ਸੜਕ ਹਾਦਸੇ ਵਿੱਚ ਮਾਰੇ ਗਏ ਮਨਰੇਗਾ ਮਜ਼ਦੂਰਾਂ ਦੇ ਵਾਰਸਾਂ ਨੂੰ ਦੋ ਲੱਖ ਦਾ ਮੁਆਵਜ਼ਾ ਮਜ਼ਾਕ ਕਰਾਰ
ਅਸ਼ੋਕ ਵਰਮਾ
ਬਠਿੰਡਾ ,21ਅਕਤੂਬਰ 2026: ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਜ਼ਾਰੀ ਕੀਤੇ ਬਿਆਨ ਰਾਹੀਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਚੱਕ ਅਲੀਸ਼ੇਰ ਵਿਖੇ ਮਾਰੇ ਗਏ 8 ਮਨਰੇਗਾ ਮਜ਼ਦੂਰਾਂ ਦੇ ਵਾਰਸਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਲਾਨੇ ਦੋ - ਦੋ ਲੱਖ ਰੁਪਏ ਦੇ ਮੁਆਵਜ਼ੇ ਨੂੰ ਕੋਝਾ ਮਜ਼ਾਕ ਕਰਾਰ ਦਿੱਤਾ। ਉਹਨਾਂ ਆਖਿਆ ਕਿ ਹਾਦਸੇ ਦੇ ਚਾਰ ਦਿਨ ਬੀਤਣ ਤੋਂ ਬਾਅਦ ਵੀ ਆਪ ਸਰਕਾਰ ਵੱਲੋਂ ਪੀੜਤਾਂ ਦੇ ਵਾਰਸਾਂ ਨੂੰ ਪੰਜਾਹ ਲੱਖ ਦੇ ਮੁਆਵਜ਼ੇ ਸਮੇਤ ਬਾਕੀ ਮੰਗਾਂ ਪ੍ਰਤੀ ਸਾਰਥਿਕ ਹੁੰਗਾਰਾ ਨਹੀਂ ਭਰਿਆ ਗਿਆ ਜ਼ੋ ਕਿ ਇਸ ਹਕੂਮਤ ਦੇ ਮਜ਼ਦੂਰ ਵਿਰੋਧੀ ਕਿਰਦਾਰ ਇੱਕ ਹੋਰ ਸਬੂਤ ਹੈ। ਉਹਨਾਂ ਆਖਿਆ ਕਿ ਕੱਲ੍ਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੰਗਰੂਰ ਜ਼ਿਲ੍ਹੇ ਚ ਫੇਰੀ ਪਾਉਣ ਦੇ ਬਾਵਜੂਦ ਇਹਨਾਂ ਪੀੜਤ ਪਰਿਵਾਰਾਂ ਪ੍ਰਤੀ ਇੱਕ ਸ਼ਬਦ ਵੀ ਨਾਂ ਕਹਿਣਾ ਇਹਨਾਂ ਪਾਰਟੀਆਂ ਤੇ ਸਰਕਾਰਾਂ ਦੀ ਮਜ਼ਦੂਰ ਤੇ ਲੋਕ ਵਿਰੋਧੀ ਖ਼ਸਲਤ ਦਾ ਹੀ ਸਬੂਤ ਹੈ।
ਉਹਨਾਂ ਆਖਿਆ ਕਿ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਲਹਿਰਾਗਾਗਾ ਜਾਖਲ ਰੋਡ 'ਤੇ ਲੱਗੇ ਮੋਰਚੇ 'ਚ ਉਹਨਾਂ ਦੀ ਜਥੇਬੰਦੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਲਗਾਤਾਰ ਡਟੀ ਹਰੇਗੀ। ਉਹਨਾਂ ਮੰਗ ਕੀਤੀ ਕਿ ਮਿਰਤਕਾਂ ਦੇ ਵਾਰਸਾਂ ਨੂੰ ਪੰਜਾਹ - ਪੰਜਾਹ ਲੱਖ ਰੁਪਏ ਮੁਆਵਜ਼ਾ,ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਕਰਜ਼ਾ ਖ਼ਤਮ ਕੀਤਾ ਜਾਵੇ ਅਤੇ ਜ਼ਖਮੀਆਂ ਦਾ ਸਰਕਾਰੀ ਖਰਚੇ 'ਤੇ ਇਲਾਜ ਕਰਾਉਣ ਤੋਂ ਇਲਾਵਾ ਵੀਹ- ਵੀਹ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਅਤੇ ਹਾਦਸੇ ਦੇ ਜ਼ਿੰਮੇਵਾਰਾਂ 'ਤੇ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਅੱਗੇ ਤੋਂ ਮਨਰੇਗਾ ਮਜ਼ਦੂਰਾਂ ਦੀ ਕੰਮ ਦੌਰਾਨ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ।
- Download Babushahi App
-
-