ਪਿੰਡ ਦਿਉਣ ਦੇ ਖੇਤ ਮਜ਼ਦੂਰਾਂ ਨੂੰ ਪਲਾਟ ਨਾ ਦੇਣ ਖਿਲਾਫ ਮਜ਼ਦੂਰ ਆਗੂਆਂ ਵੱਲੋਂ ਸੰਘਰਸ਼ ਦੀ ਚੇਤਾਵਨੀ
ਮਸਲਾ ਹੱਲ ਨਾ ਹੋਣ ਦੀ ਹਾਲਤ ਵਿੱਚ ਅਣਮਿੱਥੇ ਸਮੇਂ ਲਈ ਧਰਨਾ ਲਾਉਣ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ, 21 ਅਕਤੂਬਰ 2026:ਅੱਜ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਦਿਉਣ ਦੇ ਮਜ਼ਦੂਰਾਂ ਨੂੰ ਪਲਾਟ ਦੇਣ ਸਬੰਧੀ ਮਜਦੂਰਾਂ ਦਾ ਵਫਦ ਡੀਸੀ ਬਠਿੰਡਾ ਨੂੰ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਤੀਰਥ ਸਿੰਘ ਕੋਠਾ ਗੁਰੂ ਅਤੇ ਮਨਦੀਪ ਸਿੰਘ ਸਿਬੀਆਂ ਦੀ ਅਗਵਾਈ ਵਿੱਚ ਮਿਲਿਆ। ਉਹਨਾਂ ਡੀਸੀ ਬਠਿੰਡਾ ਨੂੰ ਵਿਆਖਿਆ ਨਾਲ ਮਸਲੇ ਦੀ ਤਹਿ ਤੱਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਰੀਬ 35 ਸਾਲ ਤੋਂ ਮਜ਼ਦੂਰ ਪੰਚਾਇਤੀ ਜਮੀਨ ਤੇ ਆਪਣੇ ਘਰ ਬਣਾ ਕੇ ਰਹਿ ਰਹੇ ਹਨ। ਇਹ ਜਗ੍ਹਾ ਹੜਾ ਦੌਰਾਨ ਪਿੰਡ ਦੀ ਪੰਚਾਇਤ ਨੇ ਉਹਨਾਂ ਨੂੰ ਰਹਿਣ ਵਾਸਤੇ ਦਿੱਤੀ ਸੀ। ਪਰ ਅੱਜ ਸਿੱਖਿਆ ਸਿਖਲਾਈ ਕੇਂਦਰ ( ਡਾਇਟ) ਵੱਲੋਂ ਮਜ਼ਦੂਰਾਂ ਨੂੰ ਉਸ ਜਗ੍ਹਾ ਤੋਂ ਹਟਾਉਣ ਦੀਆਂ ਕੋਸਿ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਹਨਾਂ ਮਜ਼ਦੂਰ ਵਿਰੋਧੀ ਕਾਰਵਾਈਆਂ ਖਿਲਾਫ ਕਰੀਬ ਤਿੰਨ ਸਾਲ ਤੋਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਮਜ਼ਦੂਰਾਂ ਨੂੰ ਬਦਲਵੇਂ ਥਾਂ ਤੇ ਪਲਾਟ ਦੇਣ ਸਬੰਧੀ ਸ਼ਘੰਰਸ਼ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸੰਘਰਸ਼ ਦੌਰਾਨ ਪਿਛਲੇ ਸਮੇਂ ਰਹਿ ਚੁੱਕੇ ਡਿਪਟੀ ਕਮਿਸ਼ਨਰ ਨੇ ਮਜ਼ਦੂਰਾਂ ਨੂੰ ਬਦਲਵੇਂ ਥਾਂ ਤੇ ਪਲਾਟ ਦੇਣ ਸਬੰਧੀ ਵਿਭਾਗ ਹਦਾਇਤ ਕੀਤੀ ਸੀ। ਜਿਸ ਤਹਿਤ ਬਦਲਵੇਂ ਥਾਂ ਤੇ ਮਜ਼ਦੂਰਾਂ ਨੂੰ ਪਲਾਟ ਦੇਣ ਸਬੰਧੀ ਪਟਵਾਰੀ ਵੱਲੋਂ ਨਕਸ਼ਾ ਵੀ ਤਿਆਰ ਕਰਕੇ ਦਿੱਤਾ ਗਿਆ। ਪਰ ਮਜ਼ਦੂਰਾਂ ਨੂੰ ਅਜੇ ਤੱਕ ਪਲਾਟ ਨਸੀਬ ਨਹੀਂ ਹੋਏ। ਉਹਨਾਂ ਪ੍ਰਸ਼ਾਸਨ ਤੇ ਦੋਸ਼ ਲਾਉਂਦੇ ਕਿਹਾ ਕਿ ਲਗਾਤਾਰ ਅਧਿਕਾਰੀਆਂ ਦੀਆਂ ਹੋਈਆਂ ਬਦਲੀਆਂ ਕਾਰਨ ਇਹ ਮਸਲਾ ਲਟਕਦਾ ਆ ਰਿਹਾ ਹੈ। ਨਵੇਂ ਆਏ ਅਧਿਕਾਰੀ ਮੁੱਢ ਤੋਂ ਪੜਤਾਲਾਂ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿੰਦੇ ਹਨ। ਜਿਸ ਕਾਰਨ ਇਹ ਮਸਲਾ ਜਿਉਂ ਦਾ ਤਿਉਂ ਖੜਾ ਹੈ। ਡੀਸੀ ਬਠਿੰਡਾ ਦੇ ਕਹਿਣ ਮੁਤਾਬਕ ਯੂਨੀਅਨ ਦਾ ਡੈਪੂਟੇਸ਼ਨ ਡੀ ਡੀ ਪੀ ਓ ਅਤੇ ਬੀ ਡੀ ਪੀ ਓ ਨੂੰ ਮਿਲਿਆ। ਜਿੱਥੇ ਦੋਨਾਂ ਅਧਿਕਾਰੀਆਂ ਨੇ ਭਰੋਸਾ ਦਿਤਾ ਕਿ ਜਲਦ ਹੀ ਇਸ ਮਸਲੇ ਸਬੰਧੀ ਪੜਤਾਲ ਕਰਕੇ ਮਜ਼ਦੂਰਾਂ ਨੂੰ ਪਲਾਟ ਕੀਤੇ ਜਾਣਗੇ। ਅਧਿਕਾਰੀਆਂ ