ਮੋਦੀ ਸਰਕਾਰ ਦੀਆਂ ਨੀਤੀਆਂ ਖਿਲਾਫ CPI ਨੇ ਬਰਨਾਲਾ ਵਿਖੇ ਕਰਵਾਈ ਕਨਵੈਨਸ਼ਨ
ਅਮਰੀਕੀ ਵਪਾਰ ਸਮਝੌਤਾ ਕਿਰਤੀ ਜਨਤਾ ਲਈ ਮਾਰੂ ਸਾਬਤ ਹੋਵੇਗਾ : ਨਿਰਮਲ ਧਾਲੀਵਾਲ
ਅਸ਼ੋਕ ਵਰਮਾ
ਬਰਨਾਲਾ , 22 ਅਗਸਤ 2026 :ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ ) ਵੱਲੋਂ ਇੱਥੇ ਬਾਬਾ ਅਰਜਨ ਸਿੰਘ ਭਦੌੜ ਭਵਨ ਵਿਖੇ ਕਨਵੈਨਸ਼ਨ ਕੀਤੀ ਗਈ। ਸੂਬਾ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਪ੍ਰਧਾਨਗੀ ਮੰਡਲ 'ਚ ਜ਼ਿਲ੍ਹਾ ਸਕੱਤਰ ਖੁਸ਼ੀਆ ਸਿੰਘ, ਜੁਗਰਾਜ ਸਿੰਘ ਰਾਮਾ ਤੇ ਸੁਖਜੰਟ ਸਿੰਘ ਸ਼ਾਮਲ ਸਨ।
ਕਨਵੈਨਸ਼ਨ ਦੌਰਾਨ ਸੰਬੋਧਨ ਕਰਦਿਆਂ ਸੀਪੀਆਈ ਪੰਜਾਬ ਦੇ ਸੂਬਾ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਇਹ ਕਨਵੈਨਸ਼ਨ ਕੇਂਦਰੀ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਇਕ ਸਤੰਬਰ ਨੂੰ 'ਦਿੱਲੀ ਚੱਲੋ' ਪਾਰਟੀ ਦੇ ਕੌਮੀ ਸੱਦੇ ਤਹਿਤ ਜ਼ਿਲ੍ਹਾ ਪੱਧਰੀ ਲਾਮਬੰਦੀ ਹਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੋਦੀ ਦੀਆਂ ਨੀਤੀਆਂ ਲੋਕ ਵਿਰੋਧੀ ਹਨ ਜਿਸ ਤੋਂ ਬਚਾਅ ਲਈ ਪਾਰਟੀ ਨੇ 'ਦੇਸ਼ ਦਾ ਸੰਵਿਧਾਨ ਬਚਾਓ, ਮੋਦੀ ਹਟਾਓ' ਦਾ ਨਾਅਰਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਅਮਰੀਕੀ ਟਰੰਪ ਸਰਕਾਰ ਨਾਲ ਦਬਾਅ ਹੇਠ ਆ ਕੇ ਕੀਤੇ ਜਾ ਰਹੇ ਮੁਕਤ ਵਪਾਰ ਸਮਝੌਤਾ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਨਿਮਨ ਕਾਰੋਬਾਰੀਆਂ ਲਈ ਤਬਾਹਕੁੰਨ ਹੋਵੇਗਾ। ਕਿਉਂਕਿ ਪਹਿਲਾਂ ਬਾਹਰੋਂ ਆਈਆਂ ਚੀਜ਼ਾਂ ਇੱਕ ਵਾਰੀ ਤਾਂ ਸਸਤੀਆਂ ਲੱਗਣਗੀਆਂ ਬਾਅਦ ਵਿੱਚ ਮਹਿੰਗੀਆਂ ਵੇਚੀਆਂ ਜਾਣਗੀਆਂ ਜਿਵੇਂ ਮੋਬਾਇਲ ਫੋਨ ਪਹਿਲਾਂ ਸਸਤੇ ਸੀ ਪਰ ਅੱਜ ਉਨ੍ਹਾਂ ਦੀ ਕੀਮਤ ਲੱਖਾਂ ਤੱਕ ਪੁੱਜ ਗਈ ਹੈ। ਉਨ੍ਹਾਂ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਮੋਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹਾਂ ਵਿੱਚ ਹਾਂ ਮਿਲਾਉਂਦਾ ਨਜ਼ਰ ਆਉਂਦਾ ਹੈ। ਤੇਲ ਕਿਸ ਤੋਂ ਲੈਣਾ,ਕਿਸ ਤੋਂ ਨਹੀਂ ਇਹ ਉਹ ਤਹਿ ਕਰ ਰਿਹਾ ਹੈ। ਉਨ੍ਹਾਂ ਮਗਨਰੇਗਾ ਸਕੀਮ ਖ਼ਤਮ ਕਰਕੇ ਨਵੀਂ ਲਾਗੂ ਕੀਤੀ ਵੀ.ਬੀ. ਜੀ ਰਾਮ ਜੀ ਨੂੰ ਵੀ ਮਜ਼ਦੂਰ ਵਿਰੋਧੀ ਗਰਦਾਨਿਆਂ। ਦੱਸਿਆ ਕਿ ਕਹਿਣ ਨੂੰ ਤਾਂ 125 ਕੰਮ ਦਿਨ ਕਰ ਦਿੱਤੇ, ਪਰ ਹਕੀਕਤ ਇਹ ਲੰਘੇ ਅੱਠ ਮਹੀਨਿਆਂ ਦੌਰਾਨ ਮਗਨਰੇਗਾ ਮਜ਼ਦੂਰਾਂ ਨੂੰ ਇੱਕ ਦਿਨ ਵੀ ਕੰਮ ਨਹੀਂ ਮਿਲਿਆ।
ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਫਿਰਕਾ ਪ੍ਰਸਤੀ ਨੂੰ ਹੱਲਾਸ਼ੇਰੀ ਦੇ ਰਹੀ ਹੈ। ਬੁਲਾਰਿਆਂ ਪ੍ਰਸਤਾਵਿਤ ਮੁਕਤ ਵਪਾਰ ਸਮਝੌਤੇ ਦੀ ਗੱਲਬਾਤ 'ਚੋਂ ਫੌਰੀ ਬਾਹਰ ਆਉਣ, ਪੁਰਾਣੀ ਮਗਨਰੇਗਾ ਸਕੀਮ ਬਹਾਲੀ, ਮਜ਼ਦੂਰ ਕਿਸਾਨਾਂ ਸਿਰ ਹਰ ਕਿਸਮ ਦੇ ਕਰਜ਼ੇ 'ਤੇ ਲਕੀਰ, ਨਵੇਂ ਸਿੱਖਿਆ ਤੇ ਬਿਜਲੀ ਬਿਲ ਰੱਦ ਸਮੇਤ ਹੋਰ ਲਟਕਦੀਆਂ ਮੰਗਾਂ ਦੀ ਪੂਰਤੀ ਦੀ ਮੰਗ ਕੀਤੀ।
ਜ਼ਿਲ੍ਹਾ ਸਕੱਤਰ ਕਾ. ਖੁਸ਼ੀਆ ਸਿੰਘ ਨੇ ਪੰਜਾਬ ਸਰਕਾਰ ਦੀਆਂ ਨੀਤੀਆਂ ਦੀ ਵੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਸਾਰੀ ਬੋਰਡ ਦਾ ਚੇਅਰਮੈਨ ਵੀ ਹੈ, ਨੇ ਕਿਰਤ ਉਸਾਰੀ ਬੋਰਡ ਦਾ ਪੈਸਾ ਜੋ ਰਜਿਸਟਰਡ ਮਜ਼ਦੂਰਾਂ ਨੂੰ ਮਿਲਣਾ ਹੁੰਦਾ ਹੈ ਪੰਜਾਬ ਦੀਆਂ ਔਰਤਾਂ ਦੇ ਖਾਤਿਆਂ 'ਚ 1000-1000 ਅਤੇ 1500-1500 ਪਾ ਦਿੱਤਾ ਤੇ ਲਾਭਪਾਤਰੀ ਕਾਪੀ ਧਾਰਕਾਂ ਨਾਲ ਵੱਡਾ ਧੋਖਾ ਕੀਤਾ ਹੈ। ਇਸ ਨੂੰ ਚੋਣ ਸਟੰਟ ਦੱਸਿਆ।
ਇਸ ਮੌਕੇ ਨੌਜਵਾਨ ਆਗੂ ਸੁਮਨ ਨੇ ਸੂਬੇ ਤੇ ਦੇਸ਼ 'ਚ ਅਮੀਰ ਗਰੀਬ ਦੇ ਪਾੜੇ ਵਾਲੇ ਸਿੱਖਿਆ ਪ੍ਰਬੰਧ ਦੀ ਥਾਂ ਸਭ ਲਈ ਇੱਕੋ ਜਿਹੀ ਸਿੱਖਿਆ ਪ੍ਰਣਾਲੀ ਦੀ ਲੋੜ 'ਤੇ ਜ਼ੋਰ ਦਿੱਤਾ। ਅਖੀਰ ਬੁਲਾਰਿਆਂ ਇੱਕ ਸਤੰਬਰ ਨੂੰ ' ਦਿੱਲੀ ਚੱਲੋ, ਬਦਲਾਅ ਲਿਆਓ' ਦਾ ਹੋਕਾ ਦਿੰਦਿਆਂ ਵੱਧ ਤੋਂ ਵੱਧ ਲੋਕਾਂ ਨੂੰ ਸ਼ਮੂਲੀਅਤ ਦੀ ਅਪੀਲ ਕੀਤੀ।ਇਸ ਮੌਕੇ ਧਰਮਾ ਸਿੰਘ ਤਰਨ ਤਾਰਨ, ਪਾਸ਼ੋ ਕੌਰ ਜੋਧਪੁਰ, ਇਕਬਾਲ ਸਿੰਘ, ਬਲਵੀਰ ਸਿੰਘ ਲੋਹਗੜ੍ਹ, ਗੁਰਮੀਤ ਕੌਰ ਗੁੰਮਟੀ, ਸੁਖਜਿੰਦਰ ਸਿੰਘ ਮਹਿਤਾ, ਸਰਬਜੀਤ ਕੌਰ ਰੂੜੇਕੇ, ਕਿਸਾਨ ਆਗੂ ਗੁਰਜੰਟ ਸਿੰਘ ਮੌੜ ,ਅਲੀ, ਜਗਸੀਰ ਸਿੰਘ ਸੰਧੂ ਪੱਤੀ ਤੇ ਰਣਜੀਤ ਕੌਰ ਬਰਨਾਲਾ ਆਦਿ ਆਗੂ ਹਾਜ਼ਰ ਸਨ। ਅੰਤ ਵਿੱਚ ਮਾਰਚ ਕਰਦਿਆਂ ਆਗੂਆਂ ਨੇ ਡੀਸੀ ਦਫ਼ਤਰ ਪੁੱਜ ਕੇ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ।
- Download Babushahi App
-
-