ਮਹਿਲਾ ਕਰਮਚਾਰੀ ਦੀ ਜਬਰੀ ਬਦਲੀ ਖ਼ਿਲਾਫ਼ ਯੂਨੀਅਨ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਕੋਲ ਰੋਸ ਜਤਾਇਆ
ਜਬਰੀ ਬਦਲੀ ਰੱਦ ਨਾ ਹੋਣ ਦੀ ਸੂਰਤ ਵਿੱਚ ਜ਼ਿਲ੍ਹਾ ਸਿੱਖਿਆ ਦਫ਼ਤਰ ਅਤੇ ਡੀ.ਪੀ.ਆਈ. ਦਫ਼ਤਰ ਦਾ ਘਿਰਾਓ ਕਰਨ ਦੀ ਚੇਤਾਵਨੀ
ਅਸ਼ੋਕ ਵਰਮਾ
ਬਠਿੰਡਾ, 2 ਜੁਲਾਈ: ਸਿੱਖਿਆ ਵਿਭਾਗ ਵਿੱਚ ਇੱਕ ਮਹਿਲਾ ਲੇਖਾਕਾਰ ਹੁਣ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਰਜਨੀ ਬਾਲਾ ਦੀ ਬਿਨਾਂ ਕਿਸੇ ਸ਼ਿਕਾਇਤ, ਬਿਨਾਂ ਕਾਰਨ ਦੱਸੋ ਨੋਟਿਸ ਅਤੇ ਬਿਨਾਂ ਕਿਸੇ ਵਿਭਾਗੀ ਕਾਰਵਾਈ ਦੇ ਲਗਭਗ 60 ਕਿਲੋਮੀਟਰ ਦੂਰ ਕੀਤੀ ਗਈ ਜਬਰੀ ਬਦਲੀ ਦੇ ਮਾਮਲੇ ਨੂੰ ਲੈ ਕੇ ਅੱਜ ਜਥੇਬੰਦੀ ਦੇ ਵਫ਼ਦ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ, ਬਠਿੰਡਾ ਨਾਲ ਮੁਲਾਕਾਤ ਕਰਕੇ ਸਖ਼ਤ ਇਤਰਾਜ਼ ਦਰਜ ਕਰਵਾਇਆ। ਵਫ਼ਦ ਨੇ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਗੈਰ-ਵਾਜਬ, ਮਨਮਾਨੀ ਅਤੇ ਮਹਿਲਾ ਕਰਮਚਾਰੀਆਂ ਦੇ ਅਧਿਕਾਰਾਂ ਦੀ ਉਲੰਘਣਾ ਕਰਾਰ ਦਿੰਦਿਆਂ ਤੁਰੰਤ ਬਦਲੀ ਰੱਦ ਕਰਨ ਦੀ ਮੰਗ ਕੀਤੀ। ਵਫ਼ਦ ਨੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਸਟੇਟ ਕਾਡਰ ਹੋਣ ਕਰਕੇ ਕਰਮਚਾਰੀ ਦੀ ਬਦਲੀ ਕਰਨਾ ਉਨ੍ਹਾਂ ਦੇ ਅਧਿਕਾਰ ਵਿੱਚ ਨਹੀਂ ਹੈ ਫਿਰ ਵੀ ਨਿਯਮਾਂ ਅਤੇ ਅਧਿਕਾਰਾਂ ਦੇ ਉਲਟ ਨਾਦਰਸ਼ਾਹੀ ਫ਼ੈਸਲੇ ਲੈਣਾ ਵਾਜਿਬ ਨਹੀ ਹੈ।
