ਸਰਕਾਰੀ ਹਸਪਤਾਲ ਦੀ ਖਸਤਾਹਾਲ ਇਮਾਰਤ ਬਣੀ ਮਰੀਜ਼ਾਂ ਤੇ ਸਟਾਫ਼ ਲਈ ਮੁਸੀਬਤ
70 ਤੋਂ 80 ਸਾਲ ਪੁਰਾਣੀ ਹੈ ਬਿਲਡਿੰਗ, ਕਿਸੇ ਵੇਲੇ ਵੀ ਹੋ ਸਕਦਾ ਹੈ ਕੋਈ ਵੱਡਾ ਹਾਦਸਾ
ਰੋਹਿਤ ਗੁਪਤਾ ਗੁਰਦਸਪੁਰ
ਦੋਰਾਂਗਲਾ ਦੇ ਸਰਕਾਰੀ ਹਸਪਤਾਲ ਦੀ ਲਗਭਗ 70-80 ਸਾਲ ਪੁਰਾਣੀ ਅਤੇ ਖਸਤਾਹਾਲ ਇਮਾਰਤ ਕਾਰਨ ਮਰੀਜ਼ਾਂ ਅਤੇ ਹਸਪਤਾਲ ਵਿੱਚ ਡਿਊਟੀ ਨਿਭਾ ਰਹੇ ਸਟਾਫ਼ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਰਿਸ਼ ਦੇ ਦਿਨਾਂ ਵਿੱਚ ਛੱਤਾਂ ਤੋਂ ਪਾਣੀ ਟਪਕਣ, ਬੈੱਡਾਂ ਦੇ ਗਿੱਲੇ ਹੋਣ ਅਤੇ ਵਾਰਡਾਂ ਵਿੱਚ ਪਾਣੀ ਭਰਨ ਕਾਰਨ ਹਾਲਾਤ ਹੋਰ ਵੀ ਗੰਭੀਰ ਹੋ ਜਾਂਦੇ ਹਨ। ਪਾਣੀ ਖੜ੍ਹਾ ਹੋਣ ਕਾਰਨ ਸੱਪਾਂ ਅਤੇ ਹੋਰ ਜ਼ਹਿਰੀਲੇ ਕੀੜੇ-ਮਕੌੜਿਆਂ ਦੇ ਨਿਕਲਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ।
ਹਸਪਤਾਲ ਵਿੱਚ ਇਲਾਜ ਲਈ ਪਹੁੰਚੀ ਮਰੀਜ਼ ਰਣਜੀਤ ਕੌਰ ਨੇ ਦੱਸਿਆ ਕਿ ਹਸਪਤਾਲ ਦੀ ਇਮਾਰਤ ਦੀ ਹਾਲਤ ਬਹੁਤ ਮਾੜੀ ਹੈ। ਬਾਰਿਸ਼ ਦੌਰਾਨ ਛੱਤਾਂ ਤੋਂ ਪਾਣੀ ਟਪਕਣ ਕਾਰਨ ਮਰੀਜ਼ਾਂ ਦੇ ਬੈੱਡ ਗਿੱਲੇ ਹੋ ਜਾਂਦੇ ਹਨ। ਜਿਸ ਨਾਲ ਉਨ੍ਹਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਦੋਰਾਂਗਲਾ ਦਾ ਇਹ ਹਸਪਤਾਲ ਆਸ-ਪਾਸ ਦੇ ਲਗਭਗ 20-25 ਪਿੰਡਾਂ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਦਾ ਹੈ ਪਰ ਇੱਥੇ ਮਰੀਜ਼ਾਂ ਦੇ ਰਾਤ ਸਮੇਂ ਠਹਿਰਨ ਜਾਂ ਦਾਖ਼ਲ ਰਹਿਣ ਲਈ ਲੋੜੀਂਦੇ ਪ੍ਰਬੰਧਾਂ ਦੀ ਘਾਟ ਹੈ।