Breaking : ਕੀਰਤਪੁਰ-ਮਨਾਲੀ ਹਾਈਵੇਅ ਜਾਮ: ਹਜ਼ਾਰਾਂ ਯਾਤਰੀ ਖੱਜਲ-ਖ਼ੁਆਰ
ਬਾਬੂਸ਼ਾਹੀ ਬਿਊਰੋ
ਬਿਲਾਂਸਪੁਰ/ਕੀਰਤਪੁਰ, 24 ਜੁਲਾਈ (2026): ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ 'ਤੇ ਕਥਿਤ ਤੌਰ 'ਤੇ ਅਭੱਦਰ ਟਿੱਪਣੀ ਕਰਨ ਵਾਲੇ ਇੱਕ ਨਿਹੰਗ ਬਲਾਗਰ (Nihang Blogger) ਦੀ ਗ੍ਰਿਫ਼ਤਾਰੀ ਦੇ ਵਿਰੋਧ 'ਚ ਸ਼ੁੱਕਰਵਾਰ ਨੂੰ ਕੀਰਤਪੁਰ-ਮਨਾਲੀ ਫੋਰਲੇਨ ਹਾਈਵੇਅ (Kiratpur-Manali Four-Lane Highway) 'ਤੇ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ। ਪ੍ਰਦਰਸ਼ਨਕਾਰੀਆਂ ਨੇ ਕੀਰਤਪੁਰ ਤੋਂ ਲਗਭਗ 10 ਕਿਲੋਮੀਟਰ ਪਹਿਲਾਂ ਗਰਾਮੋੜ ਟੋਲ ਪਲਾਜ਼ਾ (Garamora Toll Plaza) 'ਤੇ ਧਰਨਾ ਲਗਾ ਕੇ ਰਸਤਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ, ਜਿਸ ਨਾਲ ਹਾਈਵੇਅ 'ਤੇ ਕਈ ਕਿਲੋਮੀਟਰ ਲੰਬਾ ਟ੍ਰੈਫਿਕ ਜਾਮ ਲੱਗ ਗਿਆ।
ਮਿਲੀ ਜਾਣਕਾਰੀ ਅਨੁਸਾਰ ਸਥਾਨਕ ਲੋਕਾਂ ਅਤੇ ਨਿਹੰਗ ਸਿੰਘਾਂ ਦਾ ਦੋਸ਼ ਹੈ ਕਿ ਸ਼ਿਮਲਾ ਪੁਲਿਸ ਨੇ ਉਕਤ ਨੌਜਵਾਨ ਨੂੰ ਗਲਤ ਤਰੀਕੇ ਨਾਲ ਗ੍ਰਿਫ਼ਤਾਰ ਕੀਤਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਪੁਲਿਸ ਦੀਆਂ ਵੱਡੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਸਥਿਤੀ ਨੂੰ ਕੰਟਰੋਲ ਕਰਨ 'ਚ ਜੁਟ ਗਈਆਂ।
ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਸ਼ਿਮਲਾ ਦੇ ਰਿਜ ਮੈਦਾਨ (Ridge Ground) 'ਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਬੁੱਤ ਕੋਲ ਖੜ੍ਹ ਕੇ ਇੱਕ ਨਿਹੰਗ ਬਲਾਗਰ ਨੇ ਵੀਡੀਓ ਬਣਾਉਂਦੇ ਹੋਏ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ। ਉਸ ਨੇ ਵੀਡੀਓ 'ਚ ਦਾਅਵਾ ਕੀਤਾ ਸੀ ਕਿ ਇਹ ਉਹੀ ਔਰਤ ਹੈ ਜਿਸ ਨੂੰ 1984 'ਚ ਸਿੱਖਾਂ ਨੇ ਮਾਰਿਆ ਸੀ। ਇਸ ਵਿਵਾਦਿਤ ਵੀਡੀਓ ਦੇ ਆਧਾਰ 'ਤੇ ਹੀ ਸ਼ਿਮਲਾ ਪੁਲਿਸ ਨੇ ਕਾਰਵਾਈ ਕਰਦੇ ਹੋਏ ਉਸ ਨੂੰ ਹਿਰਾਸਤ 'ਚ ਲਿਆ ਸੀ, ਜਿਸ ਤੋਂ ਬਾਅਦ ਇਹ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਇਆ।
ਦੂਜੇ ਪਾਸੇ, ਬਿਲਾਂਸਪੁਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਾਈਵੇਅ ਦੀ ਮਰੰਮਤ (Maintenance Work) ਦੇ ਚੱਲਦਿਆਂ ਮੰਡੀ-ਭਰਾੜੀ ਪੁਲ ਤੋਂ ਕੈਂਚੀ ਮੋੜ ਟਰਨਲ ਨੰਬਰ-1 ਤੱਕ ਸ਼ੁੱਕਰਵਾਰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਆਵਾਜਾਈ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਸਨ। ਸ਼ਨੀਵਾਰ ਨੂੰ ਵੀ ਇਸੇ ਸਮੇਂ ਦੌਰਾਨ ਰਸਤਾ ਬੰਦ ਰਹਿਣ ਦੀ ਸੂਚਨਾ ਹੈ।
ਜਿਵੇਂ ਹੀ ਮਰੰਮਤ ਤੋਂ ਬਾਅਦ ਹਾਈਵੇਅ ਖੋਲ੍ਹਿਆ ਗਿਆ, ਟੋਲ ਪਲਾਜ਼ਾ 'ਤੇ ਧਰਨੇ 'ਤੇ ਬੈਠੇ ਪ੍ਰਦਰਸ਼ਨਕਾਰੀਆਂ ਕਾਰਨ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਗਰਮੀ ਦੇ ਮੌਸਮ ਵਿੱਚ ਪਰਿਵਾਰਾਂ ਸਮੇਤ ਸਫ਼ਰ ਕਰ ਰਹੇ ਸੈਲਾਨੀਆਂ ਅਤੇ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਿਲਹਾਲ ਪੁਲਿਸ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਕੇ ਟ੍ਰੈਫ਼ਿਕ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
- Download Babushahi App
-
-