Babushahi Special ਸਵੱਛਤਾ ਮੁਹਿੰਮ : ਦਰਦ ਗੋਡਿਆਂ ਦਾ-ਦਵਾਈ ਢਿੱਡ ਦੁਖਦੇ ਦੀ ਦੇ ਰਿਹਾ ਨਗਰ ਨਿਗਮ
ਅਸ਼ੋਕ ਵਰਮਾ
ਬਠਿੰਡਾ , 20 ਸਤੰਬਰ 2026 : ਸਫਾਈ ਅਤੇ ਸੀਵਰੇਜ਼ ਕਾਮਿਆਂ ਵੱਲੋਂ ਕੀਤੀ ਗਈ ਅਣਮਿੱਥੇ ਸਮੇਂ ਦੀ ਹੜਤਾਲ ਕਾਰਨ ਬਠਿੰਡਾ ’ਚ ਸਫਾਈ ਪ੍ਰਬੰਧ ਤਹਿਸ ਨਹਿਸ ਹੋਣੇ ਸ਼ੁਰੂ ਹੋ ਗਏ ਹਨ ਪਰ ਨਗਰ ਨਿਗਮ ਨੂੰ ਹੜਤਾਲੀ ਮੁਲਾਜਮਾਂ ਨੂੰ ਮਨਾਉਣ ਦੀ ਥਾਂ ਸਵੱਛਤਾ ਮੁਹਿੰਮ ਚਲਾਉਣ ਦੀ ਪਈ ਹੈ। ਡਿਪਟੀ ਕਮਿਸ਼ਨਰ ਨੇ ‘ਸਵੱਛਤਾ ਹੀ ਸੇਵਾ ਮੁਹਿੰਮ’ ਤਹਿਤ ਸਫਾਈ ਅਭਿਆਨ ਦੀ ਜਿੰਮੇਵਾਰੀ ਕਮਿਸ਼ਨਰ ਨਗਰ ਨਿਗਮ ਨੂੰ ਜ਼ਿੰਮੇਵਾਰੀ ਸੌਂਪੀ ਹੈ ਜੋ 2 ਅਕਤੂਬਰ ਤੱਕ ਚੱਲਣਾ ਹੈ। ਵੱਡੀ ਗੱਲ ਹੈ ਕਿ ਜਿੰਨ੍ਹਾਂ ਨੇ ਸ਼ਹਿਰ ਸਾਫ ਰੱਖਣਾ ਹੈ ਉਨ੍ਹਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਮੰਗਾਂ ਮੰਨੇ ਬਗੈਰ ਹੜਤਾਲ ਖਤਮ ਨਹੀਂ ਕਰਨਗੇ। ਆਊਟਸੋਰਸਿੰਗ ਤਹਿਤ ਕੰਮ ਕਰਨ ਵਾਲੇ ਸਫਾਈ ਸੇਵਕ ਅਤੇ ਸੀਵਰਮੈਨ ਇਨਸੋਰਸਿੰਗ ਲਾਗੂ ਕਰਨ ਦੀ ਮੰਗ ਕਰ ਰਹੇ ਹਨ। ਹੜਤਾਲੀ ਮੁਲਾਜਮਾਂ ਦਾ ਕਹਿਣਾ ਸੀ ਕਿ ਬਾਕੀ ਥਾਵਾਂ ’ਤੇ ਇਨਸੋਰਸਿੰਗ ਦਾ ਅਮਲ ਸ਼ੁਰੂ ਹੋ ਗਿਆ ਹੈ ਪਰ ਬਠਿੰਡਾ ਨਿਗਮ ਚੁੱਪ ਵੱਟੀ ਬੈਠਾ ਹੈ।
ਹੁਣ ਜਦੋਂ ਦੋ ਮਹੱਤਵਪੂਰਨ ਵਿਭਾਗਾਂ ਨੇ ਕੰਮ ਠੱਪ ਕਰ ਦਿੱਤਾ ਹੈ ਤਾਂ ਬਠਿੰਡਾ ’ਚ ਸਵੱਛਤਾ ਮੁਹਿੰਮ ਨੂੰ ਗ੍ਰਹਿਣ ਲੱਗਣਾ ਸ਼ੁਰੂ ਹੋ ਗਿਆ ਹੈ। ਜਾਣਕਾਰੀ ਮੁਤਾਬਕ ਕਈ ਕਲੋਨੀਆਂ ’ਚ ਤਾਂ ਕੂੜਾ ਚੁੱਕਣ ਵਾਲੀਆਂ ਟਰਾਲੀਆਂ ਨੂੰ ਆਇਆਂ ਹਫਤਾ ਹੋਣ ਵਾਲਾ ਹੈ । ਇੰਨ੍ਹਾਂ ਇਲਾਕਿਆਂ ’ਚ ਲੋਕਾਂ ਨੇ ਘਰਾਂ ’ਚ ਇਕੱਤਰ ਹੋਇਆ ਕੂੜਾ ਐਤਵਾਰ ਨੂੰ ਹੀ ਡੰਪਾਂ ’ਤੇ ਸੁੱਟਣਾ ਸ਼ੁਰੂ ਕਰ ਦਿੱਤਾ ਸੀ ਜੋ ਅੱਜ ਵੀ ਜਾਰੀ ਰਿਹਾ। ਕਈ ਸੁਆਣੀਆਂ ਦਾ ਕਹਿਣਾ ਸੀ ਕਿ ਕੂੜੇ ਕਾਰਨ ਮੱਖੀਆਂ ਅਤੇ ਮੱਛਰਾਂ ਦੀ ਹੋਈ ਭਰਮਾਰ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਦਾਅਵਿਆਂ ਦੇ ਬਾਵਜੂਦ ਨਗਰ ਨਿਗਮ ਸ਼ਹਿਰ ਚੋਂ ਕੂੜੇ ਕਰਕਟ ਦੇ ਢੇਰਾਂ ਨੂੰ ਘੱਟ ਨਹੀਂ ਕਰ ਸਕਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੀ ਹੜਤਾਲ ਕਾਰਨ ਸ਼ਹਿਰ ਇਕੱਠਾ ਹੋਇਆ ਕੂੜਾ ਅਜੇ ਪੂਰੀ ਤਰਾਂ ਚੁੱਕਿਆ ਨਹੀਂ ਗਿਆ ਸੀ ਕਿ ਸਫਾਈ ਸੇਵਕ ਹੁਣ ਫਿਰ ਹੜਤਾਲ ’ਤੇ ਚਲੇ ਗਏ ਹਨ।
ਦੂਜੇ ਪਾਸੇ ਕੂੜਾ ਡੰਪਾਂ ਦੀ ਬਦਬੂ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਨ ਲੱਗੀ ਹੈ । ਲੋਕ ਆਖਦੇ ਹਨ ਕਿ ਕਈ ਖੇਤਰਾਂ ’ਚ ਤਾਂ ਸੜਕਾਂ ਲਾਗੇ ਹੀ ਡੰਪ ਬਣਾ ਰੱਖੇ ਹਨ ਜੋ ਲੋਕਾਂ ਦੀਆਂ ਮੁਸ਼ਕਲਾਂ ਵਧਾਉਂਦੇ ਹਨ। ਗੁਰੂ ਤੇਗ ਬਹਾਦਰ ਨਗਰ ਨਿਵਾਸੀ ਜਸਵੰਤ ਸਿੰਘ ਦਾ ਕਹਿਣਾ ਸੀ ਕਿ ਕਿ ਬਠਿੰਡਾ ਦੇ ਕਈ ਇਲਾਕਿਆਂ ’ਚ ਸੀਵਰੇਜ਼ ਦੇ ਪਾਣੀ ਤੇ ਕੂੜੇ ਦੀ ਬਦੌਲਤ ਫੈਲੀ ਗੰਦਗੀ ਦੀ ਬਦਬੂ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਵਿੱਚ ਨਗਰ ਨਿਗਮ ਫੇਲ੍ਹ ਰਿਹਾ ਹੈ। ਉਨ੍ਹਾਂ ਕਿਹਾ ਕਿ ਬਹੁਤੇ ਇਲਾਕਿਆਂ ਦੀਆਂ ਸੜਕਾਂ ਉੱਪਰ ਕੂੜੇ ਦਾ ਪਸਾਰਾ ਹੈ ਜਿਸ ਦੀ ਬਦਬੂ ਕਾਰਨ ਨੱਕ ਢਕਕੇ ਲੰਘਣਾ ਵੀ ਔਖਾ ਹੋ ਰਿਹਾ ਹੈ । ਉਨ੍ਹਾਂ ਕਿਹਾ ਕਿ ਅਜਿਹੇ ਮਾਹੌਲ ਵਿੱਚ ਤੰਦਰੁਸਤ ਜਿੰਦਗੀ ਦੀ ਕਿਸ ਤਰਾਂ ਕਾਮਨਾ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਗੰਦਗੀ ਨੇ ਨਗਰ ਨਿਗਮ ਵੱਲੋਂ ਸਾਫ ਸੁਥਰਾ ਬਠਿੰਡਾ ਬਨਾਉਣ ਦੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ।