ਰਣਜੀਤ ਕੌਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਹਸਪਤਾਲ ਵਿੱਚ ਨਵੇਂ ਕਮਰੇ ਅਤੇ ਵਾਰਡ ਬਣਾਉਣ ਦੇ ਨਾਲ-ਨਾਲ ਲੋੜੀਂਦੀਆਂ ਦਵਾਈਆਂ ਅਤੇ ਹੋਰ ਬੁਨਿਆਦੀ ਸਿਹਤ ਸਹੂਲਤਾਂ ਉਪਲਬਧ ਕਰਵਾਈਆਂ ਜਾਣ, ਤਾਂ ਜੋ ਇਲਾਕੇ ਦੇ ਲੋਕਾਂ ਨੂੰ ਵਧੀਆ ਇਲਾਜ ਮਿਲ ਸਕੇ।
ਇਸੇ ਦੌਰਾਨ ਹਸਪਤਾਲ ਦੀ ਸਟਾਫ਼ ਨਰਸ ਹਰਜੀਤ ਕੌਰ ਨੇ ਦੱਸਿਆ ਕਿ ਬਾਰਿਸ਼ ਦੇ ਦਿਨਾਂ ਵਿੱਚ ਵਾਰਡ ਦੇ ਅੰਦਰ ਪਾਣੀ ਭਰ ਜਾਂਦਾ ਹੈ। ਇਸ ਕਾਰਨ ਮਰੀਜ਼ਾਂ ਅਤੇ ਸਟਾਫ਼ ਲਈ ਬੈਠਣ ਤੱਕ ਦੀ ਜਗ੍ਹਾ ਨਹੀਂ ਬਚਦੀ। ਉਨ੍ਹਾਂ ਕਿਹਾ ਕਿ ਪਾਣੀ ਭਰਨ ਕਾਰਨ ਸੱਪਾਂ ਅਤੇ ਹੋਰ ਜ਼ਹਿਰੀਲੇ ਕੀੜੇ-ਮਕੌੜਿਆਂ ਦੇ ਨਿਕਲਣ ਦਾ ਡਰ ਵੀ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਇਮਾਰਤ ਦੀ ਮੁਰੰਮਤ ਸਬੰਧੀ ਕਈ ਵਾਰ ਅਧਿਕਾਰੀਆਂ ਨੂੰ ਲਿਖਤੀ ਬੇਨਤੀ ਕੀਤੀ ਜਾ ਚੁੱਕੀ ਹੈ ਪਰ ਸਮੱਸਿਆ ਦਾ ਅਜੇ ਤੱਕ ਪੱਕਾ ਹੱਲ ਨਹੀਂ ਹੋ ਸਕਿਆ।
ਦੂਜੇ ਪਾਸੇ ਪੀ.ਐਚ.ਸੀ. ਦੋਰਾਂਗਲਾ ਵਿਖੇ ਤੈਨਾਤ ਡਾਕਟਰ ਅਮਨਦੀਪ ਕੌਰ ਨੇ ਦੱਸਿਆ ਕਿ ਪੁਰਾਣੀ ਇਮਾਰਤ ਨੂੰ ਪਿਛਲੇ ਹੜ੍ਹਾਂ ਦੌਰਾਨ ਕਾਫ਼ੀ ਨੁਕਸਾਨ ਪਹੁੰਚਿਆ ਸੀ। ਉਨ੍ਹਾਂ ਦੱਸਿਆ ਕਿ ਹਸਪਤਾਲ ਦੀ ਨਵੀਂ ਇਮਾਰਤ ਅਤੇ ਮੁਰੰਮਤ ਸਬੰਧੀ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਲਿਖਤੀ ਤੌਰ ’ਤੇ ਜਾਣੂ ਕਰਵਾਇਆ ਗਿਆ ਹੈ।ਡਾਕਟਰ ਅਮਨਦੀਪ ਕੌਰ ਨੇ ਦੱਸਿਆ ਕਿ ਐਸ.ਡੀ.ਐਮ. ਦੀਨਾਨਗਰ ਅਤੇ ਪੀ.ਡਬਲਿਊ.ਡੀ. ਦੇ ਜੇ.