ਵੱਡੀ ਖ਼ਬਰ: CM ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਸੁਖਪਾਲ ਖਹਿਰਾ ਨੂੰ ਲੀਗਲ ਨੋਟਿਸ!
24 ਘੰਟਿਆਂ ਅੰਦਰ ਪੋਸਟਾਂ, ਗ੍ਰਾਫਿਕਸ ਤੇ ਵੀਡੀਓ ਹਟਾਉਣ ਲਈ ਕਿਹਾ; ਪਾਲਣਾ ਨਾ ਹੋਣ ’ਤੇ ਸਿਵਲ ਤੇ ਕ੍ਰਿਮਿਨਲ ਕਾਰਵਾਈ ਦੀ ਚਿਤਾਵਨੀ
Ravi Jakhu
ਚੰਡੀਗੜ੍ਹ, 3 ਸਤੰਬਰ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਲੀਗਲ ਨੋਟਿਸ ਭੇਜਿਆ ਗਿਆ ਹੈ। ਇਹ ਨੋਟਿਸ ਐਡਵੋਕੇਟ ਗਿੰਨੀਜੀਤ ਮਲਹੋਤਰਾ ਰਾਹੀਂ ਭੇਜਿਆ ਗਿਆ ਹੈ।
ਨੋਟਿਸ ਵਿੱਚ ਡਾ. ਗੁਰਪ੍ਰੀਤ ਕੌਰ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਉਨ੍ਹਾਂ ਨਾਲ ਸਬੰਧਤ ਕਥਿਤ ਤੌਰ ’ਤੇ ਝੂਠੀ, ਬਦਨਾਮੀ ਵਾਲੀ ਅਤੇ ਇਤਰਾਜ਼ਯੋਗ ਸਮੱਗਰੀ, ਗ੍ਰਾਫਿਕ ਪੋਸਟਰ ਅਤੇ ਵੀਡੀਓਜ਼ ਪ੍ਰਕਾਸ਼ਿਤ ਤੇ ਪ੍ਰਸਾਰਿਤ ਕੀਤੇ ਗਏ ਹਨ।
ਕਾਨੂੰਨੀ ਨੋਟਿਸ ਵਿੱਚ ਖਾਸ ਤੌਰ ’ਤੇ ਇੱਕ ਗ੍ਰਾਫਿਕ ਪੋਸਟਰ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਵਿੱਚ ‘BRF ਬਲਾਤਕਾਰੀ ਰੱਖਿਅਕ ਫ਼ੋਰਸ’ ਸਿਰਲੇਖ ਦੀ ਵਰਤੋਂ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਡਾ. ਗੁਰਪ੍ਰੀਤ ਕੌਰ ਦੇ ਵਕੀਲ ਨੇ ਨੋਟਿਸ ਵਿੱਚ ਇਸ ਸਮੱਗਰੀ ਨੂੰ ਕਥਿਤ ਤੌਰ ’ਤੇ ਮਨਘੜਤ, ਝੂਠੀ ਅਤੇ ਨਿੱਜਤਾ ਦੀ ਉਲੰਘਣਾ ਕਰਨ ਵਾਲੀ ਕਰਾਰ ਦਿੱਤਾ ਹੈ।
ਕਾਨੂੰਨੀ ਨੋਟਿਸ ਵਿੱਚ ਸੁਖਪਾਲ ਸਿੰਘ ਖਹਿਰਾ ਨੂੰ 24 ਘੰਟਿਆਂ ਦੇ ਅੰਦਰ ਕਥਿਤ ਇਤਰਾਜ਼ਯੋਗ ਪੋਸਟਾਂ, ਗ੍ਰਾਫਿਕਸ, ਟਵੀਟਸ, ਰੀਲਾਂ, CCTV ਫੁਟੇਜ, ਆਡੀਓ ਕਲਿੱਪਾਂ ਅਤੇ ਹੋਰ ਸਬੰਧਤ ਸਮੱਗਰੀ ਨੂੰ ਆਪਣੇ ਸੋਸ਼ਲ ਮੀਡੀਆ ਖਾਤਿਆਂ ਤੋਂ ਹਟਾਉਣ ਅਤੇ ਵਾਪਸ ਲੈਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਅਜਿਹੀ ਸਮੱਗਰੀ ਨੂੰ ਦੁਬਾਰਾ ਤਿਆਰ ਜਾਂ ਪ੍ਰਸਾਰਿਤ ਨਾ ਕਰਨ ਅਤੇ ਡਾ. ਗੁਰਪ੍ਰੀਤ ਕੌਰ ਤੋਂ ਲਿਖਤੀ ਅਤੇ ਜਨਤਕ ਤੌਰ ’ਤੇ ਬਿਨਾਂ ਸ਼ਰਤ ਮੁਆਫ਼ੀ ਮੰਗਣ ਦੀ ਮੰਗ ਵੀ ਕੀਤੀ ਗਈ ਹੈ।
ਨੋਟਿਸ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ 24 ਘੰਟਿਆਂ ਦੇ ਅੰਦਰ ਮੰਗਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਡਾ. ਗੁਰਪ੍ਰੀਤ ਕੌਰ ਵੱਲੋਂ ਕਾਨੂੰਨ ਅਨੁਸਾਰ ਸਿਵਲ ਅਤੇ ਕ੍ਰਿਮਿਨਲ ਕਾਰਵਾਈ ਸ਼ੁਰੂ ਕੀਤੀ ਜਾ ਸਕਦੀ ਹੈ।
- Download Babushahi App
-
-