ਮਿਸ਼ਨ ਪ੍ਰਗਤੀ: ਨੌਕਰੀਆਂ ਲਈ ਤਿਆਰੀ ਕਰ ਰਹੇ ਨੌਜਵਾਨਾਂ ਲਈ ਮੁਫ਼ਤ ਸਰੀਰਕ ਸਿਖਲਾਈ ਸ਼ੁਰੂ
ਅਸ਼ੋਕ ਵਰਮਾ
ਬਠਿੰਡਾ, 9 ਮਾਰਚ 2026 : ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਵੱਲੋਂ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਲਈ ਤਿਆਰ ਕਰਨ ਦੇ ਉਦੇਸ਼ ਨਾਲ ਮਿਸ਼ਨ ਪ੍ਰਗਤੀ ਹੇਠ ਜ਼ਿਲ੍ਹਾ ਖੇਡ ਸਟੇਡੀਅਮ ਵਿੱਚ ਫਿਜ਼ੀਕਲ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ।ਇਸ ਪ੍ਰੋਗਰਾਮ ਵਿੱਚ ਲਗਭਗ 80 ਲੜਕੇ ਤੇ ਲੜਕੀਆਂ ਹਿੱਸਾ ਲੈ ਰਹੇ ਹਨ ਅਤੇ ਉਨ੍ਹਾਂ ਨੂੰ ਇਹ ਟ੍ਰੇਨਿੰਗ ਮੁਫ਼ਤ ਮੁਹੱਈਆ ਕਰਵਾਈ ਜਾ ਰਹੀ ਹੈ। ਇਹ ਪਹਿਲ ਖ਼ਾਸ ਕਰਕੇ ਉਨ੍ਹਾਂ ਉਮੀਦਵਾਰਾਂ ਦੀ ਮਦਦ ਲਈ ਹੈ ਜੋ ਪੰਜਾਬ ਪੁਲਿਸ ਸਮੇਤ ਵੱਖ-ਵੱਖ ਭਰਤੀ ਪ੍ਰੀਖਿਆਵਾਂ ਦੇ ਫਿਜ਼ੀਕਲ ਟੈਸਟਾਂ ਲਈ ਤਿਆਰੀ ਕਰ ਰਹੇ ਹਨ।
ਜ਼ਿਲ੍ਹਾ ਪ੍ਰਸ਼ਾਸਨ ਦੀ ਫਲੈਗਸ਼ਿਪ ਪਹਿਲ ਮਿਸ਼ਨ ਪ੍ਰਗਤੀ ਤਹਿਤ ਪਹਿਲਾਂ ਹੀ 5 ਜਨਵਰੀ 2026 ਤੋਂ ਜ਼ਿਲ੍ਹਾ ਲਾਇਬ੍ਰੇਰੀ ਬਠਿੰਡਾ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਮੁਫ਼ਤ ਕੋਚਿੰਗ ਦਿੱਤੀ ਜਾ ਰਹੀ ਹੈ। ਹੁਣ ਇਸ ਦੇ ਨਾਲ ਫਿਜ਼ੀਕਲ ਟ੍ਰੇਨਿੰਗ ਨੂੰ ਵੀ ਜੋੜਿਆ ਗਿਆ ਹੈ ਤਾਂ ਜੋ ਉਮੀਦਵਾਰ ਆਪਣੀ ਤਿਆਰੀ ਹੋਰ ਮਜ਼ਬੂਤ ਕਰ ਸਕਣ। ਟ੍ਰੇਨਿੰਗ ਦੌਰਾਨ ਦੌੜ, ਸਟੈਮੀਨਾ ਵਧਾਉਣ, ਲਾਂਗ ਜੰਪ ਦੀ ਪ੍ਰੈਕਟਿਸ ਅਤੇ ਬੇਸਿਕ ਡਿਸ਼ਪਲਿਨ ਅਤੇ ਡ੍ਰਿਲ ਉੱਤੇ ਖ਼ਾਸ ਧਿਆਨ ਦਿੱਤਾ ਜਾਵੇਗਾ। ਇਸ ਲਈ ਪੰਜਾਬ ਪੁਲਿਸ ਦੇ ਟ੍ਰੇਨਰ, ਖੇਡ ਕੋਚ ਮਦਦ ਕਰ ਰਹੇ ਹਨ, ਜਦਕਿ ਸੀਪਾਈਟ ਇੰਸਟੀਚਿਊਟ ਕਾਲਝਰਾਣੀ ਦੇ ਟ੍ਰੇਨਰ ਵੀ ਸਮੇਂ-ਸਮੇਂ ‘ਤੇ ਗੈਸਟ ਸੈਸ਼ਨ ਲੈਣਗੇ।
ਇਸ ਮੌਕੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ, ਡੀਆਈਜੀ ਹਰਜੀਤ ਸਿੰਘ ਅਤੇ ਐਸਐਸਪੀ ਡਾ. ਜਯੋਤੀ ਯਾਦਵ ਬੈਂਸ ਨੇ ਸਟੇਡੀਅਮ ਪਹੁੰਚ ਕੇ ਉਮੀਦਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮੇਹਨਤ ਨਾਲ ਤਿਆਰੀ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਲਈ ਵਧੀਆ ਮੌਕੇ ਪੈਦਾ ਕਰਨ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਅਤੇ ਮਿਸ਼ਨ ਪ੍ਰਗਤੀ ਵਰਗੀਆਂ ਪਹਿਲਾਂ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਹਰ ਨੌਜਵਾਨ ਨੂੰ ਸਰਕਾਰੀ ਨੌਕਰੀਆਂ ਲਈ ਤਿਆਰੀ ਕਰਨ ਲਈ ਢੁੱਕਵੇਂ ਮੌਕੇ ਅਤੇ ਸਹੂਲਤਾਂ ਮਿਲ ਸਕਣ।
Click to Follow Babushahi Facebook page →