Babushahi Special -ਮੁੱਖ ਮੰਤਰੀ ਦੇ ਦੌਰੇ ਮੌਕੇ ਪੁਲਿਸ ਨੇ ਸੂਈ ਦੇ ਨੱਕੇ ਥਾਣੀਂ ਕੱਢਿਆ ਬਠਿੰਡਾ
ਅਸ਼ੋਕ ਵਰਮਾ
ਬਠਿੰਡਾ , 4 ਸਤੰਬਰ 2026 : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਨੀਵਾਰ 5 ਸਤੰਬਰ ਨੂੰ ਖੇਡਾਂ ਵਤਨ ਪੰਜਾਬ ਦੀਆਂ ਦੇ ਉਦਘਾਟਨ ਲਈ ਆਉਣ ਕਰਕੇ ਜਿਲ੍ਹਾ ਪੁਲਿਸ ਬਠਿੰਡਾ ਨੇ ਇੱਕ ਦਿਨ ਪਹਿਲਾਂ ਹੀ ਸ਼ਹਿਰ ਦੀ ਕਿਲਾਬੰਦੀ ਕਰਕੇ ਚੱਪੇ ਚੱਪੇ ’ਤੇ ਪਹਿਰਾ ਲਾ ਦਿੱਤਾ ਹੈ। ਵੀਰਵਾਰ ਨੂੰ ਜਿਲ੍ਹਾ ਪ੍ਰੀਸ਼ਦ ਦਾ ਦਫਤਰ ਉਡਾਉਣ ਅਤੇ ਇਸ ਤੋਂ ਪਹਿਲਾਂ ਸਕੂਲਾਂ ’ਚ ਧਮਾਕਿਆਂ ਦੀ ਧਮਕੀਆਂ ਤੋਂ ਇਲਾਵਾ ਉਦਘਾਟਨ ਵਾਲੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਦੀ ਹੱਤਿਆ ਕਰਨ ਸਬੰਧੀ ਆਈਆਂ ਈਮੇਲਾਂ ਨੇ ਬਠਿੰਡਾ ਪੁਲਿਸ ਦੇ ਹੋਸ਼ ਉਡਾ ਦਿੱਤੇ ਹਨ। ਹਾਲ ਹੀ ਵਿੱਚ ਆਈਆਂ ਧਮਕੀ ਭਰੀਆਂ ਈਮੇਲਾਂ ਅਤੇ ਬਠਿੰਡਾ ਜ਼ਿਲ੍ਹੇ ਦੀਆਂ ਕੁੱਝ ਕੰਧਾਂ ’ਤੇ ਲਿਖੇ ਖਾਲਿਸਤਾਨ ਪੱਖੀ ਨਾਅਰਿਆਂ ਦੀਆਂ ਘਟਨਾਵਾਂ ਵਿਚਕਾਰ ਮੁੱਖ ਮੰਤਰੀ 5 ਤੋਂ 7 ਸਤੰਬਰ ਤੱਕ ਬਠਿੰਡਾ ਦਾ ਦੌਰਾ ਕਰਨਗੇ। ਮੁੱਖ ਮੰਤਰੀ ਵੱਲੋਂ ਸ਼ਹੀਦ ਭਗਤ ਸਿੰਘ ਸਟੇਡੀਅਮ ਬਠਿੰਡਾ ਵਿਖੇ ’ਖੇਡਾਂ ਵਤਨ ਪੰਜਾਬ ਦੀਆਂ’ ਦੇ ਚੌਥੇ ਐਡੀਸ਼ਨ ਦਾ ਉਦਘਾਟਨ ਕੀਤਾ ਜਾਣਾ ਹੈ।
ਇਸ ਤੋਂ ਬਾਅਦ 6 ਅਤੇ 7 ਸਤੰਬਰ ਨੂੰ ਘੁੱਦਾ ਅਤੇ ਮਹਿਰਾਜ ਪਿੰਡਾਂ ਵਿੱਚ ’ਲੋਕ ਮਿਲਣੀਆਂ’ ਪ੍ਰੋਗਰਾਮ ਰੱਖੇ ਗਏ ਹਨ। ਖਾਸ ਗੱਲ ਇਹ ਹੈ ਕਿ ਮੁੱਖ ਮੰਤਰੀ ਦਾ 5 ਅਤੇ 6 ਸਤੰਬਰ ਨੂੰ ਦੋ ਰਾਤਾਂ ਬਠਿੰਡਾ ਵਿੱਚ ਰਹਿਣ ਦਾ ਪ੍ਰੋਗਰਾਮ ਵੀ ਹੈ। ਮੁੱਖ ਮੰਤਰੀ ਦੇ ਦੌਰੇ ਮੌਕੇ ਪੁਲਿਸ ਅਧਿਕਾਰੀ ਸੁਰੱਖਿਆ ਸਬੰਧੀ ਕਿਸੇ ਕਿਸਮ ਦੀ ਢਿੱਲ ਜਾਂ ਰਿਸਕ ਲੈਣ ਦੇ ਰੌਂਅ ’ਚ ਨਹੀਂ ਹਨ। ਅੱਜ ਇਸ ਪੱਤਰਕਾਰ ਨੇ ਦੇਖਿਆ ਕਿ ਸ਼ਹਿਰ ’ਚ ਦਾਖਲ ਹੋਣ ਵਾਲੇ ਰਸਤਿਆਂ ਅਤੇ ਸਟੇਡੀਅਮ ਦੇ ਅੰਦਰ ਪੁਲਿਸ ਦੀ ਵੱਡੀ ਨਫਰੀ ਤਾਇਨਾਤ ਕੀਤੀ ਹੋਈ ਸੀ। ਇਹੋ ਹੀ ਨਹੀਂ ਜਿਲ੍ਹਾ ਪੁਲਿਸ ਨੇ ਵੀਵੀਆਈਪੀ ਆਮਦ ਨੂੰ ਦੇਖਦਿਆਂ ਬਕਾਇਦਾ ਰੂਟ ਲਾਇਆ ਹੋਇਆ ਸੀ। ਪਹਿਲੀ ਨਜ਼ਰੇ ਤਾਂ ਇੰਜ ਜਾਪਦਾ ਸੀ ਕਿ ਬਠਿੰਡਾ ਸ਼ਹਿਰ ਨਹੀਂ ਬਲਕਿ ਪੁਲਿਸ ਛਾਉਣੀ ਹੋਵੇ। ਪੰਜਾਬ ਸਰਕਾਰ ਦੇ ਆਦੇਸ਼ਾਂ ਤਹਿਤ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਨੇ ਸਮਾਗਮਾਂ ਨੂੰ ਯਾਦਗਾਰੀ ਬਨਾਉਣ ਲਈ ਸਮੱਚੀ ਤਾਕਤ ਝੋਕੀ ਹੋਈ ਹੈ।
.jpg)
ਹਾਲਾਂਕਿ ਸੁਰੱਖਿਆ ਵਰਗੇ ਸੰਵਦੇਨਸ਼ੀਲ ਮੁੱਦੇ ’ਤੇ ਪੁਲਿਸ ਅਧਿਕਾਰੀ ਕੋਈ ਵੀ ਨੁਕਤਾ ਸਾਂਝਾ ਕਰਨ ਨੂੰ ਤਿਆਰ ਨਹੀਂ ਹੋਏ ਪਰ ਵੱਡਿਆਂ ਦੀ ਰਾਖੀ ਲਈ ਅਧਿਕਾਰੀਆਂ ਅਤੇ ਮੁਲਾਜਮਾਂ ਸਮੇਤ ਤਕਰੀਬਨ 5 ਹਜ਼ਾਰ ਕਰਮਚਾਰੀ ਡਿਊਟੀ ’ਤੇ ਤਾਇਨਾਤ ਹਨ। ਸੂਤਰ ਦੱਸਦੇ ਹਨ ਕਿ ਜਿਲ੍ਹਾ ਪੁਲਿਸ ਨੇ ਅੱਧੀ ਦਰਜਨ ਜ਼ਿਲ੍ਹਿਆਂ ਤੋਂ ਪੁਲਿਸ ਸੱਦੀ ਹੋਈ ਹੈ। ਪੰਜਾਬ ਪੁਲਿਸ ਟਰੇਨਿੰਗ ਸੈਂਟਰ ਤੋਂ ਕਰੀਬ 150 ਰੰਗਰੂਟ ਵੀ ਬੁਲਾਏ ਗਏ ਹਨ ਜਦੋਂਕਿ ਮਹਿਲਾ ਪੁਲਿਸ ਦੀਆਂ ਮੁਲਾਜਮ ਦੀ ਤਾਇਨਾਤੀ ਵੀ ਕੀਤੀ ਗਈ ਹੈ ਜੋ ਇਸ ਤੋਂ ਵੱਖਰੀ ਹੈ। ਬਾਹਰਲੇ ਜ਼ਿਲ੍ਹਿਆਂ ਤੋਂ ਆਇਆ ਪੁਲਿਸ ਦਾ ਦੰਗਾ ਵਿਰੋਧੀ ਦਸਤਾ ਵੀ ਅੱਜ ਡਿਊਟੀ ’ਤੇ ਮੁਸਤੈਦ ਦਿਖਾਈ ਦਿੱਤਾ। ਜਿਲ੍ਹਾ ਪੁਲਿਸ ਨੇ ਕੁਇੱਕ ਰਿਸਪਾਂਸ ਟੀਮਾਂ ਅਤੇ ਬੰਬ ਨਿਰੋਧਕ ਦਸਤਾ ਵੀ ਸਟੈਂਡ ਬਾਈ ਮੋਡ ’ਤੇ ਰੱਖਿਆ ਹੋਇਆ ਹੈ। ਹਾਲ ਹੀ ਵਿੱਚ ਨਿਯੁਕਤ ਕੀਤੇ ਐਸਐਸਪੀ ਸੁਹੇਲ ਕਾਸਿਮ ਮੀਰ ਅਤੇ ਡਿਪਟੀ ਕਮਿਸ਼ਨਰ ਰਾਜੇਸ਼ ਧਿਮਾਨ ਨੇ ਖੇਡ ਸਟੇਡੀਅਮ ਵਿਚਲੇ ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਹਨ।
ਸੀਆਈਡੀ ਵੀ ਤਾਇਨਾਤ ਕੀਤੀ
ਮੁਲਾਂਜਮਾਂ ਅਤੇ ਪੈਨਸ਼ਨਰਾਂ ਵੱਲੋਂ ਮੁੱਖ ਮੰਤਰੀ ਦੇ ਸੰਭਾਵੀ ਵਿਰੋਧ ਨੂੰ ਦੇਖਦਿਆਂ ਅਧਿਕਾਰੀਆਂ ਨੇ ਪੰਜਾਬ ਪੁਲਿਸ ਦੇ ਖੁਫੀਆ ਵਿੰਗ ਨੂੂੰ ਵੀ ਅਗੇਤਾ ਹੀ ਤਾਇਨਾਤ ਕੀਤਾ ਗਿਆ ਹੈ। ਸੰਗਰੂਰ ਜਿਲ੍ਹੇ ਦੇ ਪਿੰਡ ਸ਼ੇਰੋਂ ’ਚ ਮੁੱਖ ਮੰਤਰੀ ਨੂੰ ਕਾਲਾ ਕੱਪੜਾ ਦਿਖਾਉਣ ਦੀ ਘਟਨਾ ਕਾਰਨ ਖੁਫੀਆ ਵਿਭਾਗ ਦੇ ਮੁਲਾਜਮ ਅੱਜ ਲੋੜ ਤੋਂ ਵੱਧ ਚੌਕਸ ਨਜ਼ਰ ਆ ਰਹੇ ਸਨ। ਸਟੇਡੀਅਮ ਦੇ ਬਾਹਰ ਸਾਦੇ ਕੱਪੜਿਆਂ ‘ਚ ਸੀਆਈਡੀ ਦੇ ਕਰਮਚਾਰੀਆਂ ਵੱਲੋਂ ਸ਼ੱਕੀ ਲੋਕਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਪ੍ਰਸ਼ਾਸ਼ਨ ਨੂੰ ਸ਼ੱਕ ਹੈ ਕਿ ਮੁਲਾਜਮ ,ਪੈਨਸ਼ਨਰ ਜਾਂ ਬੇਰੁਜ਼ਗਾਰ ਭੇਸ ਬਦਲਕੇ ਸਮਾਗਮ ’ਚ ਸ਼ਾਮਲ ਹੋਕੇ ਨਾਅਰੇਬਾਜੀ ਕਰ ਸਕਦੇ ਹਨ। ਦੂਜੇ ਪਾਸੇ ਪੁਲਿਸ ਪ੍ਰਸ਼ਾਸ਼ਨ ਬੇਰੁਜ਼ਗਾਰਾਂ ਅਤੇ ਮੁਲਾਜਮ ਆਗੂਆਂ ਨੂੰ ਪਲੋਸਣ ‘ਚ ਲੱਗਿਆ ਰਿਹਾ।
‘ਆਪ’ ਦੇ ਰੰਗ ’ਚ ਰੰਗਿਆ ਸ਼ਹਿਰ