ਨਗਰ ਨਿਗਮ ਨੂੰ ਨਸੀਹਤ
ਨਾਗਰਿਕ ਚੇਤਲਾ ਮੰਚ ਦੇ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ ਦਾ ਕਹਿਣਾ ਸੀ ਕਿ ਨਗਰ ਨਿਗਮ ਮੁਲਾਜਮਾਂ ਦੀਆਂ ਮੰਗਾਂ ਮੰਨਕੇ ਹੜਤਾਲ ਖਤਮ ਕਰਵਾਏ ਤਾਂ ਹੀ ‘ਸਵੱਛਤਾ ਮੁਹਿੰਮ’ ਸਾਰਥਿਕ ਹੋ ਸਕਦੀ ਹੈ। ਉਨ੍ਹਾਂ ਆਖਿਆ ਕਿ ਕਦੀ ਸਫਾਈ ’ਚ ਪਹਿਲੇ ਨੰਬਰ ’ਤੇ ਆਉਣ ਵਾਲੇ ਬਠਿੰਡਾ ਲਈ ਇਹ ਕੂੜਾ ਨਮੋਸ਼ੀ ਦਾ ਸਬੱਬ ਹੈ। ਉਨ੍ਹਾਂ ਅਫਸਰਾਂ ਨੂੰ ਨਸੀਹਤ ਦਿੱਤੀ ਕਿ ਨਗਰ ਨਿਗਮ ਕੂੜਾ ਚੁੱਕਣ ਵਾਲੇ ਪ੍ਰਬੰਧਾਂ ਨੂੰ ਸੁਚਾਰੂ ਬਣਾਏ ਜਾਏ ਨਹੀਂ ਤਾਂ ਖਿੱਲਰਿਆ ਕੂੜਾ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ।
ਮੰਗਾਂ ਮੰਨਣ ਤੱਕ ਸੰਘਰਸ਼ : ਰਵੀ
ਸੀਵਰ ਵਰਕਰਜ਼ ਯੂਨੀਅਨ ਬਠਿੰਡਾ ਦੇ ਪ੍ਰਧਾਨ ਰਵੀ ਕੁਮਾਰ ਦਾ ਕਹਿਣਾ ਸੀ ਕਿ 27 ਜੁਲਾਈ ਦੇ ਫ਼ੈਸਲੇ ਤੋਂ ਬਾਅਦ ਮਾਮਲੇ ਦੀ ਸਮੀਖਿਆ ਲਈ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਸੀ ਜਿਸ ਦੀ ਰਿਪੋਰਟ ’ਤੇ ਕਾਰਵਾਈ ਦੀ ਉਮੀਦ ਸੀ ਪਰ ਕਾਫ਼ੀ ਸਮਾਂ ਬੀਤਣ ਦੇ ਬਾਵਜੂਦ ਪ੍ਰਸ਼ਾਸਨ ਨੇ ਕੋਈ ਸਾਰਥਿਕ ਪਹਿਲਕਦਮੀ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀਆਂ ਇੰਨ੍ਹਾਂ ਬੇਰੁਖੀਆਂ ਕਾਰਨ ਮੁਲਾਜ਼ਮਾਂ ਨੂੰ ਹੜਤਾਲ ਦਾ ਸਹਾਰਾ ਲੈਣਾ ਪੈ ਰਿਹਾ ਹੈ। ਯੂਨੀਅਨ ਆਗੂ ਰਵੀ ਕੁਮਾਰ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ, ਸਾਡਾ ਸੰਘਰਸ਼ ਇੰਜ ਹੀ ਜਾਰੀ ਰਹੇਗਾ।”
