈ, 2026:
ਕੈਨੇਡਾ ਵਿੱਚ ਪੰਜਾਬੀ ਨੌਜਵਾਨਾਂ ਦੀ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਮੂਲੀਅਤ ਦਾ ਇੱਕ ਬਹੁਤ ਹੀ ਖ਼ਤਰਨਾਕ ਅਤੇ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪੰਜ ਪੰਜਾਬੀ ਨੌਜਵਾਨਾਂ ਨੇ ਮਿਲ ਕੇ ਇੱਕ ਵੱਡੇ ਕਾਰੋਬਾਰੀ (Business Tycoon) ਤੋਂ ਮੋਟੀ ਫਿਰੌਤੀ (Ransom) ਵਸੂਲਣ ਦੀ ਸਟ੍ਰੈਟਿਜੀ ਦੇ ਤਹਿਤ ਉਸ ਦੇ ਇੱਕ ਕਰੀਬੀ ਦੋਸਤ ਨੂੰ ਬੰਦੂਕ ਦੀ ਨੋਕ 'ਤੇ ਅਗਵਾ (Kidnap) ਕਰ ਲਿਆ। ਜਦੋਂ ਅਗਵਾ ਕੀਤੇ ਨੌਜਵਾਨ ਨੇ ਕਾਰੋਬਾਰੀ ਦੋਸਤ ਨੂੰ ਫੋਨ ਕਰਕੇ ਬਾਹਰ ਬੁਲਾਉਣ ਤੋਂ ਇਨਕਾਰ ਕਰ ਦਿੱਤਾ, ਤਾਂ ਦੋਸ਼ੀਆਂ ਨੇ ਉਸ ਨੂੰ ਬੇਰਹਿਮੀ ਨਾਲ ਕੁੱਟਿਆ ਅਤੇ ਖੂਨ ਨਾਲ ਲੱਥਪੱਥ ਕਰ ਦਿੱਤਾ। ਕੈਲਗਰੀ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ 4 ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਗੈਂਗ ਦਾ ਮਾਸਟਰਮਾਈਂਡ ਗਗਨਦੀਪ ਸਿੰਘ ਅਜੇ ਵੀ ਫਰਾਰ ਹੈ।
ਐਡਮੰਟਨ ਤੋਂ ਅਗਵਾ ਕਰਕੇ 3 ਘੰਟੇ ਦੂਰ ਕੈਲਗਰੀ ਲੈ ਗਏ
ਇਹ ਪੂਰਾ ਹਾਈ-ਡਰਾਮਾ 6 ਮਈ ਦੀ ਸ਼ਾਮ ਨੂੰ ਸ਼ੁਰੂ ਹੋਇਆ ਸੀ, ਜਦੋਂ ਸ਼ਾਮ 6:30 ਤੋਂ 7:30 ਵਜੇ ਦੇ ਵਿਚਕਾਰ ਇਨ੍ਹਾਂ ਪੰਜਾਬੀ ਨੌਜਵਾਨਾਂ ਨੇ ਐਡਮੰਟਨ (Edmonton) ਦੇ ਇੱਕ ਰਿਹਾਇਸ਼ੀ ਇਲਾਕੇ ਵਿੱਚੋਂ ਇੱਕ ਨੌਜਵਾਨ ਨੂੰ ਗਨਪੁਆਇੰਟ 'ਤੇ ਅਗਵਾ ਕਰ ਲਿਆ। ਮੁਲਜ਼ਮਾਂ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ, ਗੱਡੀ ਵਿੱਚ ਸੁੱਟਿਆ ਅਤੇ ਉੱਥੋਂ ਲਗਭਗ ਤਿੰਨ ਘੰਟੇ ਦੀ ਦੂਰੀ 'ਤੇ ਸਥਿਤ ਕੈਲਗਰੀ (Calgary) ਸ਼ਹਿਰ ਲੈ ਗਏ। ਪੁਲਿਸ ਇਨਵੈਸਟੀਗੇਸ਼ਨ ਮੁਤਾਬਕ, ਅਗਵਾਕਾਰਾਂ ਦਾ ਮਕਸਦ ਇਸ ਨੌਜਵਾਨ ਤੋਂ ਪੈਸੇ ਵਸੂਲਣਾ ਨਹੀਂ ਸੀ, ਬਲਕਿ ਉਹ ਉਸ ਦੇ ਜ਼ਰੀਏ ਉਸ ਦੇ ਇੱਕ ਅਮੀਰ ਕਾਰੋਬਾਰੀ ਦੋਸਤ ਤੱਕ ਪਹੁੰਚਣਾ ਚਾਹੁੰਦੇ ਸਨ, ਜਿਸ ਨੂੰ ਉਨ੍ਹਾਂ ਨੇ ਲੱਖਾਂ ਡਾਲਰ ਦੀ ਐਕਸਟੌਰਸ਼ਨ (Extortion) ਲਈ ਟਾਰਗੇਟ ਕੀਤਾ ਹੋਇਆ ਸੀ।