ਮੁੱਖ ਮੰਤਰੀ ਭਗਵੰਤ ਮਾਨ ਦੇ ਦੌਰੇ ਮੌਕੇ ਬਠਿੰਡਾ ਆਮ ਆਦਮੀ ਪਾਰਟੀ ਦੇ ਰੰਗ ’ਚ ਰੰਗਿਆ ਗਿਆ ਹੈ। ਇਲਾਕੇ ’ਚ ਸੈਂਕੜੇ ਸਵਾਗਤੀ ਬੋਰਡ ਲਾਏ ਗਏ ਹਨ ਜਦੋਂਕਿ ਸੈਡੀਅਮ ਦੇ ਅੰਦਰ ਲੱਗੀਆਂ ਫਲੈਕਸਾਂ ਆਦਿ ਦੀ ਗਿਣਤੀ ਇਸ ਤੋਂ ਵੱਖਰੀ ਹੈ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਬਠਿੰਡਾ ਤੇ ਵਿਧਾਇਕ ਜਗਰੂਪ ਸਿੰਘ ਗਿੱਲ ਪੂਰੀ ਤਰਾਂ ਗਾਇਬ ਹਨ ਅਤੇ ਮਹਿਤਾ ਪ੍ਰੀਵਾਰ ਚਾਰ ਚੁਫੇਰੇ ਚਮਕ ਰਿਹਾ ਹੈ। ਇਸ ਦੌਰੇ ਨੂੰ ਸਫਲ ਬਨਾਉਣ ਅਤੇ ਸ਼ਹਿਰ ’ਚ ਆਪਣੀ ਪਕੜ ਦਾ ਮੁਜ਼ਾਹਰਾ ਕਰਨ ਲਈ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਅਤੇ ਉਨ੍ਹਾਂ ਦਾ ਮੇਅਰ ਲੜਕਾ ਪਦਮਜੀਤ ਮਹਿਤਾ ਪੂਰੀ ਤਰਾਂ ਸਰਗਰਮ ਹਨ। ਅੱਜ ਉਨ੍ਹਾਂ ਪਾਰਟੀ ਆਗੂਆਂ ਨਾਲ ਮੀਟਿੰਗ ਕੀਤੀ ਅਤੇ ਸਭਨਾਂ ਨੂੰ ਸਟੇਡੀਅਮ ਵਿੱਚ ਪੁੱਜਣ ਦਾ ਸੱਦਾ ਵੀ ਦਿੱਤਾ।
ਤਿਆਰੀਆਂ ਨੂੰ ਅੰਤਿਮ ਛੋਹਾਂ :ਡੀਸੀ
ਇਸ ਦੌਰਾਨ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦਾ ਕਹਿਣਾ ਸੀ ਕਿ ਪ੍ਰੋਗਰਾਮ ਨੂੰ ਸੁਚੱਜੇ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ । ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਦੇ ਉਦਘਾਟਨੀ ਸਮਾਰੋਹ ਮੌਕੇ 23 ਜ਼ਿਲ੍ਹਿਆਂ ਦੀਆਂ ਟੀਮਾਂ ਲੈਣਗੀਆਂ ਮਾਰਚ ਪਾਸਟ ਚ ਹਿੱਸਾ ਲੈਣਗੀਆਂ। ਉਨ੍ਹਾ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ 5 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ਬਠਿੰਡਾ ਵਿਖੇ ‘ਖੇਡਾਂ ਵਤਨ ਪੰਜਾਬ ਦੀਆਂ 2026’ ਦਾ ਆਗਾਜ਼ ਕਰਨਗੇ ਜਿੰਨ੍ਹਾਂ 16 ਤੋਂ ਘੱਟ ਅਤੇ 60 ਸਾਲ ਤੋਂ ਵੱਧ ਉਮਰ ਦੇ ਖਿਡਾਰੀ ਭਾਗ ਲੈ ਰਹੇ ਹਨ।
- Download Babushahi App
-
-