ਵਿਗਿਆਨ ਕਿਵੇਂ ਬਣਾ ਸਕਦਾ ਹੈ ਭਾਰਤ ਦੇ ਜੈਵਲਿਨ ਚੈਂਪੀਅਨਾਂ ਨੂੰ ਤਾਕਤਵਰ: ਪੰਜਾਬੀ ਯੂਨੀਵਰਸਿਟੀ ਦੀ ਖੋਜ
ਖੇਡ ਮੈਦਾਨਾਂ ਵਿੱਚ ਲਗਾਏ ਵਿਸ਼ੇਸ਼ ਕੈਮਰਿਆਂ ਨਾਲ਼ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਸਮੇਤ ਚੋਟੀ ਦੇ ਅਥਲੀਟਾਂ ਦੀ ਤਕਨੀਕ ਦਾ ਕੀਤਾ ਗਿਆ ਬਰੀਕੀ ਨਾਲ਼ ਅਧਿਐਨ
ਖੇਡਾਂ ਸਮੇਤ ਹਰ ਖੇਤਰ ਵਿੱਚ ਉੱਚ-ਪੱਧਰੀ ਖੋਜ ਲਈ ਵਚਨਬੱਧ ਹੈ ਪੰਜਾਬੀ ਯੂਨੀਵਰਸਿਟੀ: ਡਾ. ਜਗਦੀਪ ਸਿੰਘ
ਪਟਿਆਲਾ, 4 ਅਕਤੂਬਰ 2026-ਪੰਜਾਬੀ ਯੂਨੀਵਰਸਿਟੀ ਦੇ ਇੱਕ ਖੋਜ ਅਧਿਐਨ ਨੇ ਭਾਰਤ ਦੇ ਚੋਟੀ ਦੇ ਜੈਵਲਿਨ ਖਿਡਾਰੀਆਂ ਦੀ ਸਰੀਰਕ ਹਿਲਜੁਲ (ਮੂਵਮੈਂਟਸ) ਦੇ ਭੇਤ ਨੂੰ ਸੁਲਝਾਇਆ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਵਿਗਿਆਨਕ ਸਿਖਲਾਈ ਚੈਂਪੀਅਨਸ਼ਿਪ ਜਿੱਤਣ ਵਾਲੇ ਥ੍ਰੋਅਰ ਤਿਆਰ ਕਰ ਸਕਦੀ ਹੈ। ਯੂਨੀਵਰਸਿਟੀ ਦੇ ਸਰੀਰਕ ਸਿੱਖਿਆ ਵਿਭਾਗ ਵਿੱਚ ਇਹ ਅਧਿਐਨ ਖੋਜਾਰਥੀ ਡਾ. ਸੀਮਾ ਰਾਣੀ ਵੱਲੋਂ ਪ੍ਰੋ. ਨਿਸ਼ਾਨ ਸਿੰਘ ਦਿਓਲ ਦੀ ਅਗਵਾਈ ਹੇਠ ਕੀਤਾ ਗਿਆ ਹੈ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਖੋਜਾਰਥੀ ਅਤੇ ਨਿਗਰਾਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਖੋਜ ਕਾਰਜ ਦਰਸਾਉਂਦਾ ਹੈ ਕਿ ਯੂਨੀਵਰਸਿਟੀ ਦੀ ਖੋਜ ਕਿਵੇਂ ਕਲਾਸਰੂਮ ਤੋਂ ਬਾਹਰ ਨਿਕਲ ਕੇ ਖੇਡ ਦੇ ਮੈਦਾਨ ਤੱਕ ਪਹੁੰਚ ਸਕਦੀ ਹੈ। ਉਨ੍ਹਾਂ ਕਿਹਾ ਕਿ ਵਿਗਿਆਨਕ ਸਿਖਲਾਈ ਰਾਹੀਂ ਖਿਡਾਰੀਆਂ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਅਤੇ ਪੰਜਾਬੀ ਯੂਨੀਵਰਸਿਟੀ ਖੇਡਾਂ ਸਮੇਤ ਹਰੇਕ ਖੇਤਰ ਵਿੱਚ ਉੱਚ-ਪੱਧਰੀ ਖੋਜ ਕਾਰਜਾਂ ਨੂੰ ਉਤਸ਼ਾਹਿਤ ਕਰਨ ਲਈ ਹਮੇਸ਼ਾ ਵਚਨਬੱਧ ਹੈ।
