ਬਰਸਾਤਾਂ ਕਾਰਨ ਮਜ਼ਦੂਰ ਪਰਿਵਾਰ ਦੇ ਮਕਾਨ ਦੀ ਛੱਤ ਦੇ ਡਿੱਗੇ ਬਾਲੇ, ਦੀਵਾਰਾਂ ਵਿੱਚ ਪਈਆਂ ਦਰਾਰਾਂ
ਸੱਤ ਮੈਂਬਰੀ ਪਰਿਵਾਰ ਦੇ ਸਿਰ ਤੇ ਨਹੀਂ ਰਹੀ ਛੱਤ ਖੁੱਸੀ; ਬੱਚਿਆਂ, ਬਜ਼ੁਰਗ ਮਾਂ ਅਤੇ ਦਿਵਿਆਂਗ ਭਰਾ ਦੀ ਦੇਖਭਾਲ ਕਰਨਾ ਹੋਇਆ ਮੁਸ਼ਕਲ
ਰੋਹਿਤ ਗੁਪਤਾ, ਗੁਰਦਾਸਪੁਰ
ਪਿਛਲੇ ਦਿਨੀਂ ਹੋਈ ਬਰਸਾਤ ਕਾਰਨ ਗੁਰਦਾਸਪੁਰ ਨੇੜਲੇ ਪਿੰਡ ਗੁਰਦਾਸ ਨੰਗਲ ਦੇ ਵਸਨੀਕ ਕੇਵਲ ਕੁਮਾਰ ਦੇ ਪਰਿਵਾਰ ਲਈ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਬਰਸਾਤੀ ਪਾਣੀ ਕਾਰਨ ਉਨ੍ਹਾਂ ਦੇ ਮਕਾਨ ਦੀਆਂ ਕੰਧਾਂ ਵਿੱਚ ਵੱਡੀਆਂ ਤਰੇੜਾਂ ਪੈ ਗਈਆਂ ਹਨ ਅਤੇ ਛੱਤ ਦੇ ਬਾਲੇ ਟੁੱਟ ਕੇ ਹੇਠਾਂ ਡਿੱਗ ਪਏ ਹਨ। ਇਸ ਕਾਰਨ ਘਰ ਦਾ ਇੱਕ ਕਮਰਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ ਅਤੇ ਪਰਿਵਾਰ ਨੂੰ ਆਪਣੀ ਸੁਰੱਖਿਆ ਦੀ ਚਿੰਤਾ ਸਤਾ ਰਹੀ ਹੈ।
ਪੀੜਤ ਕੇਵਲ ਕੁਮਾਰ, ਉਨ੍ਹਾਂ ਦੀ ਪਤਨੀ ਸਰਬਜੀਤ ਕੌਰ ਅਤੇ ਬਜ਼ੁਰਗ ਮਾਤਾ ਬਚਨੀ ਨੇ ਆਪਣੀ ਹੱਡਬੀਤੀ ਦੱਸਦਿਆਂ ਕਿਹਾ ਕਿ ਉਨ੍ਹਾਂ ਦਾ ਸੱਤ ਮੈਂਬਰੀ ਪਰਿਵਾਰ ਹੈ। ਪਰਿਵਾਰ ਵਿੱਚ ਛੋਟੇ ਬੱਚੇ, ਇੱਕ ਬੇਟੀ, ਮਾਨਸਿਕ ਤੌਰ ’ਤੇ ਅਸਮਰੱਥ ਵੱਡਾ ਭਰਾ ਅਤੇ ਬਜ਼ੁਰਗ ਮਾਤਾ ਸ਼ਾਮਲ ਹਨ। ਕੇਵਲ ਕੁਮਾਰ ਦਿਹਾੜੀ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਹਨ। ਸੀਮਤ ਆਮਦਨ ਕਾਰਨ ਉਨ੍ਹਾਂ ਲਈ ਘਰ ਦੀ ਮੁਰੰਮਤ ਕਰਵਾਉਣਾ ਬਹੁਤ ਮੁਸ਼ਕਲ ਹੋ ਗਿਆ ਹੈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਕਾਨ ਦੀ ਹਾਲਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਹਰ ਸਮੇਂ ਇਹ ਡਰ ਬਣਿਆ ਰਹਿੰਦਾ ਹੈ ਕਿ ਕਿਤੇ ਬਾਕੀ ਰਹਿੰਦੀਆਂ ਕੰਧਾਂ ਜਾਂ ਛੱਤ ਦਾ ਹਿੱਸਾ ਵੀ ਨਾ ਡਿੱਗ ਪਵੇ। ਉਨ੍ਹਾਂ ਅਨੁਸਾਰ, ਰੱਬ ਦੀ ਮਿਹਰ ਸਦਕਾ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਘਰ ਨੂੰ ਹੋਏ ਨੁਕਸਾਨ ਨੇ ਪਰਿਵਾਰ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।
ਪੀੜਤ ਪਰਿਵਾਰ ਨੇ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ, ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਆਰਥਿਕ ਹਾਲਤ ਨੂੰ ਧਿਆਨ ਵਿੱਚ ਰੱਖਦਿਆਂ ਮਕਾਨ ਦੀ ਮੁਰੰਮਤ ਜਾਂ ਮੁੜ ਉਸਾਰੀ ਲਈ ਮਦਦ ਕੀਤੀ ਜਾਵੇ, ਤਾਂ ਜੋ ਪਰਿਵਾਰ ਨੂੰ ਸੁਰੱਖਿਅਤ ਛੱਤ ਹੇਠ ਰਹਿਣ ਦਾ ਸਹਾਰਾ ਮਿਲ ਸਕੇ। ਪਰਿਵਾਰ ਨੇ ਸਮਾਜ ਦੇ ਸਮਰੱਥ ਲੋਕਾਂ ਨੂੰ ਵੀ ਅੱਗੇ ਆ ਕੇ ਮਦਦ ਕਰਨ ਦੀ ਅਪੀਲ ਕੀਤੀ ਹੈ, ਤਾਂ ਜੋ ਬੱਚਿਆਂ, ਬਜ਼ੁਰਗ ਮਾਂ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਸੁਰੱਖਿਅਤ ਮਾਹੌਲ ਮਿਲ ਸਕੇ।
- Download Babushahi App
-
-