ਬਰਨਾਲਾ 'ਚ ਸਫ਼ਾਈ ਸੇਵਕਾਂ 'ਤੇ ਕਥਿਤ ਲਾਠੀਚਾਰਜ ਦਾ ਮਾਮਲਾ ਗਰਮਾਇਆ, ਪੁਲਿਸ 'ਤੇ ਇਰਾਦਾ-ਏ-ਕਤਲ ਦਾ ਪਰਚਾ ਦਰਜ ਕਰਨ ਦੀ ਮੰਗ
Kamaljit Sandhu
ਬਰਨਾਲਾ, 23 ਜੁਲਾਈ 2026- ਬਰਨਾਲਾ ਵਿਖੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਸਫ਼ਾਈ ਕਰਮਚਾਰੀਆਂ 'ਤੇ ਹੋਏ ਕਥਿਤ ਲਾਠੀਚਾਰਜ ਅਤੇ ਮਾਰਕੁੱਟ ਦਾ ਮਾਮਲਾ ਹੁਣ ਦਿਨ-ਬ-ਦਿਨ ਵੱਡਾ ਰੂਪ ਧਾਰਨ ਕਰਦਾ ਜਾ ਰਹਾ ਹੈ। ਇਸ ਘਟਨਾ ਦੌਰਾਨ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸਫ਼ਾਈ ਕਰਮਚਾਰੀ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਅਧੀਨ ਹਨ। ਘਟਨਾ ਤੋਂ ਬਾਅਦ ਪ੍ਰਸ਼ਾਸਨ ਅਤੇ ਪੁਲਿਸ ਕਾਰਵਾਈ ਦੇ ਖਿਲਾਫ਼ ਲਗਾਤਾਰ ਰੋਸ ਵਧਦਾ ਜਾ ਰਿਹਾ ਹੈ। ਇਸ ਪੂਰੇ ਘਟਨਾਕ੍ਰਮ ਦਾ ਪੰਜਾਬ ਸਫ਼ਾਈ ਕਰਮਚਾਰੀ ਕਮਿਸ਼ਨ ਨੇ ਵੀ ਗੰਭੀਰ ਨੋਟਿਸ ਲਿਆ ਹੈ।
ਪੰਜਾਬ ਸਫ਼ਾਈ ਕਰਮਚਾਰੀ ਯੂਨੀਅਨ ਦੇ ਸੂਬਾ ਸਲਾਹਕਾਰ ਕੁਲਦੀਪ ਸ਼ਰਮਾ ਨੇ ਬਰਨਾਲਾ ਪੁਲਿਸ ਦੀ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ 'ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਇਹ ਕਾਰਵਾਈ ਬਹੁਤ ਹੀ ਜਾਨਲੇਵਾ ਸੀ, ਜਿਸ ਵਿੱਚ ਕਈ ਮਹਿਲਾ ਅਤੇ ਪੁਰਸ਼ ਕਰਮਚਾਰੀਆਂ ਨੂੰ ਬੇਰਹਿਮੀ ਨਾਲ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਮੰਗ ਕੀਤੀ ਕਿ ਸਬੰਧਤ ਦੋਸ਼ੀ ਪੁਲਿਸ ਅਧਿਕਾਰੀਆਂ ਅਤੇ ਛਾਪੇਮਾਰੀ 'ਚ ਸ਼ਾਮਲ ਕਰਮਚਾਰੀਆਂ 'ਤੇ ਹੱਤਿਆ ਦੀ ਕੋਸ਼ਿਸ਼ (ਇਰਾਦਾ-ਏ-ਕਤਲ) ਦਾ ਮਾਮਲਾ ਦਰਜ ਕੀਤਾ ਜਾਵੇ।
ਕੁਲਦੀਪ ਸ਼ਰਮਾ ਨੇ ਸਪੱਸ਼ਟ ਚੇਤਾਵਨੀ ਦਿੱਤੀ ਹੈ ਕਿ ਜੇਕਰ ਪ੍ਰਸ਼ਾਸਨ ਨੇ ਜਲਦ ਹੀ ਦੋਸ਼ੀਆਂ ਖਿਲਾਫ਼ ਕੜੀ ਕਾਰਵਾਈ ਨਾ ਕੀਤੀ, ਤਾਂ ਆਉਣ ਵਾਲੇ ਦਿਨਾਂ ਵਿੱਚ ਇਸ ਸੰਘਰਸ਼ ਨੂੰ ਪੂਰੇ ਪੰਜਾਬ ਪੱਧਰ 'ਤੇ ਹੋਰ ਤਿੱਖਾ ਕੀਤਾ ਜਾਵੇਗਾ। ਘਟਨਾ ਦੀ ਖ਼ਬਰ ਮਿਲਦਿਆਂ ਹੀ ਅੱਜ ਸਵੇਰ ਤੋਂ ਹੀ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ, ਕਿਸਾਨ ਜਥੇਬੰਦੀਆਂ ਦੇ ਪ੍ਰਤੀਨਿਧੀਆਂ ਅਤੇ ਸਮਾਜਿਕ ਸੰਗਠਨਾਂ ਦਾ ਆਉਣਾ-ਜਾਣਾ ਲਗਾਤਾਰ ਜਾਰੀ ਰਿਹਾ।
