ਸ੍ਰੀ ਦਰਬਾਰ ਸਾਹਿਬ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ, ਨੌਜਵਾਨ ਕਾਬੂ! SGPC ਨੇ ਜਤਾਈ ਸਖ਼ਤ ਚਿੰਤਾ
ਅੰਮ੍ਰਿਤਸਰ, 3 ਸਤੰਬਰ 2026: ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦਾ ਇਕ ਬਹੁਤ ਹੀ ਮੰਦਭਾਗਾ ਅਤੇ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਮੌਕੇ 'ਤੇ ਮੁਸਤੈਦੀ ਦਿਖਾਉਂਦਿਆਂ ਸ੍ਰੀ ਦਰਬਾਰ ਸਾਹਿਬ ਦੇ ਸਟਾਫ਼ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ ਹੈ। ਫੜੇ ਗਏ ਦੋਸ਼ੀ ਦੀ ਪਛਾਣ ਮਨਦੀਪ ਸਿੰਘ ਵਜੋਂ ਹੋਈ ਹੈ, ਜੋ ਕਿ ਅੰਮ੍ਰਿਤਸਰ ਦੇ ਹੀ ਸਥਾਨਕ ਸ਼ਹੀਦ ਊਧਮ ਸਿੰਘ ਨਗਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ, ਇਹ ਨੌਜਵਾਨ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਦਾਖਲ ਹੋਇਆ ਅਤੇ ਇਸ ਨੇ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਉਥੇ ਦਰਸ਼ਨ ਕਰਨ ਆਈ ਇਕ ਸ਼ਰਧਾਲੂ ਔਰਤ (ਬੀਬੀ) ਦੀ ਚੁੰਨੀ/ਪੱਲੇ ਨਾਲ ਬੰਨ ਦਿੱਤੇ। ਔਰਤ ਨੂੰ ਇਸ ਗੱਲ ਦਾ ਅਹਿਸਾਸ ਹੋਣ ਅਤੇ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਤੁਰੰਤ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਨੂੰ ਸੂਚਿਤ ਕੀਤਾ ਗਿਆ। ਸ੍ਰੀ ਦਰਬਾਰ ਸਾਹਿਬ ਦੇ ਇੱਕ ਮੁਲਾਜ਼ਮ ਵਲੋਂ ਬਿਨਾਂ ਕਿਸੇ ਦੇਰੀ ਦੇ ਸਥਾਨਕ ਪੁਲਿਸ ਥਾਣਾ ਕੋਤਵਾਲੀ ਵਿਖੇ ਇਸ ਸਬੰਧੀ ਲਿਖਤੀ ਦਰਖਾਸਤ ਦਿੱਤੀ ਗਈ।
ਜਿਵੇਂ ਹੀ ਪੁਲਿਸ ਅਤੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕੀ ਸਟਾਫ਼ ਨੂੰ ਸ਼ਿਕਾਇਤ ਮਿਲੀ, ਉਨ੍ਹਾਂ ਨੇ ਤੁਰੰਤ ਸੀ.ਸੀ.ਟੀ.ਵੀ. (CCTV) ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ। ਕੈਮਰਿਆਂ ਦੀ ਮਦਦ ਨਾਲ ਦੋਸ਼ੀ ਨੌਜਵਾਨ ਦੀ ਹਰਕਤ ਅਤੇ ਉਸ ਦੀ ਪਛਾਣ ਸਾਫ਼ ਹੋ ਗਈ, ਜਿਸ ਤੋਂ ਬਾਅਦ ਜਲਦ ਹੀ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ।
ਅੰਮ੍ਰਿਤਸਰ ਪੁਲਿਸ ਦੇ ਏ.ਸੀ.ਪੀ. (ACP) ਸੁਰਿੰਦਰ ਸਿੰਘ ਨੇ ਇਸ ਸਬੰਧੀ ਇੱਕ ਵੀਡੀਓ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਥਾਣਾ ਕੋਤਵਾਲੀ ਵਿਖੇ ਉਕਤ ਦੋਸ਼ੀ ਮਨਦੀਪ ਸਿੰਘ ਦੇ ਖਿਲਾਫ਼ ਕਾਨੂੰਨੀ ਧਾਰਾਵਾਂ ਤਹਿਤ ਪਰਚਾ (FIR) ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਸ ਘਟਨਾ ਪਿੱਛੇ ਦੇ ਅਸਲ ਮਨਸੂਬਿਆਂ ਦਾ ਪਤਾ ਲਗਾਇਆ ਜਾ ਸਕੇ।
