ਪੰਜਾਬੀ ਗਾਇਕ ਦੀ ਘਰ ਅੰਦਰੋਂ ਮਿਲੀ ਲਾਸ਼, ਬਦਬੂ ਆਉਣ 'ਤੇ ਦਰਵਾਜ਼ਾ ਤੋੜ ਕੇ ਵੜੀ ਪੁਲਿਸ
ਬਾਬੂਸ਼ਾਹੀ ਬਿਊਰੋ
ਜਗਰਾਉਂ (ਲੁਧਿਆਣਾ) 3 ਸਤੰਬਰ, 2026, : ਲੁਧਿਆਣਾ ਜ਼ਿਲ੍ਹੇ ਦੇ ਅਧੀਨ ਆਉਂਦੇ ਥਾਣਾ ਸੁਧਾਰ ਦੇ ਪਿੰਡ ਸੁਧਾਰ ਪੱਟੀ ਧਾਲੀਵਾਲ ਵਿੱਚ ਵੀਰਵਾਰ ਨੂੰ ਇੱਕ ਪੰਜਾਬੀ ਗਾਇਕ ਤੇ ਗੀਤਕਾਰ ਦੀ ਲਾਸ਼ ਉਸ ਦੇ ਘਰ ਦੇ ਅੰਦਰੋਂ ਬਿਸਤਰੇ 'ਤੇ ਸ਼ੱਕੀ ਹਾਲਾਤਾਂ ਵਿੱਚ ਮਿਲੀ। ਘਰ ਵਿੱਚੋਂ ਕਈ ਦਿਨਾਂ ਤੋਂ ਆ ਰਹੀ ਤੇਜ਼ ਬਦਬੂ ਕਾਰਨ ਜਦੋਂ ਆਸ-ਪਾਸ ਦੇ ਲੋਕਾਂ ਨੇ ਸੁਧਾਰ ਥਾਣਾ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਾਨਕ ਲੋਕਾਂ ਦੀ ਮਦਦ ਨਾਲ ਦਰਵਾਜ਼ਾ ਖੋਲ੍ਹਿਆ।

ਮ੍ਰਿਤਕ ਦੀ ਪਛਾਣ ਬਲਜੀਤ ਸਿੰਘ ਵਜੋਂ ਹੋਈ ਹੈ, ਜੋ ਕਿ ਗਾਇਕੀ ਦੇ ਨਾਲ-ਨਾਲ ਗੀਤ ਲਿਖਣ ਦਾ ਕੰਮ ਵੀ ਕਰਦਾ ਸੀ। ਲਾਸ਼ ਦੀ ਹਾਲਤ ਖਰਾਬ ਹੋ ਚੁੱਕੀ ਸੀ ਅਤੇ ਉਹ ਸੜਨ ਲੱਗ ਪਈ ਸੀ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮੌਤ ਲਗਭਗ 4-5 ਦਿਨ ਪਹਿਲਾਂ ਹੋਈ ਹੈ। ਮ੍ਰਿਤਕ ਦੀ ਲਾਸ਼ ਦੋਵੇਂ ਹੱਥ ਉੱਪਰ ਕਰਕੇ ਮੰਜੇ 'ਤੇ ਪਈ ਮਿਲੀ ਅਤੇ ਨੇੜੇ ਸੁੱਕਿਆ ਹੋਇਆ ਖੂਨ ਵੀ ਬਰਾਮਦ ਹੋਇਆ ਹੈ, ਹਾਲਾਂਕਿ ਮੌਤ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।
ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਫੋਰੈਂਸਿਕ ਵਿਭਾਗ, ਡੌਗ ਸਕੁਐਡ ਅਤੇ ਸੀਆਈਏ (CIA) ਦੀਆਂ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਘਰ ਅਤੇ ਨੇੜਲੇ ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ, ਨਾਲ ਹੀ ਪਿਛਲੇ ਕੁਝ ਦਿਨਾਂ ਦੌਰਾਨ ਘਰ ਵਿੱਚ ਆਉਣ-ਜਾਣ ਵਾਲੇ ਸ਼ੱਕੀ ਵਿਅਕਤੀਆਂ ਦੀ ਪਛਾਣ ਲਈ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਜਾਂਚ ਅਧਿਕਾਰੀਆਂ ਅਨੁਸਾਰ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਸਹੀ ਕਾਰਨਾਂ ਦਾ ਖੁਲਾਸਾ ਹੋਵੇਗਾ।
ਇਸ ਦੌਰਾਨ ਲੁਧਿਆਣਾ ਤੋਂ ਇੱਕ ਹੋਰ ਘਟਨਾ ਵਿੱਚ ਕੁੱਤੇ ਦੇ ਕੱਟਣ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਪਿਓ-ਪੁੱਤਰ 'ਤੇ ਗੋਲੀਬਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਝਗੜੇ ਦੌਰਾਨ ਇੱਕ ਧੀ ਨਾਲ ਦੁਰਵਿਵਹਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਹੋਈ ਬਹਿਸ ਦੌਰਾਨ ਮੁਲਜ਼ਮ ਨੇ ਘਰੋਂ ਬੰਦੂਕ ਲਿਆ ਕੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿੱਚ ਪਿਓ-ਪੁੱਤਰ ਜ਼ਖ਼ਮੀ ਹੋ ਗਏ।
- Download Babushahi App
-
-