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਨੇਵਾਲ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਤਨਾਮ ਸਿੰਘ ਰਾਹੀ, ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਫ਼ਾਈ ਕਰਮਚਾਰੀ ਯੂਨੀਅਨ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਗੁਲਸ਼ਨ ਕੁਮਾਰ ਸਮੇਤ ਕਈ ਆਗੂ ਹਸਪਤਾਲ ਪੁੱਜੇ। ਸਾਰਿਆਂ ਨੇ ਹਸਪਤਾਲ ਵਿੱਚ ਦਾਖ਼ਲ ਜ਼ਖਮੀ ਮਹਿਲਾ ਸਫ਼ਾਈ ਕਰਮਚਾਰੀਆਂ ਮੋਨਿਕਾ ਰਾਣੀ, ਮੁਕਲੇਸ਼ ਰਾਣੀ ਅਤੇ ਹੋਰਨਾਂ ਦਾ ਹਾਲ-ਚਾਲ ਜਾਣਿਆ। ਆਗੂਆਂ ਨੇ ਪੁਲਿਸ ਦੀ ਬੇਰਹਿਮ ਕਾਰਵਾਈ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਐਲਾਨ ਕੀਤਾ ਕਿ ਉਹ ਸਫ਼ਾਈ ਸੇਵਕਾਂ ਦੇ ਇਸ ਨਿਆਂ-ਪੂਰਨ ਸੰਘਰਸ਼ ਵਿੱਚ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਭਰ ਦੇ ਸਫ਼ਾਈ ਕਰਮਚਾਰੀ ਆਪਣੀਆਂ ਵੱਖ-ਵੱਖ ਲਮਕਦੀਆਂ ਮੰਗਾਂ ਨੂੰ ਲੈ ਕੇ ਹੜਤਾਲ 'ਤੇ ਹਨ। ਹੜਤਾਲ ਦੇ ਚੱਲਦਿਆਂ ਬਰਨਾਲਾ ਸਮੇਤ ਕਈ ਸ਼ਹਿਰਾਂ ਵਿੱਚ ਥਾਂ-ਥਾਂ ਕੂੜੇ ਦੇ ਢੇਰ ਲੱਗ ਚੁੱਕੇ ਹਨ, ਜਿਸ ਨਾਲ ਆਮ ਜਨਜੀਵਨ ਕਾਫ਼ੀ ਪ੍ਰਭਾਵਿਤ ਹੋ ਰਿਹਾ ਹੈ। ਇਸ ਦੌਰਾਨ ਮਾਨਯੋਗ ਹਾਈਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਬਰਨਾਲਾ ਨਗਰ ਨਿਗਮ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਸ਼ਹਿਰ ਵਿੱਚੋਂ ਕੂੜਾ ਚੁੱਕਵਾਉਣ ਦੀ ਕਾਰਵਾਈ ਕੀਤੀ ਜਾ ਰਹੀ ਸੀ। ਜਦੋਂ ਸਫ਼ਾਈ ਕਰਮਚਾਰੀਆਂ ਨੇ ਇਸ ਕਾਰਵਾਈ ਦਾ ਵਿਰੋਧ ਕੀਤਾ ਤਾਂ ਦੋਸ਼ ਹੈ ਕਿ ਪੁਲਿਸ ਨੇ ਉਨ੍ਹਾਂ 'ਤੇ ਧੱਕੇਸ਼ਾਹੀ ਕਰਦਿਆਂ ਲਾਠੀਚਾਰਜ ਕਰ ਦਿੱਤਾ, ਜਿਸ ਵਿੱਚ ਕਈ ਕਰਮਚਾਰੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।
ਇਸ ਘਟਨਾ ਤੋਂ ਬਾਅਦ ਬਰਨਾਲਾ ਵਿੱਚ ਸਿਆਸੀ ਪਾਰਾ ਪੂਰੀ ਤਰ੍ਹਾਂ ਚੜ੍ਹ ਗਿਆ ਹੈ। ਵੱਖ-ਵੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਆਪਣੀਆਂ ਹੱਕੀ ਮੰਗਾਂ ਲਈ ਆਵਾਜ਼ ਉਠਾ ਰਹੇ ਮਜ਼ਦੂਰਾਂ 'ਤੇ ਇਸ ਤਰ੍ਹਾਂ ਦੀ ਜ਼ੁਲਮੀ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਫਿਲਹਾਲ ਸਾਰੀਆਂ ਸਿਆਸੀ ਤੇ ਸਮਾਜਿਕ ਧਿਰਾਂ ਵਲੋਂ ਸਰਕਾਰ ਅਤੇ ਉੱਚ ਪ੍ਰਸ਼ਾਸਨ ਤੋਂ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਹੁਣ ਸਭ ਦੀਆਂ ਨਜ਼ਰਾਂ ਪ੍ਰਸ਼ਾਸਨ ਦੇ ਅਗਲੇ ਕਦਮ ਅਤੇ ਪੁਲਿਸ ਅਧਿਕਾਰੀਆਂ 'ਤੇ ਹੋਣ ਵਾਲੀ ਕਾਰਵਾਈ 'ਤੇ ਟਿਕੀਆਂ ਹੋਈਆਂ ਹਨ।
- Download Babushahi App
-
-