Babushahi Special-ਸੋਸ਼ਲ ਮੀਡੀਆ ਇਨਫਲੂਐਂਸਰਾਂ ਲਈ ਜੀਅ ਦਾ ਜੰਜਾਲ ਬਣੀਆਂ ਜਾਨੋ ਮਾਰਨ ਦੀਆਂ ਧਮਕੀਆਂ
ਬਠਿੰਡਾ ਦੇ ਅਰੂਪ੍ਰੀਤ ਨੇ ਮੰਗੀ ਪੁਲਿਸ ਸੁਰੱਖਿਆ
ਅਸ਼ੋਕ ਵਰਮਾ
ਬਠਿੰਡਾ , 09 ਅਕਤੂਬਰ 2026 : ਅੰਮ੍ਰਿਤਸਰ ਵਿੱਚ ਸੋਸ਼ਲ ਮੀਡੀਆ ਦੇ ਜਾਣੇ-ਪਛਾਣੇ ਇਨਫਲੂਐਂਸਰ ‘ ਮੈਡ ਸੰਧੂ ਉਰਫ ਮਧੂ ਸੂਦਨ ਦੀ ਹੱਤਿਆ ਤੋਂ ਬਾਅਦ ਸੋਸ਼ਲ ਮੀਡੀਆ ਇਨਫਲੂਐਂਸਰਾਂ ’ਚ ਦਹਿਸ਼ਤ ਦਾ ਮਹੌਲ ਹੈ। ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ ਨੈਤਿਕਤਾ ਦੇ ਨਾਮ ਹੇਠ ਸੋਸ਼ਲ ਮੀਡੀਆ ਇਨਫਲੂਐਂਸਰਾਂ ਨੂੰ ਨਿਸ਼ਾਨਾ ਬਨਾਉਣ ਦੀਆਂ ਘਟਨਾਵਾਂ ਪੁਲਿਸ ਲਈ ਇੱਕ ਨਵੀਂ ਸਿਰਦਰਦੀ ਮੰਨੀਆਂ ਜਾ ਰਹੀਆਂ ਹਨ। ਦੇਖਿਆ ਜਾਏ ਤਾਂ ਹੁਣ ਤੱਕ ਤਿੰਨ ਇਨਫਲੂਐਂਸਰਾਂ ਨੂੰ ਨਿਸ਼ਾਨਾ ਬਣਾਇਆ ਜਾ ਚੁੱਕਿਆ ਹੈ। ਬੇਸ਼ੱਕ ਕਤਲਾਂ ਦੇ ਕਾਰਨ ਕੋਈ ਵੀ ਹੋ ਸਕਦੇ ਹਨ ਪਰ ਧਮਕੀਆਂ ਮਗਰੋਂ ਕਈ ਸੋਸ਼ਲ ਮੀਡੀਆ ਇਨਫਲੂਐਂਸਰਾਂ ਨੇ ਪੋਸਟਾਂ ਪਾਉਣ ਦੇ ਮਾਮਲੇ ’ਚ ਇੱਕ ਵਾਰ ਚੁੱਪ ਜਿਹੀ ਵੱਟ ਲਈ ਹੈ ਅਤੇ ਅੰਦਰੋ ਅੰਦਰੀ ਡਰੇ ਹੋਏ ਹਨ। ਹਾਲੀਆ ਮਾਮਲਾ ਬਠਿੰਡਾ ਦੇ ਸੋਸ਼ਲ ਮੀਡੀਆ ਇਨਫਲੂਐਂਸਰ ਅਰੂਪ੍ਰੀਤ ਦਾ ਹੈ ਜਿਸ ਨੇ ਪੁਲਿਸ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਜਾਣਕਾਰੀ ਮੁਤਾਬਕ ਅਰੂਪ੍ਰੀਤ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ।
