ਸਰਕਾਰਾਂ ਨੂੰ ਦੇਸ਼ ਦੇ ਭਵਿੱਖ ਨੌਜਵਾਨਾਂ ਦੀ ਗੱਲ ਹਮਦਰਦੀ ਨਾਲ ਸੁਣਨੀ ਚਾਹੀਦੀ ਹੈ- : ਰਵੀਇੰਦਰ ਸਿੰਘ
ਸੰਘਰਸ਼ ਨੂੰ ਜਿੱਤਣ 'ਤੇ ਵਿਦਿਆਰਥੀਆਂ ਨੂੰ ਦਿੱਤੀ ਵਧਾਈ।
ਚੰਡੀਗੜ੍ਹ-: 25 ਜੁਲਾਈ 2026 ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਰਪ੍ਰਸਤ ਅਤੇ ਸਾਬਕਾ ਸਪੀਕਰ ਸ ਰਵੀਇੰਦਰ ਸਿੰਘ ਨੇ ਇਕ ਲਿਖਤੀ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਨੌਜਵਾਨ ਦੇਸ਼ ਦਾ ਭਵਿੱਖ ਹਨ, ਜੇ ਉਹਨਾਂ ਦੇ ਕੋਈ ਗਿਲੇ-ਸ਼ਿਕਵੇ ਹਨ ਤਾਂ ਉਹਨਾਂ ਨੂੰ ਹਮਦਰਦੀ ਨਾਲ ਸੁਣਿਆ ਅਤੇ ਵਿਚਾਰਿਆ ਜਾਣਾ ਚਾਹੀਦਾ ਹੈ, ਨਾ ਕਿ ਪੁਲਸ ਦੀ ਵਰਤੋਂ ਨਾਲ ਉਹਨਾਂ ਨੂੰ ਦਬਾਉਣਾ ਚਾਹੀਦਾ ਹੈ। ਸ ਰਵੀਇੰਦਰ ਸਿੰਘ ਨੇ ਕਿਹਾ ਕਿ ਦੇਸ਼ ਭਰ ਦੇ ਨੌਜਵਾਨਾਂ ਦਾ ਜੰਤਰ-ਮੰਤਰ 'ਤੇ ਇਕੱਠੇ ਹੋ ਕੇ ਆਪਣੇ ਹੱਕ ਲਈ ਸ਼ਾਂਤਮਈ ਤਰੀਕੇ ਨਾਲ ਆਵਾਜ ਉਠਾਉਣਾ, ਲੋਕਤੰਤਰ ਲਈ ਸ਼ੁਭ ਸੰਕੇਤ ਹੈ। ਸਰਕਾਰਾਂ ਨੂੰ ਇਸ ਨੂੰ ਇਕ ਚੈਲੰਜ ਵਾਂਗ ਲੈਣ ਦੀ ਬਜਾਏ ਇਹ ਭਰੋਸਾ ਕਰਨਾ ਚਾਹੀਦਾ ਹੈ ਕਿ ਸਾਡੇ ਬੱਚੇ ਜਾਗਰੂਕ ਹੋ ਰਹੇ ਹਨ। ਜਿਸ ਤਰਾਂ ਬਾਰ ਬਾਰ ਪੇਪਰ ਲੀਕ ਵਰਗੀਆਂ ਘਟਨਾਵਾਂ ਹੋਈਆਂ ਹਨ, ਉਸ ਨਾਲ ਮਿਹਨਤੀ ਵਿਦਿਆਰਥੀਆਂ ਦਾ ਸਿਸਟਮ ਤੋਂ ਭਰੋਸਾ ਟੁੱਟਿਆ ਹੈ। ਇਸ ਦੀ ਬਹਾਲੀ ਲਈ ਸਰਕਾਰ ਨੂੰ ਪੁਲਿਸ ਦੀ ਵਰਤੋਂ ਕਰਨ ਦੀ ਬਜਾਇ ਗੱਲਬਾਤ ਦਾ ਰਾਹ ਅਪਣਾਉਣਾ ਚਾਹੀਦਾ ਸੀ। ਸੋਨਮ ਵਾਂਗਚੁਕ ਵਰਗੇ ਸਮਾਜਿਕ ਕਾਰਕੁੰਨ ਦੀ ਜਿੰਦਗੀ ਨੂੰ ਦਾਅ 'ਤੇ ਲਗਾ ਕੇ ਵੀ ਸਰਕਾਰ ਇਹਨਾਂ ਵਿਦਿਆਰਥੀਆਂ ਤੋਂ ਜਿੱਤ ਨਹੀਂ ਸਕੀ ਅਤੇ ਆਖਿਰ ਉਹਨਾਂ ਦੀਆਂ ਮੰਗਾਂ ਅੱਗੇ ਝੁਕਣਾ ਪਿਆ। ਜੇ ਸਿਖਿਆ ਮੰਤਰੀ ਨੂੰ ਪਹਿਲਾਂ ਹੀ ਬਰਖਾਸਤ ਕਰਕੇ ਜਵਾਬਦੇਹੀ ਦਾ ਸਬੂਤ ਦਿੱਤਾ ਜਾਂਦਾ ਤਾਂ ਸਰਕਾਰ ਇਸ ਬਦਨਾਮੀ ਅਤੇ ਅਰਾਜਕਤਾ ਵਾਲੇ ਮਾਹੌਲ ਤੋਂ ਬਚ ਸਕਦੀ ਸੀ। ਸ ਰਵੀਇੰਦਰ ਸਿੰਘ ਨੇ ਕਿਹਾ ਕਿ ਹੁਣ ਵੀ ਸਰਕਾਰ ਨੂੰ ਕੁਦਕੁਸ਼ੀ ਕਰਨ ਵਾਲੇ ਅਤੇ ਪੁਲਸ ਤਸ਼ੱਦਦ ਨਾਲ ਜਖਮੀ ਵਿਦਿਆਰਥੀਆਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਅਤੇ ਪੂਰਾ ਮੁਆਵਜਾ ਦੇ ਕੇ ਪੀੜਤ ਲੋਕਾਂ ਦੇ ਜਖਮਾਂ ਤੇ ਮੱਲ੍ਹਮ ਲਾਉਣੀ ਚਾਹੀਦੀ ਹੈ। ਸ ਰਵੀਇੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਉਹਨਾਂ ਵੱਲੋਂ ਪੂਰੇ ਜਾਬਤੇ ਨਾਲ ਏਨਾ ਵੱਡਾ ਅੰਦੋਲਨ ਚਲਾਉਣ ਅਤੇ ਜਿੱਤ ਪ੍ਰਾਪਤ ਕਰਨ 'ਤੇ ਵਧਾਈ ਵੀ ਦਿੱਤੀ। ਪ੍ਰੈੱਸ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।
- Download Babushahi App
-
-