ਕਮਿਸ਼ਨਰ ਨੇ ਫੋਨ ਨਹੀਂ ਚੁੱਕਿਆ
ਹੜਤਾਲ ਸਬੰਧੀ ਪੱਖ ਜਾਨਣ ਲਈ ਸੰਪਰਕ ਕਰਨ ’ਤੇ ਨਗਰ ਨਿਗਮ ਦੀ ਕਮਿਸ਼ਨਰ ਲਵਜੀਤ ਕਲਸੀ ਨੇ ਫੋਨ ਨਹੀਂ ਚੁੱਕਿਆ।
ਮਸਲੇ ਦਾ ਹੱਲ ਜਲਦੀ: ਮੇਅਰ
ਨਗਰ ਨਿਗਮ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਦਾ ਕਹਿਣਾ ਸੀ ਕਿ ਹੜਤਾਲੀ ਮੁਲਾਜਮਾਂ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਜਲਦੀ ਹੀ ਮਸਲੇ ਦਾ ਹੱਲ ਕੱਢ ਲਿਆ ਜਾਏਗਾ।
ਸਰਕਾਰੀ ਪ੍ਰੈਸ ਨੋਟ ਦਾ ਸਾਰ
ਨਗਰ ਨਿਗਮ ਕਮਿਸ਼ਨਰ ਮੈਡਮ ਲਵਜੀਤ ਕਲਸੀ ਨੇ ਦੱਸਿਆ ਕਿ ਮੁਹਿੰਮ ਤਹਿਤ ਧੋਬੀ ਘਾਟ ਅਤੇ ਸਬਜ਼ੀ ਮੰਡੀ ਇਲਾਕੇ ਦੀ ਸਫ਼ਾਈ ਅਤੇ ਲੋਕਾਂ ਨੂੰ ਆਪਣੇ ਆਲੇ-ਦੁਆਲੇ ਸਾਫ਼-ਸਫ਼ਾਈ ਰੱਖਣ ਅਤੇ ਕੂੜਾ ਨਿਰਧਾਰਤ ਸਥਾਨ ’ਤੇ ਪਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ। ਇਸ ਦੌਰਾਨ ਸਰੀਰਕ ਸਫ਼ਾਈ ਦੇ ਨਾਲ-ਨਾਲ ਆਪਣੇ ਸਕੂਲ ਅਤੇ ਆਲੇ-ਦੁਆਲੇ ਦੇ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਸਬੰਧੀ ਦੋ ਸਕੂਲਾਂ ਦੇ ਵਿਦਿਆਰਥੀਆਂ ਲਈ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਮੌਕੇ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਕੂੜਾ ਇੱਧਰ ਓਧਰ ਨਾਂ ਖਿਲਾਰਨ ਅਤੇ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ ਵੱਖ ਰੱਖਣ ਦੀ ਅਪੀਲ ਵੀ ਕੀਤੀ।
- Download Babushahi App
-
-