ਕੁੱਝ ਦਿਨ ਪਹਿਲਾਂ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਇਸ ਧਮਕੀ ਵਿੱਚ ਅਰੂਪ੍ਰੀਤ ਨੂੰ ਨਿਸ਼ਾਨਾ ਬਣਾਉਂਦਿਆਂ ‘ਅਗਲਾ ਨੰਬਰ ਤੇਰਾ’ ਕਹਿਣ ਦਾ ਦਾਅਵਾ ਕੀਤਾ ਗਿਆ ਹੈ। ਫਿਲਹਾਲ ਅਰੂਪ੍ਰੀਤ ਦਾ ਕੋਈ ਅਧਿਕਾਰਕ ਬਿਆਨ ਸਾਹਮਣੇ ਨਹੀਂ ਆਇਆ ਹੈ ਪਰ ਸੂਤਰ ਦੱਸਦੇ ਹਨ ਕਿ ਮੈਡ ਸੰਧੂ ਦੇ ਕਤਲ ਤੋਂ ਬਾਅਦ ਉਹ ਦਹਿਸ਼ਤ ’ਚ ਚੱਲ ਰਿਹਾ ਹੈ। ਸੋਸ਼ਲ ਮੀਡੀਆ ’ਤੇ ਧਮਕੀ ਮਿਲਣ ਤੋਂ ਬਾਅਦ ਅਰੂਪ੍ਰੀਤ ਨੇ ਆਪਣੀ ਸੁਰੱਖਿਆ ਦੇ ਮੱਦੇਨਜ਼ਰ ਆਪਣਾ ਇੰਸਟਾਗ੍ਰਾਮ ਖਾਤਾ ਪ੍ਰਾਈਵੇਟ ਕਰ ਲਿਆ ਹੈ ਜਦੋਂਕਿ ਪਹਿਲਾਂ ਉਹ ਸਭ ਲਈ ਖੁੱਲ੍ਹਾ ਹੋਇਆ ਸੀ। ਇਸ ਦੇ ਨਾਲ ਹੀ ਉਸ ਨੇ ਆਪਣੇ ਇੰਸਟਾਗ੍ਰਾਮ ਪ੍ਰੋਫਾਈਲ ’ਤੇ ਆਪਣਾ ਨਾਂ ਬਦਲਕੇ ‘ ਅਰਸ਼ਦੀਪ ਸਿੰਘ ’ ਕਰ ਲਿਆ ਹੈ ਪਰ ਹਾਲੇ ਤੱਕ ਫੋਟੋ ਉਸਦੀ ਪਹਿਲਾਂ ਵਾਂਗ ਕੱਟੇ ਵਾਲਾਂ ਵਾਲੀ ਦਿਸ ਰਹੀ ਹੈ। ਦੱਸਿਆ ਜਾਂਦਾ ਹੈ ਕਿ ਇਹ ਤਬਦੀਲੀ ਉਸ ਨੇ ਮਾਹੌਲ ਖਰਾਬ ਹੋਣ ਨੂੰ ਦੇਖਦਿਆਂ ਅਤੇ ਆਪਣੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਹੈ।
ਹਾਲਾਂਕਿ ਪੁਲਿਸ ਨੇ ਨਾਂ ਤਾਂ ਧਮਕੀ ਮਿਲਣ ਦੀ ਅਧਿਕਾਰਤ ਪੁਸ਼ਟੀ ਕੀਤੀ ਹੈ ਅਤੇ ਨਾਂ ਹੀ ਸੁਰੱਖਿਆ ਮੁਹੱਈਆ ਕਰਵਾਉਣ ਸਬੰਧੀ ਪੁਖਤਾ ਜਾਣਕਾਰੀ ਦਿੱਤੀ ਹੈ। ਪਤਾ ਲੱਗਿਆ ਹੈ ਕਿ ਅਰੂਪ੍ਰੀਤ ਵੀ ਸੋਸ਼ਲ ਮੀਡੀਆ ’ਤੇ ਮੈਡ ਸੰਧੂ ਵਰਗਾ ਕੰਟੈਂਟ ਹੀ ਪਾਉਂਦਾ ਸੀ ਜਿਸ ’ਤੇ ਕੁੱਝ ਧਿਰਾਂ ਨੂੰ ਇਤਰਾਜ ਹੈ। ਅਰੂਪ੍ਰੀਤ ਬਠਿੰਡਾ ਦਾ ਰਹਿਣ ਵਾਲਾ ਹੈ ਜਿਸ ਬਾਰੇ ਚਰਚਾ ਹੈ ਕਿ ਉਹ ਇੱਕ ਪੁਲਿਸ ਮੁਲਾਜਮ ਦਾ ਲੜਕਾ ਹੈ ਪਰ ਇਸ ਦੀ ਕੋਈ ਪੁਸ਼ਟੀ ਕਰਨ ਨੂੰ ਤਿਆਰ ਨਹੀਂ ਹੈ। ਅਸਲ ਵਿੱਚ ਧਮਕੀ ਪਿੱਛੇ ਕੌਣ ਹੈ ਅਤੇ ਇਸ ਦਾ ਕਾਰਨ ਕੀ ਹੈ, ਇਸ ਬਾਰੇ ਵੀ ਪੁਲੀਸ ਚੁੱਪ ਹੈ। ਇਸ ਲਈ ਮਾਮਲੇ ਨਾਲ ਜੁੜੇ ਸੋਸ਼ਲ ਮੀਡੀਆ ਦਾਅਵੇ ਹੀ ਜਾਂਚ ਦੇ ਪੱਧਰ ’ਤੇ ਦੇਖੇ ਜਾ ਰਹੇ ਹਨ। ਅਰੂਪ੍ਰੀਤ ਵੱਲੋਂ ਧਮਕੀ ਆਉਣ ਤੋਂ ਬਾਅਦ ਆਪਣੇ ਇੰਸਟਗਰਾਮ ਆਕਾਉਂਟ ’ਚ ਕੀਤੀਆਂ ਤਬਦੀਲੀਆਂ ਕਾਰਨ ਸੋਸ਼ਲ ਮੀਡੀਆ ’ਤੇ ਵੀਡੀਓ ਆਦਿ ਪਾਉਣ ਦੇ ਮਿਆਰਾਂ ਸਬੰਧੀ ਬਹਿਸ ਛਿੜ ਗਈ ਹੈ।
ਕਤਲ ਦਾ ਸਭ ਤੋਂ ਪਹਿਲਾ ਮਾਮਲਾ ਜੂਨ 2025 ਦਾ ਸੀ ਜਦੋਂ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ ਭਾਬੀ ਕੋਮਲ ਕੌਰ ਦੀ ਹੱਤਿਆ ਹੋਈ ਸੀ। ਪੁਲਿਸ ਨੇ ਇਸ ਮਾਮਲੇ ’ਚ ਸਿੱਖ ਕਾਰਕੁੰਨ ਅੰਮ੍ਰਿਤਪਾਲ ਸਿੰਘ ਮਹਿਰੋਂ ਸਮੇਤ 5 ਜਣਿਆਂ ਨੂੰ ਗ੍ਰਿਫਤਾਰ ਕੀਤਾ ਸੀ। ਮਹਿਰੋਂ ਨੇ ਉਦੋਂ ਸੋਸ਼ਲ ਮੀਡੀਆ ’ਤੇ ਵੀਡੀਓ ਜਾਰੀ ਕਰਕੇ ਕਤਲ ਦਾ ਕਾਰਨ ਅਸ਼ਲੀਲਤਾ ਪਰੋਸਣਾ ਦੱਸਿਆ ਸੀ ਅਤੇ ਇਤਰਾਜਯੋਗ ਵੀਡੀਓ ਪਾਉਣ ਵਾਲਿਆਂ ਨੂੰ ਬਾਜ ਨਾਂ ਆਉਣ ਦੀ ਸੂਰਤ ’ਚ ਅੰਜਾਮ ਭੁਗਤਣ ਦੀ ਧਮਕੀ ਵੀ ਦਿੱਤੀ ਸੀ। ਇਸੇ ਤਰਾਂ ਹੀ ਸੋਸ਼ਲ ਮੀਡੀਆ ਇਨਫਲੂਐਂਸਰ ਮਨਜੀਤ ਕੌਰ ਨੂੰ ਜੁਲਾਈ ਦੇ ਸ਼ੁਰੂ ’ਚ ਅੱਗ ਲਾਕੇ ਸਾੜ ਦਿੱਤਾ ਗਿਆ ਸੀ। ਉਸ ਨੂੰ ਪੀਜੀਆਈ ਦਾਖਲ ਕਰਵਾਇਆ ਜਿੱਥੇ 26 ਅਗਸਤ ਨੂੰ ਕਰੀਬ ਦੋ ਮਹੀਨੇ ਬਾਅਦ ਇਲਾਜ ਦੌਰਾਨ ਮੌਤ ਹੋ ਗਈ ਸੀ। ਇਸੇ ਤਰਾਂ ਹੀ ਮੈਡ ਸੰਧੂ ਨੂੰ 3 ਅਕਤੂਬਰ ਨੂੰ ਅੰਮ੍ਰਿਤਸਰ ਵਿੱਚ ਲੋਹਾਰਕਾ ਰੋਡ ’ਤੇ ਕਾਰ-ਵਾਸ਼ਿੰਗ ਪੁਆਇੰਟ ’ਤੇ ਗੋਲੀ ਮਾਰ ਦਿੱਤੀ ਸੀ।
