15 ਕਰੋੜ ਦੇ ਸਰਕਾਰੀ ਕਣਕ ਘਪਲੇ ਦੀ ਗੂੰਜ ਮਨੁੱਖੀ ਅਧਿਕਾਰ ਕਮਿਸ਼ਨ ਤੱਕ
ਗਰੀਬਾਂ ਦੇ ਹੱਕਾਂ ਨਾਲ ਖਿਲਵਾੜ ਦੇ ਦੋਸ਼ਾਂ ਨੇ ਮਚਾਈ ਹਲਚਲ
ਸੁਖਮਿੰਦਰ ਭੰਗੂ
ਲੁਧਿਆਣਾ 3 ਜੂਨ 2026
ਲੁਧਿਆਣਾ ਵਿੱਚ ਸਰਕਾਰੀ ਕਣਕ ਦੇ ਭੰਡਾਰ ਨੂੰ ਲੈ ਕੇ ਸਾਹਮਣੇ ਆਏ ਕਥਿਤ ਵੱਡੇ ਘਪਲੇ ਨੇ ਹੁਣ ਨਵਾਂ ਮੋੜ ਲੈ ਲਿਆ ਹੈ। ਜਗਰਾਓਂ ਨੇੜੇ ਇੱਕ ਰਾਈਸ ਮਿੱਲ ਵਿੱਚ ਰੱਖੀ ਗਈ ਸਰਕਾਰੀ ਕਣਕ ਨੂੰ ਪਾਣੀ ਨਾਲ ਭਿੱਜ ਕੇ ਉਸ ਦਾ ਵਜ਼ਨ ਵਧਾਉਣ ਦੇ ਦੋਸ਼ਾਂ ਦੀ ਗੂੰਜ ਹੁਣ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਤੱਕ ਪਹੁੰਚ ਗਈ ਹੈ। ਇਸ ਮਾਮਲੇ ਨੂੰ ਗਰੀਬ ਅਤੇ ਲੋੜਵੰਦ ਲੋਕਾਂ ਦੇ ਹੱਕਾਂ ਨਾਲ ਸਿੱਧਾ ਖਿਲਵਾੜ ਕਰਾਰ ਦਿੰਦਿਆਂ ਉੱਘੇ ਸਮਾਜ ਸੇਵਕ ਅਰਵਿੰਦ ਸ਼ਰਮਾਂ ਨੇ ਲਿਖਤੀ ਸ਼ਿਕਾਇਤ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਭੇਜੀ ਹੈ।
ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਫੂਡ ਸਪਲਾਈ ਵਿਭਾਗ ਵੱਲੋਂ ਭੰਡਾਰਿਤ ਕੀਤੀ ਗਈ ਸਰਕਾਰੀ ਕਣਕ ਨੂੰ ਜਾਣਬੁੱਝ ਕੇ ਪਾਣੀ ਨਾਲ ਭਿੱਜਿਆ ਗਿਆ ਤਾਂ ਜੋ ਉਸ ਦਾ ਵਜ਼ਨ ਵਧਾਇਆ ਜਾ ਸਕੇ। ਦਾਅਵਾ ਕੀਤਾ ਗਿਆ ਹੈ ਕਿ ਇਸ ਤਰੀਕੇ ਨਾਲ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਪਹੁੰਚਾ ਕੇ ਕੁਝ ਲੋਕਾਂ ਵੱਲੋਂ ਗੈਰ-ਕਾਨੂੰਨੀ ਲਾਭ ਕਮਾਉਣ ਦੀ ਕੋਸ਼ਿਸ਼ ਕੀਤੀ ਗਈ। ਜੇਕਰ ਇਹ ਦੋਸ਼ ਸਹੀ ਸਾਬਤ ਹੁੰਦੇ ਹਨ ਤਾਂ ਇਹ ਨਾ ਸਿਰਫ਼ ਸਰਕਾਰੀ ਅਨਾਜ ਦੀ ਗੁਣਵੱਤਾ ਨਾਲ ਧੋਖਾ ਹੋਵੇਗਾ, ਸਗੋਂ ਉਨ੍ਹਾਂ ਗਰੀਬ ਪਰਿਵਾਰਾਂ ਦੇ ਹੱਕਾਂ 'ਤੇ ਵੀ ਡਾਕਾ ਹੋਵੇਗਾ ਜੋ ਸਰਕਾਰੀ ਰਾਸ਼ਨ ਪ੍ਰਣਾਲੀ 'ਤੇ ਨਿਰਭਰ ਹਨ।
