ਪੰਜਾਬ ਖੇਤ ਮਜ਼ਦੂਰ ਸਭਾ ਬਠਿੰਡਾ ਨੇ ਮਜ਼ਦੂਰਾਂ ਦੀਆਂ ਮੰਗਾਂ ਲਈ ਏਡੀਸੀ ਦਫਤਰ ਅੱਗੇ ਧਰਨਾ ਲਾਇਆ
ਅਸ਼ੋਕ ਵਰਮਾ
ਬਠਿੰਡਾ, 11 ਮਈ 2026: ਪੰਜਾਬ ਖੇਤ ਮਜ਼ਦੂਰ ਸਭਾ ਬਠਿੰਡਾ ਨੇ ਜ਼ਿਲ੍ਹਾ ਆਗੂ ਮਿੱਠੂ ਸਿੰਘ ਘੁੱਦਾ ਅਤੇ ਮੱਖਣ ਸਿੰਘ ਗੁਰੂਸਰ ਦੀ ਅਗਵਾਈ ਵਿੱਚ ਪਿੰਡ ਦਿਉਣ ਦੇ ਨਰੇਗਾ ਵਰਕਰਾਂ ਅਤੇ ਜ਼ਿਲ੍ਹੇ ਦੇ ਦੂਜੇ ਆਗੂਆਂ ਨੂੰ ਨਾਲ ਲੈ ਕੇ ਏਡੀਸੀ ਵਿਕਾਸ ਦੇ ਦਫਤਰ ਮੂਹਰੇ ਧਰਨਾ ਲਾਇਆ ਗਿਆ ਅਤੇ ਮਜ਼ਦੂਰਾਂ ਦੀਆਂ ਮੰਗਾਂ ਦਾ ਮੰਗ ਪੱਤਰ ਵੀ ਦਿੱਤਾ ।
ਧਰਨੇ ਨੂੰ ਸੰਬੋਧਨ ਕਰਦਿਆਂ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਆਗੂਆਂ ਮਿੱਠੂ ਸਿੰਘ ਘੁੱਦਾ ਅਤੇ ਮੱਖਣ ਸਿੰਘ ਗੁਰੂ ਸਰ ਨੇ ਦੋਸ਼ ਲਾਇਆ ਕਿ ਸਰਕਾਰ ਨੇ ਨਰੇਗਾ ਦਾ ਕੰਮ ਬਿਲਕੁਲ ਠੱਪ ਕਰ ਦਿੱਤਾ ਹੈ। ਬਹੁਤ ਸਾਰੇ ਪਿੰਡਾਂ ਜਿਵੇਂ ਕਿ ਦਿਓਣ ਪਿੰਡ ਵਿੱਚ ਪਿਛਲੇ 10 ਮਹੀਨਿਆਂ ਤੋਂ ਬਿਲਕੁਲ ਹੀ ਕੰਮ ਨਹੀਂ ਚਲਾਇਆ ਜਾ ਰਿਹਾ । ਮਜ਼ਦੂਰਾਂ ਕੋਲ ਕੰਮ ਨਾ ਹੋਣ ਕਾਰਨ ਉਹ ਬੇਰੁਜ਼ਗਾਰ ਹੋ ਗਏ ਹਨ ਅਤੇ ਅੱਜ ਦੇ ਮਹਿੰਗਾਈ ਦੇ ਦੌਰ ਵਿੱਚ ਮਜ਼ਦੂਰਾਂ ਲਈ ਦੋ ਡੰਗ ਦੀ ਰੋਟੀ ਖਾਣਾ ਵੀ ਬਹੁਤ ਔਖਾ ਹੋ ਗਿਆ ਹੈ।
ਮਜ਼ਦੂਰ ਆਗੂਆਂ ਨੇ ਦੱਸਿਆ ਕਿ ਬਹੁਤ ਸਾਰੇ ਪਿੰਡਾਂ ਵਿੱਚ ਜਿੱਥੇ ਪਹਿਲਾਂ ਨਰੇਗਾ ਦਾ ਕੋਈ ਥੋੜਾ ਬਹੁਤ ਕੰਮ ਹੋਇਆ ਸੀ ਉਸ ਦੀਆਂ ਪੇਮੈਂਟਾਂ ਵੀ ਨਹੀਂ ਹੋ ਸਕੀਆਂ। ਉਹਨਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਸਾਰੇ ਪਿੰਡਾਂ ਵਿੱਚ ਨਰੇਗਾ ਦਾ ਕੰਮ ਚਲਾਇਆ ਜਾਵੇ। ਨਰੇਗਾ ਦੇ ਕੰਮਾਂ ਵਿੱਚ ਮਸ਼ੀਨਰੀ ਦੀ ਵਰਤੋਂ ਬੰਦ ਕੀਤੀ ਜਾਵੇ ਤਾਂ ਕਿ ਮਜ਼ਦੂਰਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਮਿਲ ਸਕੇ। ਮਜ਼ਦੂਰਾਂ ਨੂੰ ਘੱਟੋ ਘੱਟ ਸਾਲ ਵਿੱਚ 300 ਦਿਨ ਰੁਜ਼ਗਾਰ ਦਿੱਤਾ ਜਾਵੇ ਅਤੇ 700 ਰੁਪਏ ਦਿਹਾੜੀ ਦਿੱਤੀ ਜਾਵੇ। ਬੀਤੇ ਸਮੇਂ ਵਿੱਚ ਕੀਤੇ ਹੋਏ ਕੰਮਾਂ ਦੀ ਪੇਮੈਂਟ ਜਲਦ ਕੀਤੀ ਜਾਵੇ। ਬੇਘਰ ਮਜ਼ਦੂਰਾਂ ਨੂੰ 10-10 ਮਰਲੇ ਦੇ ਪਲਾਟ ਦਿੱਤੇ ਜਾਣ ਅਤੇ ਪਿਛਲੇ ਸਾਲ ਬਾਰਿਸ਼ਾਂ ਦੌਰਾਨ ਮਜ਼ਦੂਰਾਂ ਦੇ ਢਹਿ ਗਏ ਮਕਾਨਾਂ ਦਾ ਮੁਆਵਜਾ ਛੇਤੀ ਤੋਂ ਛੇਤੀ ਦਿੱਤਾ ਜਾਵੇ।
