ਬਾਰਿਸ਼ ਦੇ ਬਾਵਜੂਦ ਡੀਸੀ ਦਫਤਰ ਬਠਿੰਡਾ ਅੱਗੇ ਮਘਿਆ ਰਿਹਾ ਕਿਸਾਨੀ ਸੰਘਰਸ਼ ਦਾ ਅਖਾੜਾ
ਅਸ਼ੋਕ ਵਰਮਾ
ਬਠਿੰਡਾ, 3 ਸਤੰਬਰ 2026: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਡੀਸੀ ਦਫਤਰ ਅੱਗੇ ਚੱਲ ਰਹੇ ਮੋਰਚੇ ਵਿੱਚ ਕਿਸਾਨਾਂ, ਮਜ਼ਦੂਰਾਂ ਅਤੇ ਔਰਤਾਂ ਨੇ ਭਰਵੀਂ ਸ਼ਮੂਲੀਅਤ ਕੀਤੀ ਅਤੇ ਬੁਲਾਰਿਆਂ ਅਤੇ ਗੀਤਕਾਰਾਂ ਨੇ ਬਾਰਿਸ਼ ਦੇ ਬਾਵਜੂਦ ਸਟੇਜ ਦੀ ਕਾਰਵਾਈ ਜਾਰੀ ਰੱਖੀ। ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਜ਼ਿਲ੍ਹਾ ਕਮੇਟੀ ਮੈਂਬਰ ਜਗਸੀਰ ਸਿੰਘ ਝੁੰਬਾ, ਬਲਾਕ ਆਗੂ ਗੁਲਾਬ ਸਿੰਘ ਜਿਉਂਦ, ਸੁਖਦੇਵ ਸਿੰਘ ਰਾਮਪੁਰਾ ਅਤੇ ਕਰਮਜੀਤ ਕੌਰ ਜਿਉਂਦ ਨੇ ਕਿਹਾ ਕਿ ਜਥੇਬੰਦੀ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਲਗਾਤਾਰ ਸੰਘਰਸ਼ ਜਾਰੀ ਹਨ। ਸਰਕਾਰਾਂ ਵੱਲੋਂ ਵੱਖ ਵੱਖ ਢੰਗਾਂ ਨਾਲ ਨੋਟੀਫਿਕੇਸ਼ਨ ਜਾਰੀ ਕਰਕੇ ਧੱਕੇ ਨਾਲ ਜਮੀਨਾਂ ਖੋਹਣ ਲਈ ਪੁਲਿਸ ਦੇ ਜੋਰ ਕਿਸਾਨਾਂ ਤੇ ਹਮਲੇ ਕੀਤੇ।
ਉਹਨਾਂ ਕਿਹਾ ਕਿ ਆਪਣੀਆਂ ਜਮੀਨਾਂ ਦੀ ਰਾਖੀ ਲਈ ਸੰਘਰਸ਼ ਕਰਨ ਤੇ ਸਰਕਾਰ ਨੇ ਕਿਸਾਨਾਂ 'ਤੇ ਜਬਰ ਢਾਹਿਆ ਅਤੇ ਅਨੇਕਾਂ ਝੂਠੇ ਪਰਚੇ ਦਰਜ ਕੀਤੇ ਹਨ। ਆਗੂਆਂ ਨੂੰ ਲੰਮਾ ਸਮਾਂ ਜੇਲ੍ਹਾਂ ਚ ਰੱਖਣ ਲਈ ਸੰਗੀਨ ਧਰਾਵਾਂ ਲਾਈਆਂ ਗਈਆਂ। ਬੁਲਾਰਿਆਂ ਨੇ ਕਿਹਾ ਕਿ ਕੰਪਨੀਆਂ ਵੱਲੋਂ ਆਪਣੇ ਮੁਨਾਫਿਆਂ ਦੀ ਹੋੜ ਵਿੱਚ ਲਗਾਤਾਰ ਹਵਾ ਤੇ ਪਾਣੀ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ। ਸਰਕਾਰਾਂ ਵੱਲੋਂ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਪਰ ਮਜਬੂਰੀ ਬਸ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਤੇ ਝੂਠੇ ਪਰਚੇ ਦਰਜ ਕੀਤੇ ਗਏ, ਜੁਰਮਾਨੇ ਪਾਏ ਗਏ ਜਿਸ ਕਾਰਨ ਕਿਸਾਨ ਅਦਾਲਤਾਂ ਵਿੱਚ ਖੱਜਲ ਖੁਆਰ ਹੋ ਰਹੇ ਹਨ। ਆਪਣੀਆਂ ਫਸਲਾਂ ਪੂਰੇ ਭਾਅ ਵੇਚਣ ਲਈ ਕਿਸਾਨਾਂ ਵੱਲੋਂ ਸੰਘਰਸ਼ ਕਰਨ ਤੇ ਉਹਨਾਂ ਖਿਲਾਫ ਇਰਾਦਾ ਕਤਲ ਅਤੇ ਅਗਵਾਹ ਕਰਨ ਦੀਆਂ ਧਾਰਾਵਾਂ ਤਹਿਤ ਝੂਠੇ ਪਰਚੇ ਦਰਜ ਕੀਤੇ ਗਏ।
ਉਹਨਾਂ ਕਿਹਾ ਕਿ ਇਸੇ ਤਰ੍ਹਾਂ ਹੜ੍ਹਾਂ ਜਾਂ ਕੁਦਰਤੀ ਆਫਤਾਂ ਕਾਰਨ ਹੋਏ ਨੁਕਸਾਨ ਦਾ ਮੁਆਵਜੇ ਲਈ ਮੰਗ ਕਰਦੇ ਕਿਸਾਨਾਂ ਤੇ ਵੀ ਪੁਲਿਸ ਦਾ ਕਹਿਰ ਢਾਹਿਆ ਗਿਆ। ਬੁਲਾਰਿਆਂ ਨੇ ਮੋਰਚੇ ਦੀਆਂ ਮੰਗਾਂ ਦਾ ਜ਼ਿਕਰ ਕਰਦਿਆਂ ਮੰਗ ਕੀਤੀ ਕਿ ਕਿਸਾਨ ਅਤੇ ਲੋਕ ਵਿਰੋਧੀ ਅਮਰੀਕਾ ਸਮਝੌਤਾ ਵਾਰਤਾ ਰੱਦ ਕੀਤੀ ਜਾਵੇ, ਜਮੀਨਾਂ ਖੋਹਣ ਲਈ ਮੁੜ ਲਿਆਂਦੀ ਜਾ ਰਹੀ ਲੈਂਡ ਪੋਲਿੰਗ ਨੀਤੀ ਰੱਦ ਕੀਤੀ ਜਾਵੇ, ਹੜਾਂ ਜਾਂ ਕੁਦਰਤੀ ਆਫਤਾਂ ਕਾਰਨ ਹੋਏ ਫਸਲਾਂ ਦੇ ਨੁਕਸਾਨ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ, ਅੰਦੋਲਨਕਾਰੀ ਕਿਸਾਨਾਂ ਤੇ ਹੋਰ ਸੰਘਰਸ਼ੀ ਲੋਕਾਂ ਤੇ ਪੁਲਿਸ ਦਾ ਜਬਰ ਬੰਦ ਕੀਤਾ ਜਾਵੇ, ਅੰਦੋਲਨਾਂ ਦੌਰਾਨ ਅਤੇ ਪਰਾਲੀ ਸਾੜਨ ਦੇ ਦਰਜ ਕੀਤੇ ਸਾਰੇ ਪੁਲਿਸ ਕੇਸ ਰੱਦ ਕੀਤੇ ਜਾਣ। ਬਲਾਰਿਆਂ ਨੇ ਕਿਹਾ ਕਿ ਸ਼ੁੱਕਰਵਾਰ ਦੀ ਸਟੇਜ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਘੋਲ ਦੀਆਂ ਮੰਗਾਂ ਨੂੰ ਸਮਰਪਿਤ ਹਵੇਗੀ। ਉਹਨਾਂ ਸਮੂਹ ਮੁਲਾਜ਼ਮਾਂ,ਪੈਨਸ਼ਨਰਾਂ, ਠੇਕਾ ਮੁਲਾਜਮਾਂ,ਹੋਰ ਭਰਾਤਰੀ ਜਥੇਬੰਦੀਆਂ ਤੇ ਕਿਰਤੀ ਲੋਕਾਂ ਨੂੰ ਅਪੀਲ ਕੀਤੀ ਕਿ ਕੱਲ ਨੂੰ ਮੋਰਚੇ ਵਿੱਚ ਵੱਧ ਤੋਂ ਵੱਧ ਸਮੂਲੀਅਤ ਕਰਨ। ਅੱਜ ਲੋਕ ਸੰਗੀਤ ਮੰਡਲੀ ਜਗਸੀਰ ਸਿੰਘ ਜੀਦਾ ਦੀ ਟੀਮ ਵੱਲੋਂ ਲੋਕ ਪੱਖੀ ਅਤੇ ਸਰਕਾਰਾਂ ਤੇ ਚੋਟ ਕਰਦੇ ਗੀਤ ਪੇਸ਼ ਕੀਤੇ ਗਏ ।
- Download Babushahi App
-
-