ਖੋਜਾਰਥੀ ਡਾ. ਸੀਮਾ ਰਾਣੀ ਨੇ ਦੱਸਿਆ ਕਿ ਜਦੋਂ ਖੇਡ ਪ੍ਰੇਮੀ ਕਿਸੇ ਅਥਲੀਟ ਨੂੰ ਰਨਵੇਅ 'ਤੇ ਦੌੜਦੇ ਹੋਏ ਅਤੇ ਆਸਮਾਨ ਵਿੱਚ ਨੇਜ਼ਾ (ਜੈਵਲਿਨ) ਲਹਿਰਾਉਂਦੇ ਦੇਖਦੇ ਹਨ, ਤਾਂ ਇਹ ਥ੍ਰੋਅ ਪੂਰੀ ਤਰ੍ਹਾਂ ਕੁਦਰਤੀ ਹੁਨਰ ਜਾਪਦਾ ਹੈ ਪਰ ਰਿਕਾਰਡ ਤੋੜਨ ਵਾਲੀਆਂ ਇਨ੍ਹਾਂ ਦੂਰੀਆਂ ਦੇ ਪਿੱਛੇ ਸਟੀਕ ਵਿਗਿਆਨ ਛੁਪਿਆ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਖੋਜ ਦੌਰਾਨ ਅਭਿਆਸ ਦੇ ਮੈਦਾਨ 'ਤੇ ਹਾਈ-ਟੈਕ ਵੀਡੀਓ ਟੂਲ ਲਗਾ ਕੇ ਉਨ੍ਹਾਂ ਪਲਾਂ ਦੀ ਪੜਚੋਲ ਕੀਤੀ ਗਈ ਜਿਨ੍ਹਾਂ ਨੂੰ ਮਨੁੱਖੀ ਅੱਖ ਇੱਕ ਸਕਿੰਟ ਦੇ ਛੋਟੇ ਹਿੱਸੇ ਵਿੱਚ ਨਹੀਂ ਦੇਖ ਸਕਦੀ। ਉਨ੍ਹਾਂ ਦੱਸਿਆ ਕਿ ਜੈਵਲਿਨ ਸੁੱਟਣਾ ਅੱਖ ਝਪਕਣ ਜਿੰਨੇ ਸਮੇਂ ਵਿੱਚ ਪੂਰਾ ਹੋ ਜਾਂਦਾ ਹੈ। ਥ੍ਰੋਅ ਛੱਡਣ ਦੇ ਦੌਰਾਨ ਕੀ ਹੁੰਦਾ ਹੈ, ਇਹ ਦੇਖਣ ਲਈ ਵਿਸ਼ੇਸ਼ ਕੈਮਰਿਆਂ ਅਤੇ ਵੀਡੀਓ ਸਾਫ਼ਟਵੇਅਰ ਦੀ ਵਰਤੋਂ ਕੀਤੀ ਗਈ। ਸਿਰਫ਼ ਅੰਦਾਜ਼ਾ ਲਗਾਉਣ ਦੀ ਬਜਾਏ, ਤਕਨਾਲੋਜੀ ਨੇ ਥ੍ਰੋਅਰਾਂ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਟਰੈਕ ਕੀਤਾ, ਜਿਸ ਨਾਲ਼ ਇਹ ਜਾਂਚਿਆ ਗਿਆ ਕਿ ਹਰ ਜੋੜ ਕਿਵੇਂ ਮੁੜਦਾ ਹੈ। ਹੱਥੋਂ ਛੁੱਟਣ ਵੇਲੇ ਨੇਜ਼ੇ ਦੇ ਰਸਤੇ ਨੂੰ ਮਾਪਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਨਾਲ ਗਿੱਟੇ, ਗੋਡੇ, ਕੁੱਲ੍ਹੇ, ਮੋਢੇ ਅਤੇ ਕੂਹਣੀ ਦੇ ਸਟੀਕ ਕੋਣਾਂ ਦੇ ਨਾਲ-ਨਾਲ ਬਾਂਹ ਦੀ ਗਤੀ (ਸਪੀਡ) ਨੂੰ ਵੀ ਦੇਖਣ ਵਿੱਚ ਮਦਦ ਮਿਲੀ।