ਅਗਵਾਕਾਰ ਪੀੜਤ ਨੌਜਵਾਨ ਨੂੰ ਕਾਰ ਵਿੱਚ ਬੰਧਕ ਬਣਾ ਕੇ ਕੈਲਗਰੀ ਦੇ ਸਿਟੀਸਕੇਪ ਕਮਿਊਨਿਟੀ (Cityscape Community) ਵਿੱਚ ਉਸ ਦੇ ਕਾਰੋਬਾਰੀ ਦੋਸਤ ਦੇ ਘਰ ਦੇ ਬਾਹਰ ਪਹੁੰਚ ਗਏ, ਜਿੱਥੇ ਗੈਂਗ ਦੇ ਕੁਝ ਹੋਰ ਮੈਂਬਰ ਪਹਿਲਾਂ ਹੀ ਗੱਡੀਆਂ ਲੈ ਕੇ ਮੌਜੂਦ ਸਨ। ਉੱਥੇ ਪਹੁੰਚ ਕੇ ਉਨ੍ਹਾਂ ਨੇ ਨੌਜਵਾਨ 'ਤੇ ਦਬਾਅ ਪਾਇਆ ਕਿ ਉਹ ਆਪਣੇ ਦੋਸਤ ਨੂੰ ਕਿਸੇ ਬਹਾਨੇ ਘਰੋਂ ਬਾਹਰ ਬੁਲਾਵੇ ਤਾਂ ਜੋ ਉਹ ਉਸ ਨੂੰ ਵੀ ਅਗਵਾ ਕਰ ਸਕਣ। ਜਦੋਂ ਨੌਜਵਾਨ ਨੇ ਦੋਸਤੀ ਨਿਭਾਉਂਦੇ ਹੋਏ ਅਜਿਹਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ, ਤਾਂ ਉਨ੍ਹਾਂ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ।
ਇਸੇ ਦੌਰਾਨ, ਉਹ ਕਾਰੋਬਾਰੀ ਆਪਣੀ ਪਤਨੀ ਨਾਲ ਕਾਰ ਵਿੱਚ ਬੈਠ ਕੇ ਘਰੋਂ ਬਾਹਰ ਜਾਣ ਲੱਗਿਆ ਤਾਂ ਅਗਵਾਕਾਰਾਂ ਨੇ ਉਨ੍ਹਾਂ ਦੀ ਗੱਡੀ ਦਾ ਪਿੱਛਾ ਕੀਤਾ ਅਤੇ ਸੜਕ ਦੇ ਵਿਚਕਾਰ ਉਨ੍ਹਾਂ 'ਤੇ ਬੰਦੂਕ ਤਾਣ ਦਿੱਤੀ। ਡਰ ਦੇ ਮਾਰੇ ਇਸ ਜੋੜੇ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ ਅਤੇ ਵਾਪਸ ਘਰ ਦੇ ਅੰਦਰ ਭੱਜ ਕੇ ਦਰਵਾਜ਼ੇ ਲਾਕ ਕਰ ਲਏ ਅਤੇ ਤੁਰੰਤ ਕੈਲਗਰੀ ਪੁਲਿਸ (Calgary Police) ਨੂੰ 911 'ਤੇ ਇੰਫਾਰਮ ਕੀਤਾ।
ਪੁਲਿਸ ਦੀ ਨਾਕਾਬੰਦੀ ਅਤੇ 4 ਮੁਲਜ਼ਮ ਗ੍ਰਿਫ਼ਤਾਰ
ਸ਼ਿਕਾਇਤ ਮਿਲਦੇ ਹੀ ਕੈਲਗਰੀ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ। ਪੁਲਿਸ ਦੀ ਟੈਕਟੀਕਲ ਟੀਮ ਨੇ ਮੈਟਿਸ ਟ੍ਰੇਲ ਅਤੇ 104 ਐਵੇਨਿਊ NE ਦੇ ਨੇੜੇ ਇੱਕ ਸ਼ੱਕੀ ਵਾਹਨ ਨੂੰ ਘੇਰ ਕੇ ਮੌਕੇ 'ਤੇ ਹੀ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਆਪਣੇ ਸਾਥੀਆਂ ਦੇ ਫੜੇ ਜਾਣ ਤੋਂ ਘਬਰਾਏ ਬਾਕੀ ਗੈਂਗ ਮੈਂਬਰ ਅਗਵਾ ਕੀਤੇ ਨੌਜਵਾਨ ਨੂੰ ਲੈ ਕੇ ਵਾਪਸ ਐਡਮੰਟਨ ਭੱਜ ਗਏ ਅਤੇ 7 ਮਈ ਦੀ ਸਵੇਰ ਨੂੰ ਉਸ ਨੂੰ ਉਸ ਦੇ ਘਰ ਦੇ ਬਾਹਰ ਸੜਕ 'ਤੇ ਸੁੱਟ ਕੇ ਫਰਾਰ ਹੋ ਗਏ। ਇਸ ਤੋਂ ਬਾਅਦ, 12 ਮਈ ਨੂੰ ਪੁਲਿਸ ਨੇ ਇੱਕ ਹੋਰ ਗੁਪਤ ਸੂਚਨਾ ਦੇ ਆਧਾਰ 'ਤੇ ਮਾਰਟਿਨਡੇਲ ਬੁਲੇਵਾਰਡ ਦੇ 600 ਬਲਾਕ ਵਿੱਚ ਇੱਕ ਹੋਰ ਕਾਰ ਨੂੰ ਘੇਰ ਕੇ ਦੋ ਹੋਰ ਮੁਲਜ਼ਮਾਂ ਨੂੰ ਨਜਾਇਜ਼ ਹਥਿਆਰਾਂ ਸਮੇਤ ਦਬੋਚ ਲਿਆ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਤਰਨਵੀਰ ਸਿੰਘ (24), ਦਕਸ਼ ਗੌਤਮ (25), ਆਕਾਸ਼ਦੀਪ ਸਿੰਘ (18) ਅਤੇ ਪ੍ਰਦੀਪ ਸਿੰਘ (24) ਵਜੋਂ ਹੋਈ ਹੈ, ਜੋ ਸਾਰੇ ਕੈਲਗਰੀ ਦੇ ਰਹਿਣ ਵਾਲੇ ਹਨ। ਸੁਰੱਖਿਆ ਕਾਰਨਾਂ ਕਰਕੇ ਪੁਲਿਸ ਨੇ ਪੀੜਤ ਅਤੇ ਉਸ ਦੇ ਕਾਰੋਬਾਰੀ ਦੋਸਤ ਦੇ ਨਾਮ ਗੁਪਤ ਰੱਖੇ ਹਨ।
ਮਾਸਟਰਮਾਈਂਡ ਗਗਨਦੀਪ ਦਾ ਵਾਂਟੇਡ ਪੋਸਟਰ ਜਾਰੀ
ਇਸ ਪੂਰੇ ਕ੍ਰਾਈਮ ਦਾ ਮਾਸਟਰਮਾਈਂਡ 29 ਸਾਲਾ ਗਗਨਦੀਪ ਸਿੰਘ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ, ਜਿਸ ਖ਼ਿਲਾਫ਼ ਅਦਾਲਤ ਨੇ ਗ੍ਰਿਫ਼ਤਾਰੀ ਵਾਰੰਟ (Arrest Warrant) ਜਾਰੀ ਕੀਤਾ ਹੈ। ਕੈਲਗਰੀ ਪੁਲਿਸ ਨੇ 15 ਮਈ ਨੂੰ ਉਸ ਦਾ ਇੱਕ 'ਵਾਂਟੇਡ ਪੋਸਟਰ' (Wanted Poster) ਜਾਰੀ ਕਰਦਿਆਂ ਜਨਤਾ ਤੋਂ ਮਦਦ ਮੰਗੀ ਹੈ। ਪੁਲਿਸ ਮੁਤਾਬਕ, ਗਗਨਦੀਪ ਦੀ ਪਛਾਣ ਇਹ ਹੈ ਕਿ ਉਸ ਦੇ ਇੱਕ ਹੱਥ 'ਤੇ ਔਰਤ ਦਾ ਅਤੇ ਦੂਜੇ ਹੱਥ 'ਤੇ ਬਾਜ਼ (Eagle) ਦਾ ਟੈਟੂ ਬਣਿਆ ਹੋਇਆ ਹੈ। ਪੁਲਿਸ ਨੂੰ ਸ਼ੱਕ ਹੈ ਕਿ ਉਹ ਆਪਣਾ ਹੁਲੀਆ ਅਤੇ ਪਛਾਣ ਬਦਲ ਕੇ ਕੈਨੇਡਾ ਤੋਂ ਫਰਾਰ ਹੋਣ ਦੀ ਫਿਰਾਕ ਵਿੱਚ ਹੈ। ਕੈਨੇਡੀਅਨ ਮੀਡੀਆ ਅਨੁਸਾਰ, ਅੱਜ-ਕੱਲ੍ਹ ਕੈਨੇਡਾ ਵਿੱਚ ਸਾਊਥ ਏਸ਼ੀਅਨ (South Asian) ਅਮੀਰ ਕਾਰੋਬਾਰੀਆਂ ਨੂੰ ਟਾਰਗੇਟ ਕਰਕੇ ਲੱਖਾਂ ਡਾਲਰਾਂ ਦੀ ਫਿਰੌਤੀ ਮੰਗਣ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ।
- Download Babushahi App
-
-