ਪੰਜਾਬ ਵਿਧਾਨ ਸਭਾ ਚੋਣਾਂ: ਭਾਜਪਾ ਦਾ ਵੱਡਾ ਦਾਅ, 14 ਫਰਵਰੀ ਨੂੰ ਚੰਡੀਗੜ੍ਹ 'ਚ NRI ਸੰਮੇਲਨ
Ravi Jakhu
ਚੰਡੀਗੜ੍ਹ: 12 ਫਰਵਰੀ, 2026 : ਪੰਜਾਬ ਵਿਧਾਨ ਸਭਾ ਚੋਣਾਂ ਦੇ ਭਖਦੇ ਮਾਹੌਲ ਦੇ ਵਿਚਕਾਰ ਭਾਰਤੀ ਜਨਤਾ ਪਾਰਟੀ (BJP) ਨੇ ਇੱਕ ਵੱਡੀ ਰਣਨੀਤਕ ਬੈਠਕ ਦਾ ਐਲਾਨ ਕੀਤਾ ਹੈ। ਪੰਜਾਬ ਭਾਜਪਾ ਵੱਲੋਂ ਆਉਂਦੀ 14 ਫਰਵਰੀ ਨੂੰ ਚੰਡੀਗੜ੍ਹ ਵਿਖੇ ਪ੍ਰਵਾਸੀ ਭਾਰਤੀਆਂ (NRIs) ਨਾਲ ਇੱਕ ਵਿਸ਼ੇਸ਼ ਗੱਲਬਾਤ ਪ੍ਰੋਗਰਾਮ ਉਲੀਕਿਆ ਗਿਆ ਹੈ।
ਇਹ ਪਹਿਲੀ ਵਾਰ ਹੋਵੇਗਾ ਜਦੋਂ ਪੰਜਾਬ ਭਾਜਪਾ ਇੰਨੇ ਵੱਡੇ ਪੱਧਰ 'ਤੇ ਸਿੱਧੇ ਤੌਰ 'ਤੇ NRI ਭਾਈਚਾਰੇ ਨਾਲ ਮਿਲ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਅਤੇ ਮੁੱਦਿਆਂ 'ਤੇ ਚਰਚਾ ਕਰੇਗੀ।
ਇਸ ਬੈਠਕ ਦਾ ਮੁੱਖ ਮਕਸਦ ਪ੍ਰਵਾਸੀ ਪੰਜਾਬੀਆਂ ਨੂੰ ਦਰਪੇਸ਼ ਕਾਨੂੰਨੀ ਅੜਚਣਾਂ, ਜ਼ਮੀਨੀ ਵਿਵਾਦਾਂ ਅਤੇ ਪੰਜਾਬ ਵਿੱਚ ਨਿਵੇਸ਼ ਸਬੰਧੀ ਆ ਰਹੀਆਂ ਦਿੱਕਤਾਂ ਦਾ ਹੱਲ ਲੱਭਣਾ ਹੈ।
ਪੰਜਾਬ ਦੀ ਸਿਆਸਤ ਵਿੱਚ NRIs ਦਾ ਹਮੇਸ਼ਾ ਵੱਡਾ ਯੋਗਦਾਨ ਰਿਹਾ ਹੈ। ਚਾਹੇ ਉਹ ਫੰਡਿੰਗ ਹੋਵੇ ਜਾਂ ਪਿੰਡਾਂ ਵਿੱਚ ਵੋਟ ਬੈਂਕ ਨੂੰ ਪ੍ਰਭਾਵਿਤ ਕਰਨਾ, NRI ਇੱਕ ਫੈਸਲਾਕੁੰਨ ਭੂਮਿਕਾ ਨਿਭਾਉਂਦੇ ਹਨ।
ਭਾਜਪਾ ਇਸ ਬੈਠਕ ਰਾਹੀਂ ਪ੍ਰਵਾਸੀ ਪੰਜਾਬੀਆਂ ਵਿੱਚ ਆਪਣੀ ਪਕੜ ਮਜ਼ਬੂਤ ਕਰਨਾ ਚਾਹੁੰਦੀ ਹੈ। ਆਮ ਤੌਰ 'ਤੇ NRIs ਦਾ ਝੁਕਾਅ ਦੂਜੀਆਂ ਪਾਰਟੀਆਂ ਵੱਲ ਦੇਖਿਆ ਜਾਂਦਾ ਰਿਹਾ ਹੈ, ਪਰ ਭਾਜਪਾ ਹੁਣ ਸਿੱਧੇ ਸੰਵਾਦ ਰਾਹੀਂ ਇਹ ਸਾਬਤ ਕਰਨਾ ਚਾਹੁੰਦੀ ਹੈ ਕਿ ਕੇਂਦਰ ਸਰਕਾਰ ਉਨ੍ਹਾਂ ਦੇ ਹਿੱਤਾਂ ਲਈ ਗੰਭੀਰ ਹੈ।