ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ
ਅਜਨਾਲਾ ਤੇ ਡੇਰਾ ਬਾਬਾ ਨਾਨਕ ਹਲਕਿਆਂ ਦੇ ਹੜ੍ਹ ਮਾਰੇ ਇਲਾਕਿਆਂ ਦਾ ਕੀਤਾ ਦੌਰਾ
ਕਿਹਾ ਕਿ ਆਪ ਸਰਕਾਰ ਨੇ ਪਿਛਲੇ ਸਾਲ ਆਏ ਤਬਾਹੀ ਭਰੇ ਹੜ੍ਹਾਂ ਤੋਂ ਕੋਈ ਸਬਕ ਨਹੀਂ ਸਿੱਖਿਆ
ਅਜਨਾਲਾ/ਡੇਰਾ ਬਾਬਾ ਨਾਨਕ, 21 ਜੁਲਾਈ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੂੰ ਆਖਿਆ ਕਿ ’ਆਪਣਾ ਪੰਜਾਬ ਆਪਾਂ ਬਚਾਈਏ’ ਮੁਹਿੰਮ ਦੇ ਤਹਿਤ ਉਹ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕਰਨ ਅਤੇ ਉਹਨਾਂ ਨੇ ਦੋ ਹਲਕਿਆਂ ਵਿਚ ਹੜ੍ਹ ਮਾਰੇ ਖੇਤਰਾਂ ਦਾ ਦੌਰਾ ਵੀ ਕੀਤਾ
ਅਜਨਾਲਾ ਵਿਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਚਿੰਤਾ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਪਿਛਲੇ ਸਾਲ ਆਏ ਤਬਾਹੀ ਭਰੇ ਹੜ੍ਹਾਂ ਤੋਂ ਕੋਈ ਸਬਕ ਨਹੀਂ ਸਿੱਖਿਆ ਜਿਸਨੇ ਲੱਖਾਂ ਏਕੜ ਵਿਚ ਝੋਨੇ ਦੀ ਫਸਲ ਤਬਾਹ ਕਰ ਦਿੱਤੀ ਸੀ।
ਸਰਦਾਰ ਬਾਦਲ ਨੇ ਕਿਹਾ ਕਿ ਇਥੇ ਕਿਸਾਨਾਂ ਨਾਲ ਹੋਈ ਗੱਲਬਾਤ ਦੌਰਾਨ ਉਹਨਾਂ ਨੂੰ ਪਤਾ ਲੱਗਾ ਕਿ ਮੌਨਸੂਨ ਸੀਜ਼ਨ ਤੋਂ ਪਹਿਲਾਂ ਹੜ੍ਹ ਰੋਕੂ ਕੰਮ ਮੁਕੰਮਲ ਨਹੀਂ ਕੀਤੇ ਗਏ। ਉਹਨਾਂ ਕਿਹਾ ਕਿ ਬੰਨਾਂ ਨੂੰ ਮਜ਼ਬੂਤ ਕਰਨ ਦੀ ਥਾਂ ਅਨੇਕਾਂ ਥਾਵਾਂ ’ਤੇ ਆਮ ਆਦਮੀ ਪਾਰਟੀ ਦੀ ਸਰਪ੍ਰਸਤੀ ਹੇਠ ਹੋਈ ਗੈਰ ਕਾਨੂੰਨੀ ਮਾਇਨਿੰਗ ਕਾਰਨ ਇਹ ਹੋਰ ਕਮਜ਼ੋਰ ਹੋ ਗਏ ਹਨ।
ਸਰਦਾਰ ਬਾਦਲ ਨੇ ਅੱਜ ਡੇਰਾ ਬਾਬਾ ਨਾਨਕ ਹਲਕੇ ਦਾ ਦੌਰਾ ਵੀ ਕੀਤਾ ਜਿਸ ਦੌਰਾਨ ਉਹਨਾਂ ਨੇ ਕਰਤਾਰਪੁਰ ਸਾਹਿਬ ਲਾਂਘੇ ਦੇ ਨੇੜਲੇ ਬੰਨਾਂ ਦੀ ਸਮੀਖਿਆ ਕੀਤੀ। ਉਹਨਾਂ ਕਿਹਾ ਕਿ ਇਹ ਬਹੁਤ ਹੀ ਚਿੰਤਾ ਵਾਲੀ ਗੱਲ ਹੈ ਕਿ ਜਿਥੇ ਬੰਨ ਲਾਉਣੇ ਸਨ, ਉਹ ਵੀ ਨਹੀਂ ਲਗਾਏ ਗਏ। ਉਹਨਾਂ ਕਿਹਾ ਕਿ ਜੇਕਰ ਆਉਂਦੇ ਦਿਨਾਂ ਵਿਚ ਭਾਰੀ ਬਰਸਾਤਾਂ ਹੋ ਗਈਆਂ ਤਾਂ ਹਾਲਾਤ ਹੋਰ ਮਾੜੇ ਹੋ ਜਾਣਗੇ। ਉਹਨਾਂ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ’ਤੇ ਨਿਰਭਰ ਨਾ ਰਹਿਣ ਅਤੇ ਆਪਣੇ ਹੱਥਾਂ ਵਿਚ ਕੰਮ ਲੈ ਕੇ ਲੋੜੀਂਦੇ ਕੰਮ ਮੁਕੰਮਲ ਕਰਨ।
