ਮੀਤ ਹੇਅਰ ਦਾ ਚੰਨੀ 'ਤੇ ਪਲਟਵਾਰ: ਸੱਜਣ ਕੁਮਾਰ ਮਾਮਲੇ 'ਚ ਕਾਂਗਰਸ ਨੂੰ ਘੇਰਿਆ
ਕਮਲਜੀਤ ਸਿੰਘ
ਸੰਗਰੂਰ, 23 ਅਗਸਤ:
ਪੂਰਬੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸੱਜਣ ਕੁਮਾਰ ਨੂੰ ਲੈ ਕੇ ਦਿੱਤੇ ਗਏ ਤਿੱਖੇ ਬਿਆਨ 'ਤੇ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਪਲਟਵਾਰ ਕੀਤਾ ਹੈ। ਮੀਤ ਹੇਅਰ ਨੇ ਚੰਨੀ 'ਤੇ ਨਿਸ਼ਾਨਾ ਸਾਧਦਿਆਂ ਸਵਾਲ ਕੀਤਾ ਕਿ ਜੇਕਰ ਉਨ੍ਹਾਂ ਅੰਦਰ ਇੰਨੀ ਹੀ ਜ਼ਮੀਰ ਅਤੇ ਹਿੰਮਤ ਸੀ, ਤਾਂ ਉਹ ਉਸ ਸਮੇਂ ਕਾਂਗਰਸ ਪਾਰਟੀ ਵਿੱਚ ਕਿਉਂ ਰਹੇ ਅਤੇ ਅਜਿਹੇ ਆਗੂਆਂ ਨੂੰ ਪਾਰਟੀ ਤੋਂ ਬਾਹਰ ਕਿਉਂ ਨਹੀਂ ਕਰਵਾਇਆ।
ਮੀਤ ਹੇਅਰ ਨੇ ਕਿਹਾ ਕਿ ਚੰਨੀ ਖੁਦ ਕਾਂਗਰਸ ਵਿੱਚ ਰਹੇ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਵੀ ਰਹੇ ਹਨ। ਉਨ੍ਹਾਂ ਪੁੱਛਿਆ ਕਿ ਕੀ ਉਸ ਸਮੇਂ ਪੰਜਾਬ ਕਾਂਗਰਸ ਦੇ ਕਿਸੇ ਆਗੂ ਨੇ ਹਾਈਕਮਾਨ ਅੱਗੇ ਜਾ ਕੇ ਇਹ ਕਹਿਣ ਦੀ ਹਿੰਮਤ ਕੀਤੀ ਸੀ ਕਿ ਅਜਿਹੇ ਨੇਤਾਵਾਂ ਨੂੰ ਪਾਰਟੀ ਵਿੱਚੋਂ ਬਾਹਰ ਕੱਢਿਆ ਜਾਵੇ, ਨਹੀਂ ਤਾਂ ਉਹ ਪਾਰਟੀ ਛੱਡ ਦੇਣਗੇ।
ਉਨ੍ਹਾਂ ਦੋਸ਼ ਲਗਾਇਆ ਕਿ ਦਿੱਲੀ ਵਿੱਚ ਕਾਂਗਰਸ ਨੇਤਾਵਾਂ ਦੀਆਂ ਬੈਠਕਾਂ ਦੌਰਾਨ ਪੰਜਾਬ ਦੇ ਆਗੂ ਵੀ ਉਨ੍ਹਾਂ ਨਾਲ ਬੈਠਦੇ ਰਹੇ ਅਤੇ ਲੋਕ ਸਭਾ ਟਿਕਟਾਂ ਵੰਡਦੇ ਰਹੇ। ਮੀਤ ਹੇਅਰ ਅਨੁਸਾਰ ਹੁਣ ਪੰਜਾਬ ਵਿੱਚ ਚੋਣ ਮਾਹੌਲ ਬਣਦਾ ਦੇਖ ਕੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਨੇੜੇ ਆਉਂਦਿਆਂ ਹੀ ਇਹ ਸਭ ਸਿਰਫ਼ ਸਿਆਸੀ ਡਰਾਮੇਬਾਜ਼ੀ ਹੈ ਅਤੇ ਕਾਂਗਰਸੀ ਨੇਤਾਵਾਂ ਦੇ ਕਹਿਣ ਤੇ ਕਰਨ ਵਿੱਚ ਜ਼ਮੀਨ-ਆਸਮਾਨ ਦਾ ਫ਼ਰਕ ਹੈ।
- Download Babushahi App
-
-