ਪੁਲਿਸ ਨੇ ਮਾਮਲੇ ਸੁਲਝਾਏ
ਪੰਜਾਬ ਪੁਲਿਸ ਹੁਣ ਤੱਕ ਸੋਸ਼ਲ ਮੀਡੀਆ ਇਨਫਲੂਐਂਸਰਾਂ ਦੇ ਕਤਲਾਂ ਦੀਆਂ ਵਾਰਦਾਤਾਂ ਤੇਜੀ ਨਾਲ ਸੁਲਝਾਉਣ ’ਚ ਸਫਲ ਰਹੀ ਹੈ। ਸੋਸ਼ਲ ਮੀਡੀਆ ’ਤੇ ਚਰਚਾ ਹੈ ਕਿ ਸ਼ੂਟਰਾਂ ਲਈ ਮੋਟਰਸਾਈਕਲਾਂ ’ਤੇ ਆਉਣਾ, ਹੱਤਿਆ ਨੂੰ ਅੰਜਾਮ ਦੇਣਾ ਅਤੇ ਫ਼ਰਾਰ ਹੋਣਾ ਕਿੰਨਾ ਸੌਖਾ ਹੈ ਪਰ ਪੁਲਿਸ ਦੀਆਂ ਨਜ਼ਰਾਂ ਤੋਂ ਕੋਈ ਨਹੀਂ ਬਚਿਆ ਹੈ। ਮੈਡ ਸੰਧੂ ਮਾਮਲੇ ਵਿੱਚ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਸਥਾਨਕ ਸਮੂਹਾਂ ਜਾਂ ਗੈਂਗਸਟਰਾਂ ਵੱਲੋਂ ਨੈਤਿਕ ਪੁਲੀਸਿੰਗ ਦੇ ਨਾਂ ’ਤੇ ਇਨਫਲੂਐਂਸਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਮਾਮਲਿਆਂ ਦੀ ਪੜਤਾਲ ਤੋਂ ਪਤਾ ਲਗਦਾ ਹੈ ਕਿ ਇੰਨ੍ਹਾਂ ਹਮਲਿਆਂ ਦੇ ਵੱਖ-ਵੱਖ ਮਨਸੂਬੇ ਹਨ।
ਫਿਲਹਾਲ ਜਾਣਕਾਰੀ ਨਹੀਂ: ਐਸਐਸਪੀ
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਸੁਹੇਲ ਕਾਸਿਮ ਮੀਰ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ਇਨਫਲੂਐਂਸਰ ਅਰੂਪ੍ਰੀਤ ਵੱਲੋਂ ਸੁਰੱਖਿਆ ਮੰਗਣ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਉਹ ਪਤਾ ਲਾਉਣਗੇ ਕਿ ਮਸਲਾ ਕੀ ਹੈ ਅਤੇ ਜਰੂਰਤ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਏਗੀ।
- Download Babushahi App
-
-