ਪ੍ਰੋ. ਨਿਸ਼ਾਨ ਸਿੰਘ ਦਿਓਲ ਨੇ ਦੱਸਿਆ ਕਿ ਇਸ ਅਧਿਐਨ ਵਿੱਚ ਭਾਰਤ ਦੇ ਪੰਜ ਸਰਵੋਤਮ ਅੰਤਰਰਾਸ਼ਟਰੀ ਥ੍ਰੋਅਰਜ਼ ਨੂੰ ਸ਼ਾਮਲ ਕੀਤਾ ਗਿਆ, ਜਿਸ ਵਿੱਚ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਮੁੱਖ ਕੇਂਦਰ ਬਿੰਦੂ ਰਹੇ। ਚੋਪੜਾ ਦੀ ਤਕਨੀਕ ਦੀ ਜਾਂਚ ਕਰਦੇ ਸਮੇਂ, ਖੋਜ ਨੇ ਉਨ੍ਹਾਂ ਦੀ ਵਿਸ਼ਵ ਪੱਧਰੀ ਸਫਲਤਾ ਦੇ ਪਿੱਛੇ ਕਾਰਜਸ਼ੀਲ ਅਹਿਮ ਤੱਤ ਲੱਭੇ।
ਉਨ੍ਹਾਂ ਦੱਸਿਆ ਕਿ ਜਦੋਂ ਕੋਈ ਥ੍ਰੋਅਰ ਪੂਰੀ ਗਤੀ ਨਾਲ ਦੌੜ ਕੇ ਆਉਂਦਾ ਹੈ, ਤਾਂ ਉਨ੍ਹਾਂ ਨੂੰ ਅਚਾਨਕ ਆਪਣੇ ਮੋਹਰੀ ਪੈਰ ਨੂੰ ਜ਼ਮੀਨ 'ਤੇ ਜਮਾਉਣਾ ਪੈਂਦਾ ਹੈ, ਜੋ ਕਿ ਇੱਕ ਅਚਾਨਕ ਲੱਗੀ ਬ੍ਰੇਕ ਵਾਂਗ ਕੰਮ ਕਰਦਾ ਹੈ। ਅਧਿਐਨ ਦੌਰਾਨ ਸਾਹਮਣੇ ਆਇਆ ਕਿ ਇਸ ਪ੍ਰਕਿਰਿਆ ਦੌਰਾਨ ਚੋਪੜਾ ਦਾ ਮਜ਼ਬੂਤ ਅਤੇ ਸਥਿਰ ਗੋਡਾ ਉਨ੍ਹਾਂ ਦੀ ਅਗਲੀ ਗਤੀ ਨੂੰ ਰੋਕਦਾ ਹੈ ਅਤੇ ਉਸ ਪੂਰੀ ਊਰਜਾ ਦੀ ਲਹਿਰ ਨੂੰ ਸਰੀਰ ਰਾਹੀਂ ਸਿੱਧਾ ਨੇਜ਼ੇ ਵੱਲ ਭੇਜ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਇਹ ਸਾਹਮਣੇ ਆਇਆ ਕਿ ਜਿੱਥੇ ਕਈ ਥ੍ਰੋਅਰ ਆਪਣੀ ਬਾਂਹ ਜਾਂ ਗੁੱਟ ਨੂੰ ਬਹੁਤ ਜਲਦੀ ਹਿਲਾ ਕੇ ਤਾਕਤ ਗੁਆ ਦਿੰਦੇ ਹਨ, ਉੱਥੇ ਹੀ ਚੋਪੜਾ ਆਪਣੇ ਪੂਰੇ ਸਰੀਰ ਨੂੰ ਇੱਕ ਨਿਰਵਿਘਨ ਅਤੇ ਜੁੜੀ ਹੋਈ ਲੜੀ ਵਜੋਂ ਤਾਲਮੇਲ ਵਿੱਚ ਰੱਖਦੇ ਹਨ। ਉਨ੍ਹਾਂ ਦੱਸਿਆ ਕਿ ਇਸ ਖੋਜ ਵਿੱਚ ਸਾਥੀ ਅੰਤਰਰਾਸ਼ਟਰੀ ਸਿਤਾਰਿਆਂ ਰੋਹਿਤ ਯਾਦਵ, ਦਵਿੰਦਰ ਸਿੰਘ ਕੰਗ, ਰਵਿੰਦਰ ਸਿੰਘ ਖਹਿਰਾ ਅਤੇ ਅਰਸ਼ਦੀਪ ਸਿੰਘ ਦਾ ਵੀ ਮੁਲਾਂਕਣ ਕੀਤਾ ਗਿਆ। ਨਤੀਜਿਆਂ ਨੇ ਦਿਖਾਇਆ ਕਿ ਜਦੋਂ ਕਿ ਬਾਂਹ ਦੀ ਮੂਲ ਗਤੀ ਮਹੱਤਵਪੂਰਨ ਹੁੰਦੀ ਹੈ, ਉੱਥੇ ਹੀ ਉਹ ਕੋਣ ਵੀ ਵਿਸ਼ੇਸ਼ ਅਹਿਮੀਅਤ ਰਖਦਾ ਜਿਸ 'ਤੇ ਜੈਵਲਿਨ ਹੱਥੋਂ ਛੁੱਟਦਾ ਹੈ ਅਤੇ ਥ੍ਰੋਅ ਦੌਰਾਨ ਲੱਤਾਂ ਦੀ ਸਥਿਰਤਾ ਸਭ ਤੋਂ ਵੱਡਾ ਫ਼ਰਕ ਪੈਦਾ ਕਰਦੀ ਹੈ।
- Download Babushahi App
-
-