ਮੁਲਾਕਾਤ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਮਾਮਲੇ ’ਤੇ ਮੁੜ ਵਿਚਾਰ ਕਰਨ ਲਈ ਕੱਲ੍ਹ ਤੱਕ ਦਾ ਸਮਾਂ ਮੰਗਿਆ। ਜਥੇਬੰਦੀ ਨੇ ਸਪੱਸ਼ਟ ਕੀਤਾ ਕਿ ਜੇਕਰ ਇਸ ਸਮੇਂ ਦੌਰਾਨ ਇਨਸਾਫ਼ਪੂਰਨ ਫ਼ੈਸਲਾ ਨਾ ਲਿਆ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫ਼ਤਰੀ ਕਰਮਚਾਰੀ ਯੂਨੀਅਨ ਦੇ ਸੂਬਾ ਆਗੂ ਕੁਲਦੀਪ ਸਿੰਘ ਗੁਰਮੀਤ ਸਿੰਘ ਰਜਿੰਦਰ ਸਿੰਘ ਸੰਧਾ ਅਮਨ ਥਾਪਰ ਅਤੇ ਜ਼ਿਲ੍ਹਾ ਪ੍ਰਧਾਨ ਦੀਪਕ ਬਾਂਸਲ ਨੇ ਕਿਹਾ ਕਿ ਜਿਸ ਮਹਿਲਾ ਕਰਮਚਾਰੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਉਸ ਦੇ ਕੰਮ-ਕਾਜ ਸਬੰਧੀ ਨਾ ਤਾਂ ਕੋਈ ਸ਼ਿਕਾਇਤ ਹੈ ਅਤੇ ਨਾ ਹੀ ਉਸ ਨੂੰ ਕਦੇ ਕੋਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ। ਇਸ ਦੇ ਬਾਵਜੂਦ ਉਸ ਨੂੰ ਅਚਾਨਕ 60 ਕਿਲੋਮੀਟਰ ਦੂਰ ਤਬਦੀਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ। ਇਹ ਕਾਰਵਾਈ ਕੁਦਰਤੀ ਨਿਆਂ ਦੇ ਸਿਧਾਂਤਾਂ, ਪ੍ਰਸ਼ਾਸਨਿਕ ਪਾਰਦਰਸ਼ਤਾ ਅਤੇ ਸੇਵਾ ਨਿਯਮਾਂ ਦੀ ਭਾਵਨਾ ਦੇ ਉਲਟ ਹੈ।
ਯੂਨੀਅਨ ਦੇ ਆਗੂਆਂ ਜਨਕ ਸਿੰਘ ਜੈਵਲ ਜੈਨ ਵਰਿੰਦਰ ਸਿੰਘ ਚਮਕੋਰ ਸਿੰਘ ਰਮਿੰਦਰ ਸਿੰਘ ਸ਼ੇਰ ਸਿੰਘ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਨੇ ਦੂਰ-ਦੁਰਾਡੇ ਖੇਤਰਾਂ ਵਿੱਚ ਡਿਊਟੀ ਕਰ ਰਹੀਆਂ ਮਹਿਲਾ ਕਰਮਚਾਰੀਆਂ ਨੂੰ ਸੰਭਵ ਹੋ ਸਕੇ 40 ਕਿਲੋਮੀਟਰ ਦੇ ਘੇਰੇ ਅੰਦਰ ਤਾਇਨਾਤ ਕਰਨ ਦੀ ਹਦਾਇਤ ਦਿੱਤੀ ਹੈ, ਜਦਕਿ ਦੂਜੇ ਪਾਸੇ ਜ਼ਿਲ੍ਹਾ ਸਿੱਖਿਆ ਅਫ਼ਸਰ, ਬਠਿੰਡਾ ਵੱਲੋਂ ਪਹਿਲਾਂ ਹੀ ਸਥਾਨਕ ਪੱਧਰ ’ਤੇ ਕੰਮ ਕਰ ਰਹੀ ਮਹਿਲਾ ਕਰਮਚਾਰੀ ਨੂੰ 60 ਕਿਲੋਮੀਟਰ ਦੂਰ ਭੇਜਣਾ ਮੁੱਖ ਮੰਤਰੀ ਦੀਆਂ ਹਦਾਇਤਾਂ ਨੂੰ ਖੁੱਲ੍ਹੀ ਚੁਣੌਤੀ ਦੇਣ ਦੇ ਬਰਾਬਰ ਹੈ। ਯੂਨੀਅਨ ਨੇ ਸਵਾਲ ਕੀਤਾ ਕਿ ਕੀ ਜ਼ਿਲ੍ਹਾ ਪੱਧਰ ਦੇ ਅਧਿਕਾਰੀ ਸਰਕਾਰ ਦੀ ਨੀਤੀ ਤੋਂ ਉੱਪਰ ਹਨ?
