ਬਰਨਾਲਾ ਦਾਣਾ ਮੰਡੀ ਨੇੜੇ ਖਾਲੀ ਦੁਕਾਨਾਂ 'ਚੋਂ ਅਣਪਛਾਤੇ ਨੌਜਵਾਨ ਦੀ ਮਿਲੀ ਲਾਸ਼, ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਖ਼ਦਸ਼ਾ; ਭਾਜਪਾ ਆਗੂ ਗੁਰਜਿੰਦਰ ਸਿੱਧੂ ਨੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ 'ਤੇ ਚੁੱਕੇ ਸਵਾਲ
ਬਰਨਾਲਾ, 29 ਨਵੰਬਰ, 2026: ਸਥਾਨਕ ਦਾਣਾ ਮੰਡੀ ਦੇ ਗੇਟ ਨੰਬਰ 2 ਨੇੜੇ ਸਥਿਤ ਮਾਰਕੀਟ ਕਮੇਟੀ ਦੀਆਂ ਖਾਲੀ ਪਈਆਂ ਦੁਕਾਨਾਂ ਵਿੱਚੋਂ ਇੱਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲਣ ਕਾਰਨ ਇਲਾਕੇ ਵਿੱਚ ਸਨਸਨੀ ਫੈਲ ਗਈ। ਮੁੱਢਲੀ ਜਾਂਚ ਦੌਰਾਨ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਮ੍ਰਿਤਕ ਦੀ ਉਮਰ ਕਰੀਬ 25 ਤੋਂ 30 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ ਅਤੇ ਫ਼ਿਲਹਾਲ ਉਸ ਦੀ ਪਛਾਣ ਨਹੀਂ ਹੋ ਸਕੀ।
ਦੁਕਾਨਾਂ 'ਚੋਂ ਭੱਜਦੇ ਦੇਖੇ ਗਏ ਦੋ ਸ਼ੱਕੀ ਵਿਅਕਤੀ
ਮੌਕੇ 'ਤੇ ਮੌਜੂਦ ਚਸ਼ਮਦੀਦ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਸਮੇਤ ਗੇਟ ਨੰਬਰ 2 ਨੇੜੇ ਚਾਹ ਪੀ ਰਹੇ ਸਨ। ਇਸੇ ਦੌਰਾਨ ਕੰਮਕਾਰ ਲਈ ਉੱਥੇ ਆਏ ਇੱਕ ਨੌਜਵਾਨ ਨੇ ਭੱਜ ਕੇ ਆ ਕੇ ਦੱਸਿਆ ਕਿ ਬੰਦ ਪਈਆਂ ਦੁਕਾਨਾਂ ਵਿੱਚੋਂ ਦੋ ਵਿਅਕਤੀ ਭੱਜ ਕੇ ਗਏ ਹਨ ਅਤੇ ਅੰਦਰ ਇੱਕ ਨੌਜਵਾਨ ਬੇਸੁੱਧ ਹਾਲਤ ਵਿੱਚ ਪਿਆ ਹੈ। ਘਟਨਾ ਦੀ ਸੂਚਨਾ ਤੁਰੰਤ 112 ਹੈਲਪਲਾਈਨ ਅਤੇ ਸਥਾਨਕ ਪੁਲਿਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ।
ਖਾਲੀ ਇਮਾਰਤਾਂ ਬਣੀਆਂ ਨਸ਼ੇੜੀਆਂ ਦੇ ਅੱਡੇ: ਭਾਜਪਾ ਆਗੂ ਗੁਰਜਿੰਦਰ ਸਿੱਧੂ
ਘਟਨਾ ਸਥਾਨ 'ਤੇ ਪਹੁੰਚੇ ਸੀਨੀਅਰ ਭਾਜਪਾ ਆਗੂ ਗੁਰਜਿੰਦਰ ਸਿੰਘ ਸਿੱਧੂ ਨੇ ਨੌਜਵਾਨ ਦੀ ਮੌਤ 'ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਜ਼ਮੀਨੀ ਪੱਧਰ 'ਤੇ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਥਾਂ ਕਾਫ਼ੀ ਲੁਕਵੀਂ ਹੋਣ ਕਾਰਨ ਸਵੇਰ ਵੇਲੇ ਨੌਜਵਾਨ ਇੱਥੇ ਸ਼ਰੇਆਮ ਬੈਠ ਕੇ ਨਸ਼ਾ ਕਰਦੇ ਹਨ।
ਸਿੱਧੂ ਨੇ ਪੁਲਿਸ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੁਲਿਸ ਵੱਲੋਂ ਸ਼ਹਿਰ ਦੀਆਂ ਕਈ ਥਾਵਾਂ 'ਤੇ ਸਖ਼ਤੀ ਕੀਤੀ ਗਈ ਹੈ, ਪਰ ਮੰਡੀ ਬੋਰਡ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਖਾਲੀ ਪਈਆਂ ਦੁਕਾਨਾਂ ਅਤੇ ਥਾਵਾਂ ਦੀ ਸਫ਼ਾਈ ਕਰਵਾ ਕੇ ਇਨ੍ਹਾਂ ਨੂੰ ਪੱਕੇ ਤੌਰ 'ਤੇ ਬੰਦ ਕਰਵਾਉਣ, ਤਾਂ ਜੋ ਇਹ ਨਸ਼ੇੜੀਆਂ ਦੇ ਅੱਡੇ ਨਾ ਬਣ ਸਕਣ।
ਪੁਲਿਸ ਨੇ ਲਾਸ਼ ਨੂੰ 72 ਘੰਟਿਆਂ ਲਈ ਮੋਰਚਰੀ 'ਚ ਰਖਵਾਇਆ
ਬੱਸ ਸਟੈਂਡ ਚੌਕੀ ਇੰਚਾਰਜ ਗੁਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਨੌਜਵਾਨ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਲਈ ਲਾਸ਼ ਨੂੰ 72 ਘੰਟਿਆਂ ਵਾਸਤੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੁਲਿਸ ਵੱਲੋਂ ਤਰਕਸ਼ੀਲ ਚੌਕ ਤੋਂ ਬੱਸ ਸਟੈਂਡ ਤੱਕ ਕਰੀਬ 30-35 ਖਾਲੀ ਪਲਾਟਾਂ ਦੀ ਸਫ਼ਾਈ ਕਰਵਾਈ ਜਾ ਚੁੱਕੀ ਹੈ ਅਤੇ ਮਾਰਕੀਟ ਕਮੇਟੀ ਅਧਿਕਾਰੀਆਂ ਨੂੰ ਵੀ ਇਨ੍ਹਾਂ ਦੁਕਾਨਾਂ ਦੀ ਸਫ਼ਾਈ ਕਰਵਾਉਣ ਲਈ ਕਿਹਾ ਗਿਆ ਹੈ, ਪਰ ਪੁਲਿਸ ਆਪਣੇ ਪੱਧਰ 'ਤੇ ਵੀ ਇਸ ਜਗ੍ਹਾ ਦੀ ਸਫ਼ਾਈ ਕਰਵਾਏਗੀ।
- Download Babushahi App
-
-