ਹਾਈਕਮਾਨ ਦੇ ਥਾਪੜੇ ਮਗਰੋਂ ਸੁਖਵਿੰਦਰ ਸਿੰਘ ਸਿੱਧੂ ਨੂੰ ਮਿਲਣ ਲੱਗਾ ਲੋਕਾਂ ਦਾ ਹੋਰ ਭਰਵਾਂ ਸਮਰਥਨ,
ਪਿੰਡ ਦੇਹੜਕਾ ਦੇ ਕਾਂਗਰਸੀ ਆਗੂਆਂ ਨੇ ਟਿਕਟ ਦੇਣ ਦੀ ਕੀਤੀ ਮੰਗ
ਜਗਰਾਓਂ, 29 ਨਵੰਬਰ(ਦੀਪਕ ਜੈਨ)

ਕਾਂਗਰਸ ਹਾਈਕਮਾਨ ਵੱਲੋਂ ਮਿਲੇ ਹੌਸਲੇ ਅਤੇ ਥਾਪੜੇ ਤੋਂ ਬਾਅਦ ਜਗਰਾਓਂ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਸਿੱਧੂ ਦੀ ਦਾਅਵੇਦਾਰੀ ਨੂੰ ਲਗਾਤਾਰ ਮਜ਼ਬੂਤੀ ਮਿਲ ਰਹੀ ਹੈ। ਇਸੇ ਲੜੀ ਤਹਿਤ ਅੱਜ ਪਿੰਡ ਦੇਹੜਕਾ ਵਿਖੇ ਪਿੰਡ ਦੇ ਕਾਂਗਰਸੀ ਆਗੂਆਂ ਅਤੇ ਹੋਰ ਪਤਵੰਤੇ ਸੱਜਣਾਂ ਵੱਲੋਂ ਸੁਖਵਿੰਦਰ ਸਿੰਘ ਸਿੱਧੂ ਦੇ ਸਮਰਥਨ ਵਿੱਚ ਵਿਸ਼ੇਸ਼ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਹਾਜ਼ਰ ਆਗੂਆਂ ਅਤੇ ਪਤਵੰਤੇ ਸੱਜਣਾਂ ਨੇ ਇਕਸੁਰ ਹੁੰਦਿਆਂ ਕਿਹਾ ਕਿ ਜਗਰਾਓਂ ਹਲਕੇ ਵਿੱਚ ਮੌਜੂਦਾ ਸੱਤਾ ਅਤੇ ਮੌਜੂਦਾ ਵਿਧਾਇਕ ਨੂੰ ਸਿਆਸੀ ਤੌਰ 'ਤੇ ਮਜ਼ਬੂਤ ਟੱਕਰ ਦੇਣ ਦੇ ਨਾਲ-ਨਾਲ ਲੋਕਾਂ ਦੇ ਹੱਕਾਂ ਲਈ ਡਟ ਕੇ ਆਵਾਜ਼ ਬੁਲੰਦ ਕਰਨ ਦੀ ਸਮਰੱਥਾ ਸੁਖਵਿੰਦਰ ਸਿੰਘ ਸਿੱਧੂ ਵਿੱਚ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੇ ਹਮੇਸ਼ਾ ਲੋਕਾਂ ਦੇ ਮਸਲਿਆਂ ਨੂੰ ਪਹਿਲ ਦਿੱਤੀ ਹੈ ਅਤੇ ਲੋਕਾਂ ਦੇ ਹੱਕਾਂ ਲਈ ਸੰਘਰਸ਼ ਕਰਨ ਦਾ ਜਜ਼ਬਾ ਰੱਖਦੇ ਹਨ।