ਮਜ਼ਦੂਰ ਆਗੂਆਂ ਨੇ ਜਨਗਣਨਾ 2026 ਦੇ ਫਾਰਮਾਂ ਵਿੱਚ ਮਜਵੀ ਸਿੱਖ ਭਾਈਚਾਰੇ ਲਈ ਘਟੀਆ ਜਾਤੀਗਤ ਸ਼ਬਦ ਵਰਤਣ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਮੰਗ ਕੀਤੀ ਕਿ ਅਜਿਹੇ ਸ਼ਬਦ ਹਟਾਏ ਜਾਣ । ਭਰਾਤਰੀ ਜਥੇਬੰਦੀ ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਬਰਕਰਨ ਸਿੰਘ ਬਰਾੜ ਨੇ ਕੇਂਦਰ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਪਹਿਲਾਂ ਮੋਦੀ ਸਰਕਾਰ ਨੇ ਨਰੇਗਾ ਦੀ ਥਾਂ ਨਵਾਂ ਜੀ ਰਾਮ ਜੀ ਕਾਨੂੰਨ ਲਿਆ ਕੇ ਪੇਂਡੂ ਅਨਪੜ ਮਜ਼ਦੂਰਾਂ ਦੇ ਰੁਜ਼ਗਾਰ ਨੂੰ ਵੱਡੀ ਸੱਟ ਮਾਰੀ ਹੈ ਦੂਜੇ ਪਾਸੇ ਮਜ਼ਦੂਰਾਂ ਦੇ ਹੱਕੀ ਕਿਰਤ ਕਾਨੂੰਨਾਂ ਦੀ ਥਾਂ ਚਾਰ ਲੇਬਰ ਕੋਡ ਲਾਗੂ ਕਰਕੇ ਮਜ਼ਦੂਰਾਂ ਦੇ ਹੱਕਾਂ ਤੇ ਵੱਡਾ ਡਾਕਾ ਮਾਰਿਆ ਹੈ ਉਹਨਾਂ ਮੰਗ ਕੀਤੀ ਕਿ ਪੁਰਾਣਾ ਨਰੇਗਾ ਕਾਨੂੰਨ ਬਹਾਲ ਕੀਤਾ ਜਾਵੇ ਅਤੇ ਚਾਰੇ ਲੇਬਰ ਕੋਡ ਵਾਪਸ ਲਏ ਜਾਣ।
ਮਈ ਦਿਵਸ ਦੇ ਮੌਕੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਪੰਜਾਬ ਦੇ ਮਜ਼ਦੂਰਾਂ ਨੂੰ ਮੂਰਖ ਬਣਾਉਣ ਵਾਲੀ ਭਗਵੰਤ ਮਾਨ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਸਾਨ ਆਗੂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਆਪਣੇ ਸਵਾ ਚਾਰ ਸਾਲ ਦੇ ਸ਼ਾਸਨ ਕਾਲ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਲਈ ਕੋਈ ਠੋਸ ਨੀਤੀ ਨਹੀਂ ਬਣਾ ਸਕੀ। ਪੰਜਾਬ ਸਰਕਾਰ ਮਜ਼ਦੂਰ ਜਥੇਬੰਦੀਆਂ ਨੂੰ ਮੀਟਿੰਗ ਦਾ ਸੱਦਾ ਦੇ ਕੇ ਅਤੇ ਵਾਰ ਵਾਰ ਮੀਟਿੰਗਾਂ ਰੱਦ ਕਰਕੇ ਮਜ਼ਦੂਰਾਂ ਨਾਲ ਕੋਝਾ ਮਜ਼ਾਕ ਕਰਦੀ ਰਹੀ ਹੈ। ਪ੍ਰੰਤੂ ਹੁਣ ਆਪਣੀ ਸਰਕਾਰ ਦੇ ਆਖਰੀ ਵਰੇ ਵਿੱਚ ਮਜ਼ਦੂਰਾਂ ਨੂੰ ਪਰਚਾਉਣ ਲਈ ਡਰਾਮੇ ਕਰ ਰਹੀ ਹੈ ਜਿਸ ਨੂੰ ਪੰਜਾਬ ਦੇ ਖੇਤ ਮਜ਼ਦੂਰ ਭਲੀ ਭਾਂਤ ਸਮਝ ਚੁੱਕੇ ਹਨ । ਇਸ ਧਰਨੇ ਨੂੰ ਸੁਖਦੇਵ ਸਿੰਘ ਕੁੱਬੇ, ਕੂਕਾ ਸਿੰਘ ਨਥਾਣਾ, ਹਰਬੰਸ ਸਿੰਘ ਜੋਧਪੁਰ ਅਤੇ ਦਰਸ਼ਨ ਸਿੰਘ ਬਾਜਕ ਆਦਿ ਨੇ ਵੀ ਸੰਬੋਧਨ ਕੀਤਾ।
- Download Babushahi App
-
-