ਮੁਕਤਸਰ ਪੁਲਿਸ ਵੱਲੋਂ ਵਾਰਦਾਤ ਕਰਨ ਦੀ ਫਿਰਾਕ 'ਚ ਬੈਠੇ ਚਾਰ ਨੌਜਵਾਨ ਅਸਲੇ ਸਮੇਤ ਕਾਬੂ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 13 ਜਨਵਰੀ 2026: ਮੁਕਤਸਰ ਪੁਲਿਸ ਨੇ ਵਾਰਦਾਤ ਕਰਨ ਦੀ ਫਿਰਾਕ ਚ ਬੈਠੇ ਚਾਰ ਨੌਜਵਾਨਾਂ ਨੂੰ ਅਸਲੇ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਸੂਰਜ ਸਿੰਘ ਪੁੱਤਰ ਨਿਰਮਲ ਸਿੰਘ, ਵਾਸੀ ਸੁਰਗਾਪੁਰੀ ਬਸਤੀ, ਸ੍ਰੀ ਮੁਕਤਸਰ ਸਾਹਿਬ, ਕਰਮ ਸਿੰਘ ਪੁੱਤਰ ਨਿਰਮਲ ਸਿੰਘ, ਵਾਸੀ ਸੁਰਗਾਪੁਰੀ ਬਸਤੀ,ਅਤਿੰਦਰਪਾਲ ਸਿੰਘ ਉਰਫ ਬਾਬਾ ਪੁੱਤਰ ਹਰਚੰਦ ਸਿੰਘ, ਵਾਸੀ ਚੱਕ ਸ਼ੇਰੇ ਵਾਲਾ ਅਤੇ ਹਰਪ੍ਰੀਤ ਸਿੰਘ ਉਰਫ ਗੌਰਵ ਪੁੱਤਰ ਜਸਵੀਰ ਸਿੰਘ, ਵਾਸੀ ਪਿੰਡ ਰੁਪਾਣਾ ਵਜੋਂ ਕੀਤੀ ਗਈ ਹੈ। ਐਸਪੀ ਡੀ ਮਨਮੀਤ ਸਿੰਘ ਢਿੱਲੋ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ.ਆਈ.ਏ. ਟੀਮ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੇ ਏਰੀਏ ਵਿੱਚ ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕਰ ਰਹੀ ਸੀ।
ਉਹਨਾਂ ਦੱਸਿਆ ਕਿ ਇਸ ਦੌਰਾਨ ਮੁਖ਼ਬਰ ਖ਼ਾਸ ਵੱਲੋਂ ਭਰੋਸੇਯੋਗ ਸੂਚਨਾ ਮਿਲੀ ਕਿ ਕੁੱਝ ਨੌਜਵਾਨ ਪੁਲ ਸੂਆ ਬੂੜਾ ਗੁੱਜਰ ਰੋਡ ਨੇੜੇ ਲਾਂਬਾ ਫਾਰਮ ਕੋਲ, ਇੱਕ ਵਰਨਾ ਕਾਰ ਵਿੱਚ ਬੈਠ ਕੇ ਕਿਸੇ ਗੰਭੀਰ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਹਨ।ਸੀ.ਆਈ.ਏ. ਸ੍ਰੀ ਮੁਕਤਸਰ ਸਾਹਿਬ ਦੇ ਇੰਚਾਰਜ ਇੰਸਪੈਕਟਰ ਮੁਖਤਿਆਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਕਾਰਵਾਈ ਕਰਦਿਆਂ ਇੱਕ ਕਾਰ ਨੂੰ ਰੋਕਿਆ ਜਿਸ ਵਿੱਚ ਚਾਰ ਨੌਜਵਾਨ ਬੈਠੇ ਸਨ।
ਪੁਲਿਸ ਨੇ ਇਸ ਮੌਕੇ ਤਲਾਸ਼ੀ ਲਈ ਤਾਂ 32 ਬੋਰ ਦੇ ਦੋ ਪਿਸਤੋਲ ਅਤੇ ਦੋ ਮੈਗਜੀਨ, 30 ਬੋਰ ਦਾ ਪਿਸਤੌਲ ਸਮੇਤ ਮੈਗਜ਼ੀਨ ਅਤੇ 32 ਬੋਰ ਦੇ ਛੇ ਕਾਰਤੂਸ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਇਸ ਕਾਰਵਾਈ ਦੌਰਾਨ ਵਰਨਾ ਕਾਰ ਵੀ ਕਬਜ਼ੇ ਵਿੱਚ ਲਈ ਹੈ।ਮੁਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਲੰਘੀ ਸੱਤ ਜਨਵਰੀ ਨੂੰ ਮੁਕਤਸਰ ਦੀ ਕੋਟਲੀ ਰੋਡ ਤੇ ਕਿਸੇ ਵਿਅਕਤੀ ਦੇ ਘਰ ਤੇ ਰਾਤ ਵੇਲੇ ਫਾਇਰਿੰਗ ਕੀਤੀ ਅਤੇ ਫਰਾਰ ਹੋ ਗਏ ਸਨ। ਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਦਾ ਰਿਮਾਂਡ ਲੈਣ ਉਪਰੰਤ ਅਗਲੀ ਪੁੱਛ ਪੜਤਾਲ ਕੀਤੀ ਜਾਏਗੀ ਜਿਸ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।