ਇਸੇ ਦੌਰਾਨ ਪਾਵਨ ਗੁਰਬਾਣੀ ਦੇ ਗੁਟਕਾ ਸਾਹਿਬ ਦੀ ਬੇਅਦਬੀ ਦੀ ਵਾਪਰੀ ਇਸ ਦੁਖਦ ਘਟਨਾ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਮੁੱਖ ਸਕੱਤਰ ਕੁਲਵੰਤ ਸਿੰਘ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਮਨੁੱਖ ਨੂੰ ਜੀਵਨ ਦਾ ਸਹੀ ਰਾਹ ਦਿਖਾਉਣ ਵਾਲੀ ਅਤੇ ਨਵੀਂ ਜ਼ਿੰਦਗੀ ਦੇਣ ਵਾਲੀ ਹੈ, ਪਰ ਮਾੜੀ ਬਿਰਤੀ ਵਾਲੇ ਕੁਝ ਅਨਸਰਾਂ ਵਲੋਂ ਅਜਿਹੀਆਂ ਨਿਚਲੀਆਂ ਹਰਕਤਾਂ ਕਰਕੇ ਸਮੁੱਚੀਆਂ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਗਹਿਰੀ ਠੇਸ ਪਹੁੰਚਾਈ ਜਾਂਦੀ ਹੈ।
ਕੁਲਵੰਤ ਸਿੰਘ ਨੇ ਕਿਹਾ ਕਿ ਗੁਰੂ ਘਰ ਦਰਸ਼ਨ ਕਰਨ ਆਈ ਇਕ ਮਾਸੂਮ ਬੀਬੀ ਦੇ ਪੱਲੇ ਨਾਲ ਦੋਸ਼ੀ ਵਿਅਕਤੀ ਵਲੋਂ ਗੁਟਕਾ ਸਾਹਿਬ ਦਾ ਪੰਨਾ ਬੰਨ੍ਹ ਕੇ ਅਜਿਹੀ ਘਟਨਾ ਨੂੰ ਅੰਜ਼ਾਮ ਦੇਣਾ ਬਹੁਤ ਹੀ ਚਿੰਤਾਜਨਕ ਹੈ। ਗੁਰੂ ਘਰ ਦੇ ਪਵਿੱਤਰ ਅਸਥਾਨ 'ਤੇ ਅਜਿਹੀ ਹਰਕਤ ਦਾ ਵਾਪਰਨਾ ਸੁਰੱਖਿਆ ਅਤੇ ਮਾਨਸਿਕਤਾ ਦੋਵਾਂ ਪੱਖਾਂ ਤੋਂ ਵੱਡਾ ਸੁਆਲ ਖੜ੍ਹਾ ਕਰਦਾ ਹੈ।
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਨੇ ਅਫ਼ਸੋਸ ਜਤਾਉਂਦਿਆਂ ਕਿਹਾ ਕਿ ਪੰਜਾਬ ਅੰਦਰ ਪਾਵਨ ਗੁਰਬਾਣੀ ਦੀ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ, ਪ੍ਰੰਤੂ ਦੋਸ਼ੀ ਫੜ੍ਹੇ ਜਾਣ ਦੇ ਬਾਵਜੂਦ ਵੀ ਇਸ ਪਿੱਛੇ ਛੁਪੀਆਂ ਸਾਜ਼ਿਸ਼ੀ ਤਾਕਤਾਂ ਅਤੇ ਮੁੱਖ ਮੁਲਜ਼ਮਾਂ ਨੂੰ ਕਦੇ ਵੀ ਜਨਤਕ ਤੌਰ 'ਤੇ ਸਾਹਮਣੇ ਨਹੀਂ ਲਿਆਂਦਾ ਜਾਂਦਾ। ਉਨ੍ਹਾਂ ਸਪੱਸ਼ਟ ਕੀਤਾ ਕਿ ਤਾਜ਼ਾ ਘਟਨਾ ਦੇ ਦੋਸ਼ੀ ਨੂੰ ਸ਼੍ਰੋਮਣੀ ਕਮੇਟੀ ਦੇ ਸਟਾਫ਼ ਵਲੋਂ ਹੀ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਗਿਆ ਹੈ।
ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਨੂੰ ਮਹਿਜ਼ ਇਕ ਸਧਾਰਨ ਅਪਰਾਧ ਨਾ ਮੰਨ ਕੇ ਅਤਿ ਗੰਭੀਰਤਾ ਨਾਲ ਲਿਆ ਜਾਵੇ। ਦੋਸ਼ੀ ਖਿਲਾਫ਼ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਇਸ ਦੇ ਨਾਲ ਹੀ ਇਸ ਘਟਨਾ ਪਿੱਛੇ ਕੰਮ ਕਰ ਰਹੀਆਂ ਪਰਦੇ ਦੇ ਪਿੱਛੇ ਦੀਆਂ ਸਾਜ਼ਿਸ਼ੀ ਤਾਕਤਾਂ ਦਾ ਵੀ ਪਰਦਾਫਾਸ਼ ਕੀਤਾ ਜਾਵੇ।
- Download Babushahi App
-
-