ਅਜਨਾਲਾ ਅਤੇ ਡੇਰਾ ਬਾਬਾ ਨਾਨਕ ਵਿਖੇ ਪਾਰਟੀ ਦੇ ਹਲਕਾ ਇੰਚਾਰਜਾਂ ਜੋਧ ਸਿੰਘ ਸਮਰਾ ਅਤੇ ਸੁੱਚਾ ਸਿੰਘ ਲੰਗਾਹ ਨੇ ਪਾਰਟੀ ਪ੍ਰਧਾਨ ਨੂੰ ਭਰੋਸਾ ਦੁਆਇਆ ਕਿ ਉਹ ਇਲਾਕੇ ਦੇ ਲੋਕਾਂ ਨਾਲ ਸਲਾਹ ਮਸ਼ਵਰਾ ਕਰ ਕੇ ਕੰਮ ਮੁਕੰਮਲ ਕਰਨਗੇ।
ਸਰਦਾਰ ਬਾਦਲ ਨੇ ਪਾਰਟੀ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਕੰਮ ਮੁਕੰਮਲ ਕਰਨ ਵਾਸਤੇ ਟਰੈਕਟਰਾਂ ਦੀ ਮਦਦ ਲੈਣ ਤੇ ਕਿਹਾ ਕਿ ਉਹ ਕੰਮ ਮੁਕੰਮਲ ਕਰਨ ਵਾਸਤੇ ਲੋੜੀਂਦਾ ਸਾਰਾ ਡੀਜ਼ਲ ਆਪ ਪ੍ਰਦਾਨ ਕਰਨਗੇ।
ਉਹਨਾਂ ਕਿਹਾ ਕਿ ਅਕਾਲੀ ਦਲ ਨੇ ਸੂਬੇ ਵਿਚ ਪੰਦਰਾਂ ਅਜਿਹੇ ਹਲਕਿਆਂ ਦੀ ਪਛਾਣ ਕੀਤੀ ਹੈ ਜਿਥੇ ਹੜ੍ਹਾਂ ਦਾ ਖ਼ਤਰਾ ਹੈ ਤੇ ਪਾਰਟੀ ਦੇ ਆਗੂਆਂ ਨੂੰ ਆਖਿਆ ਗਿਆ ਹੈ ਕਿ ਉਹ ਜਿਥੇ ਕਿਤੇ ਵੀ ਜ਼ਰੂਰਤ ਹੈ ਉਥੇ ’ਬੰਨਾਂ’ ਨੂੰ ਮਜ਼ਬੂਤ ਕਰਨ।
ਅਕਾਲੀ ਦਲ ਦੇ ਪ੍ਰਧਾਨ ਨੇ ਇਸ ਮੌਕੇ ਪੰਥਕ ਏਕੇ ਦਾ ਸੱਦਾ ਵੀ ਦਿੱਤਾ।
ਸਰਦਾਰ ਬਾਦਲ ਨੇ ਸਾਰੇ ਅਕਾਲੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਬੈਨਰ ਹੇਠ ਇਕਜੁੱਟ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਤੁਸੀਂ ਕਿਸੇ ਵਿਅਕਤੀ ਖਿਲਾਫ ਰੋਹ ਵਿਚ ਹੋ ਸਕਦੇ ਹੋ ਪਰ ਤੁਹਾਡੇ ਮਨਾਂ ਵਿਚ ਸਾਡੀ ਉਸ ਮਾਂ ਪਾਰਟੀ ਦੇ ਖਿਲਾਫ ਰੋਹ ਨਹੀਂ ਹੋਣਾ ਚਾਹੀਦਾ ਜੋ ਸਾਡੇ ਪੁਰਖ਼ਿਆਂ ਨੇ ਵੱਡੀਆਂ ਕੁਰਬਾਨੀਆਂ ਬਾਅਦ ਖੜ੍ਹੀ ਕੀਤੀ ਹੈ।
ਉਹਨਾਂ ਕਿਹਾ ਕਿ ਦਿੱਲੀ ਆਧਾਰਿਤ ਪਾਰਟੀਆਂ ਹਰ ਚੀਜ਼ ’ਤੇ ਕਬਜ਼ਾ ਕਰਨਾ ਚਾਹੁੰਦੀਆਂ ਹਨ ਤੇ ਉਹ ਦੇਸ਼ ਭਰ ਵਿਚ ਗੁਰੂ ਘਰਾਂ ਦਾ ਕੰਟਰੋਲ ਆਪਣੇ ਹੱਥਾਂ ਵਿਚ ਲੈਣਾ ਚਾਹੁੰਦੀਆਂ ਹਨ ਤੇ ਏਜੰਸੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਹੋਰ ਅਕਾਲੀ ਧੜੇ ਖੜ੍ਹੇ ਕਰ ਰਹੀਆਂ ਹਨ।
ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਾਜ਼ਿਸ਼ ਨੂੰ ਸਮਝਣ ਤੇ ਕਿਹਾ ਕਿ ਅਕਾਲੀ ਦਲ ਹੀ ਪੰਜਾਬ ਤੇ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਕਰ ਸਕਦਾ ਹੈ।
ਇਸ ਮੌਕੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਵੀ ਅਕਾਲੀ ਦਲ ਪ੍ਰਧਾਨ ਦੇ ਨਾਲ ਸਨ।
- Download Babushahi App
-
-