ਇੱਕ ਰੋਜ਼ਾਨਾ ਅਖਬਾਰ ਵਿੱਚ ਪ੍ਰਕਾਸ਼ਿਤ ਖ਼ਬਰ ਤੋਂ ਬਾਅਦ ਇਹ ਮਾਮਲਾ ਜਨਤਕ ਚਰਚਾ ਦਾ ਵਿਸ਼ਾ ਬਣ ਗਿਆ ਹੈ। ਅਖ਼ਬਾਰ ਵਿੱਚ ਛਪੀ ਤਸਵੀਰਾਂ ਅਤੇ ਦਾਵਿਆਂ ਨੇ ਕਈ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਆਖ਼ਰ ਸਰਕਾਰੀ ਅਨਾਜ ਦੀ ਸੁਰੱਖਿਆ ਅਤੇ ਨਿਗਰਾਨੀ ਲਈ ਬਣੇ ਪ੍ਰਬੰਧ ਕਿੱਥੇ ਨਾਕਾਮ ਰਹੇ। ਸ਼ਿਕਾਇਤਕਰਤਾ ਸ਼ਰਮਾ ਨੇ ਮਨੁੱਖੀ ਅਧਿਕਾਰ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਨਿਰਪੱਖ ਅਤੇ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਮਾਮਲੇ ਨੇ ਸਿਆਸੀ ਅਤੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਵੀ ਚਰਚਾ ਛੇੜ ਦਿੱਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰੀ ਰਾਸ਼ਨ ਗਰੀਬਾਂ ਦੀ ਜ਼ਿੰਦਗੀ ਦਾ ਅਹਿਮ ਸਹਾਰਾ ਹੈ ਅਤੇ ਇਸ ਨਾਲ ਜੁੜੀ ਕਿਸੇ ਵੀ ਤਰ੍ਹਾਂ ਦੀ ਗੜਬੜ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਹੁਣ ਸਭ ਦੀਆਂ ਨਿਗਾਹਾਂ ਜਾਂਚ ਏਜੰਸੀਆਂ ਅਤੇ ਮਨੁੱਖੀ ਅਧਿਕਾਰ ਕਮਿਸ਼ਨ 'ਤੇ ਟਿਕੀਆਂ ਹੋਈਆਂ ਹਨ ਕਿ ਉਹ ਇਸ ਮਾਮਲੇ ਦੀ ਸੱਚਾਈ ਸਾਹਮਣੇ ਲਿਆ ਕੇ ਜ਼ਿੰਮੇਵਾਰ ਲੋਕਾਂ ਨੂੰ ਕਟਘਰੇ ਵਿੱਚ ਖੜ੍ਹਾ ਕਰਦੇ ਹਨ ਜਾਂ ਨਹੀਂ।
ਇਸ ਵਿਵਾਦ ਨੇ ਇੱਕ ਵਾਰ ਫਿਰ ਸਰਕਾਰੀ ਅਨਾਜ ਭੰਡਾਰਨ ਅਤੇ ਵੰਡ ਪ੍ਰਣਾਲੀ ਦੀ ਪਾਰਦਰਸ਼ਤਾ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਜੇਕਰ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਇਹ ਸਿਰਫ਼ ਵਿੱਤੀ ਘਪਲਾ ਨਹੀਂ, ਸਗੋਂ ਲੱਖਾਂ ਗਰੀਬ ਲੋਕਾਂ ਦੇ ਹੱਕਾਂ ਅਤੇ ਭਰੋਸੇ ਨਾਲ ਕੀਤੀ ਗਈ ਵੱਡੀ ਧੋਖਾਧੜੀ ਮੰਨੀ ਜਾਵੇਗੀ।
- Download Babushahi App
-
-