ਬੰਗਲਾ ਸਾਹਿਬ ਵਿਖੇ ਸੰਗਤ ਲਈ ਨਵੀਂ ਸਹੂਲਤ: ਕਾਲਕਾ ਤੇ ਕਾਹਲੋਂ
ਨਵੀਂ ਦਿੱਲੀ 9 ਸਤੰਬਰ,2026 (ਮਨਮੋਹਨ ਸਿੰਘ)
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਪਵਿੱਤਰ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸੰਗਤ ਦੀ ਸਹੂਲਤ ਅਤੇ ਬਿਹਤਰ ਸੇਵਾ ਨੂੰ ਮੁੱਖ ਰੱਖਦਿਆਂ ਆਟੋਮੈਟਿਕ ਸਵੈ-ਸੇਵਾ ਮਸ਼ੀਨ ਸਥਾਪਿਤ ਕੀਤੀ ਗਈ ਹੈ। ਇਸ ਨਵੀਂ ਸਹੂਲਤ ਦਾ ਅਰਦਾਸ ਉਪਰੰਤ ਸ਼ੁਭ ਆਰੰਭ ਕੀਤਾ ਗਿਆ।
ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਇਸ ਮਸ਼ੀਨ ਰਾਹੀਂ ਸੰਗਤ ਹੁਣ ਕੜਾਹ ਪ੍ਰਸ਼ਾਦ ਦੀ ਪਰਚੀ ਬੜੀ ਆਸਾਨੀ, ਤੇਜ਼ੀ ਅਤੇ ਸੁਵਿਧਾਜਨਕ ਢੰਗ ਨਾਲ ਖੁਦ ਪ੍ਰਾਪਤ ਕਰ ਸਕੇਗੀ। ਉਨ੍ਹਾਂ ਦੱਸਿਆ ਕਿ ਇਸ ਨਾਲ ਸੰਗਤ ਨੂੰ ਪਰਚੀ ਲੈਣ ਲਈ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਹੋਣ ਤੋਂ ਰਾਹਤ ਮਿਲੇਗੀ ਅਤੇ ਸਮੇਂ ਦੀ ਵੀ ਬੱਚਤ ਹੋਵੇਗੀ।
ਦੋਵੇਂ ਆਗੂਆਂ ਨੇ ਕਿਹਾ ਕਿ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਲਈ ਪਹੁੰਚਦੀ ਹੈ ਅਤੇ ਸੰਗਤ ਦੀ ਵੱਧ ਰਹੀ ਆਮਦ ਅਤੇ ਉਨ੍ਹਾਂ ਦੀਆਂ ਸਹੂਲਤਾਂ ਨੂੰ ਧਿਆਨ ਵਿੱਚ ਰੱਖਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਕੇ ਸੇਵਾ ਪ੍ਰਬੰਧਾਂ ਨੂੰ ਹੋਰ ਸੁਚਾਰੂ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
ਦੋਵੇਂ ਆਗੂਆਂ ਨੇ ਕਿਹਾ ਕਿ ਸੰਗਤ ਦੀ ਸਹੂਲਤ ਅਤੇ ਗੁਰੂ ਘਰ ਦੀ ਸੇਵਾ ਨੂੰ ਹੋਰ ਸੁਚੱਜਾ, ਪਾਰਦਰਸ਼ੀ ਅਤੇ ਆਸਾਨ ਬਣਾਉਣਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੁੱਖ ਤਰਜੀਹ ਹੈ। ਆਟੋਮੈਟਿਕ ਸਵੈ-ਸੇਵਾ ਮਸ਼ੀਨ ਦੀ ਸਥਾਪਨਾ ਵੀ ਇਸੇ ਦਿਸ਼ਾ ਵਿੱਚ ਇੱਕ ਹੋਰ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਤਕਨਾਲੋਜੀ ਦੇ ਨਾਲ ਸੇਵਾ ਪ੍ਰਬੰਧਾਂ ਵਿੱਚ ਸੁਧਾਰ ਲਿਆਉਂਦੇ ਹੋਏ ਸੰਗਤ ਨੂੰ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕਰਨ ਲਈ ਕਮੇਟੀ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਜਾਰੀ ਰੱਖੇ ਜਾਣਗੇ।
ਸਰਦਾਰ ਕਾਲਕਾ ਅਤੇ ਕਾਹਲੋਂ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਮੁੱਖ ਉਦੇਸ਼ ਹੈ ਕਿ ਗੁਰੂ ਘਰ ਵਿਖੇ ਆਉਣ ਵਾਲੀ ਹਰ ਸੰਗਤ ਨੂੰ ਬਿਨਾਂ ਕਿਸੇ ਔਕੜ, ਸੁਚੱਜੀ ਅਤੇ ਸਨਮਾਨਪੂਰਵਕ ਸੇਵਾ ਪ੍ਰਾਪਤ ਹੋਵੇ ਅਤੇ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
- Download Babushahi App
-
-