ਯੂਨੀਅਨ ਨੇ ਕਿਹਾ ਕਿ ਅਜਿਹੇ ਮਨਮਰਜ਼ੀ ਵਾਲੇ ਫ਼ੈਸਲੇ ਮਹਿਲਾ ਕਰਮਚਾਰੀਆਂ ਨੂੰ ਮਾਨਸਿਕ, ਆਰਥਿਕ ਅਤੇ ਪਰਿਵਾਰਕ ਤੌਰ ’ਤੇ ਪ੍ਰੇਸ਼ਾਨ ਕਰਨ ਦੇ ਨਾਲ-ਨਾਲ ਵਿਭਾਗ ਵਿੱਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਪੈਦਾ ਕਰਦੇ ਹਨ। ਕਿਸੇ ਵੀ ਕਰਮਚਾਰੀ ਨੂੰ ਬਿਨਾਂ ਦੋਸ਼, ਬਿਨਾਂ ਸੁਣਵਾਈ ਅਤੇ ਬਿਨਾਂ ਕਿਸੇ ਵਾਜਬ ਕਾਰਨ ਦੇ ਸਜ਼ਾ ਦੇਣ ਵਰਗੀ ਕਾਰਵਾਈ ਨੂੰ ਕਿਸੇ ਵੀ ਹਾਲਤ ਵਿੱਚ ਸਵੀਕਾਰ ਨਹੀਂ ਕੀਤਾ ਜਾ ਸਕਦਾ।
ਜਥੇਬੰਦੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਮਹਿਲਾ ਕਰਮਚਾਰੀ ਦੀ ਜਬਰੀ ਬਦਲੀ ਤੁਰੰਤ ਰੱਦ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਜ਼ਿਲ੍ਹਾ ਸਿੱਖਿਆ ਦਫ਼ਤਰ, ਬਠਿੰਡਾ ਅਤੇ ਡੀ.ਪੀ.ਆਈ. ਦਫ਼ਤਰ ਦਾ ਵਿਸ਼ਾਲ ਘਿਰਾਓ ਕੀਤਾ ਜਾਵੇਗਾ। ਇਸ ਦੌਰਾਨ ਪੈਦਾ ਹੋਣ ਵਾਲੀ ਹਰ ਸਥਿਤੀ ਦੀ ਪੂਰੀ ਜ਼ਿੰਮੇਵਾਰੀ ਸਿੱਖਿਆ ਵਿਭਾਗ ਅਤੇ ਸੰਬੰਧਿਤ ਅਧਿਕਾਰੀਆਂ ਦੀ ਹੋਵੇਗੀ।
ਯੂਨੀਅਨ ਨੇ ਦੁਹਰਾਇਆ ਕਿ ਕਰਮਚਾਰੀਆਂ ਨਾਲ ਧੱਕੇਸ਼ਾਹੀ, ਮਨਮਾਨੀਆਂ ਬਦਲੀਆਂ ਅਤੇ ਬਦਲੇ ਦੀ ਭਾਵਨਾ ਨਾਲ ਕੀਤੀਆਂ ਕਾਰਵਾਈਆਂ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਜਥੇਬੰਦੀ ਆਗੂਆ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਅਪੀਲ ਕੀਤੀ ਕਿ ਉਕਤ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਮਹਿਲਾ ਕਰਮਚਾਰਣ ਨੂੰ ਇੰਨਸਾਫ ਦੁਆਇਆ ਜਾਵੇ।
- Download Babushahi App
-
-