ਆਗੂਆਂ ਨੇ ਕਿਹਾ ਕਿ ਜੇਕਰ ਜਗਰਾਓਂ ਹਲਕੇ ਵਿੱਚ ਕਾਂਗਰਸ ਨੂੰ ਮਜ਼ਬੂਤ ਕਰਨ ਅਤੇ ਮੌਜੂਦਾ ਵਿਧਾਇਕ ਨੂੰ ਸਿਆਸੀ ਤੌਰ 'ਤੇ ਠੋਸ ਜਵਾਬ ਦੇਣ ਵਾਲਾ ਕੋਈ ਆਗੂ ਹੈ ਤਾਂ ਉਹ ਸੁਖਵਿੰਦਰ ਸਿੰਘ ਸਿੱਧੂ ਹਨ। ਇਸ ਲਈ ਸਮੂਹ ਹਾਜ਼ਰੀਨ ਨੇ ਸਿੱਧੂ ਨੂੰ ਆਪਣਾ ਪੂਰਨ ਸਮਰਥਨ ਦੇਣ ਦਾ ਭਰੋਸਾ ਦਿੰਦਿਆਂ ਕਾਂਗਰਸ ਹਾਈਕਮਾਨ ਤੋਂ ਜਗਰਾਓਂ ਹਲਕੇ ਦੀ ਟਿਕਟ ਸੁਖਵਿੰਦਰ ਸਿੰਘ ਸਿੱਧੂ ਨੂੰ ਦੇਣ ਦੀ ਪੁਰਜ਼ੋਰ ਮੰਗ ਕੀਤੀ।
ਇਸ ਮੌਕੇ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਸਾਬਕਾ ਚੇਅਰਮੈਨ, ਭਜਨ ਸਿੰਘ ਸਵੱਦੀ ਜ਼ਿਲ੍ਹਾ ਮੀਤ ਪ੍ਰਧਾਨ, ਆਜ਼ਾਦ ਸਵੱਦੀ ਪ੍ਰਧਾਨ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ, ਮਨੀ ਗਰਗ ਪ੍ਰਧਾਨ ਯੂਥ ਕਾਂਗਰਸ, ਦਰਸ਼ਨ ਲੱਖਾ ਸਾਬਕਾ ਚੇਅਰਮੈਨ, ਪੰਡਿਤ ਤੇਜ ਪ੍ਰਕਾਸ਼ ਲੰਮਾ, ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਦੀਪਾ, ਹਰਮਨ ਗਾਲਿਬ, ਪੰਚ ਬਲਦੇਵ ਸਿੰਘ, ਸੁਖਦੇਵ ਸਿੰਘ, ਸੂਬੇਦਾਰ ਨਿਰੋਤਮ ਸਿੰਘ, ਸਾਬਕਾ ਸਰਪੰਚ ਕਰਮਜੀਤ ਸਿੰਘ, ਪ੍ਰਦੀਪ ਸਿੰਘ, ਮੱਘਰ ਸਿੰਘ ਧਾਲੀਵਾਲ, ਸੁਸਾਇਟੀ ਪ੍ਰਧਾਨ ਸਰਬਜੀਤ ਖਹਿਰਾ, ਰਵਿੰਦਰ ਕੁਮਾਰ ਰਾਜੂ, ਕੈਪਟਨ ਸੁਖਵਿੰਦਰ ਸਿੰਘ, ਚਰਨ ਸਿੰਘ ਲੰਬਰਦਾਰ, ਪਿਆਰਾ ਸਿੰਘ ਲੰਬਰਦਾਰ, ਮੱਘਰ ਸਿੰਘ ਧਾਲੀਵਾਲ ਕੈਨੇਡਾ, ਦੇਵ ਖਾਨ ਸਮੇਤ ਹੋਰ ਕਈ ਪਤਵੰਤੇ ਸੱਜਣ ਹਾਜ਼ਰ ਸਨ।
ਇਸ ਮੀਟਿੰਗ ਨੇ ਇੱਕ ਵਾਰ ਫਿਰ ਸਪੱਸ਼ਟ ਕਰ ਦਿੱਤਾ ਕਿ ਜਗਰਾਓਂ ਵਿੱਚ ਸੁਖਵਿੰਦਰ ਸਿੰਘ ਸਿੱਧੂ ਦੀ ਦਾਅਵੇਦਾਰੀ ਨੂੰ ਪਿੰਡ ਪੱਧਰ 'ਤੇ ਲਗਾਤਾਰ ਸਮਰਥਨ ਮਿਲ ਰਿਹਾ ਹੈ ਅਤੇ ਸਮਰਥਕਾਂ ਵੱਲੋਂ ਹੁਣ ਹਾਈਕਮਾਨ ਤੱਕ ਆਪਣੀ ਆਵਾਜ਼ ਪਹੁੰਚਾਈ ਜਾ ਰਹੀ ਹੈ।
- Download Babushahi App
-
-