ਈ. ਰਾਹੀਂ ਲੋੜੀਂਦੇ ਐਸਟੀਮੇਟ ਤਿਆਰ ਕਰਵਾ ਕੇ ਚੰਡੀਗੜ੍ਹ ਸਥਿਤ ਸਬੰਧਤ ਦਫ਼ਤਰ ਨੂੰ ਭੇਜੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਖਸਤਾਹਾਲ ਕਲੈਰੀਕਲ ਬਿਲਡਿੰਗ ਨੂੰ ਢਾਹੁਣ ਸਬੰਧੀ ਵੀ ਪੀ.ਡਬਲਿਊ.ਡੀ. ਵਿਭਾਗ ਵੱਲੋਂ ਮੌਕੇ ਦਾ ਨਿਰੀਖਣ ਕੀਤਾ ਜਾ ਚੁੱਕਾ ਹੈ। ਹਸਪਤਾਲ ਦੇ ਆਲੇ-ਦੁਆਲੇ ਦਾ ਖੇਤਰ ਉੱਚਾ ਹੋਣ ਕਾਰਨ ਬਾਰਿਸ਼ ਦਾ ਪਾਣੀ ਹਸਪਤਾਲ ਦੇ ਅੰਦਰ ਇਕੱਠਾ ਹੋ ਜਾਂਦਾ ਹੈ। ਇਸ ਸਮੱਸਿਆ ਦੇ ਸਥਾਈ ਹੱਲ ਲਈ ਪਾਣੀ ਦੀ ਨਿਕਾਸੀ ਸਬੰਧੀ ਪਿੰਡ ਦੇ ਸਰਪੰਚ ਨਾਲ ਵੀ ਗੱਲਬਾਤ ਕੀਤੀ ਗਈ ਹੈ ਤਾਂ ਜੋ ਬਰਸਾਤੀ ਪਾਣੀ ਨੂੰ ਹਸਪਤਾਲ ਦੇ ਅੰਦਰ ਇਕੱਠਾ ਹੋਣ ਤੋਂ ਰੋਕਿਆ ਜਾ ਸਕੇ।ਉਨ੍ਹਾਂ ਕਿਹਾ ਕਿ ਇਮਾਰਤ ਨਾਲ ਜੁੜੀਆਂ ਮੁਸ਼ਕਲਾਂ ਦੇ ਬਾਵਜੂਦ ਹਸਪਤਾਲ ਦਾ ਸਟਾਫ਼ ਆਪਣੀ ਡਿਊਟੀ ਪੂਰੀ ਜ਼ਿੰਮੇਵਾਰੀ ਨਾਲ ਨਿਭਾ ਰਿਹਾ ਹੈ ਅਤੇ ਮਰੀਜ਼ਾਂ ਨੂੰ ਬਿਹਤਰ ਤੋਂ ਬਿਹਤਰ ਇਲਾਜ ਅਤੇ ਉਪਲਬਧ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ।ਇਲਾਕਾ ਨਿਵਾਸੀਆਂ ਅਤੇ ਹਸਪਤਾਲ ਦੇ ਸਟਾਫ਼ ਨੇ ਪੰਜਾਬ ਸਰਕਾਰ, ਸਿਹਤ ਵਿਭਾਗ ਅਤੇ ਸਬੰਧਤ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਦੋਰਾਂਗਲਾ ਸਰਕਾਰੀ ਹਸਪਤਾਲ ਦੀ ਖਸਤਾਹਾਲ ਇਮਾਰਤ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਨਵੀਂ ਇਮਾਰਤ ਦੀ ਉਸਾਰੀ ਦਾ ਕੰਮ ਜਲਦ ਤੋਂ ਜਲਦ ਸ਼ੁਰੂ ਕਰਵਾਇਆ ਜਾਵੇ।
- Download Babushahi App
-
-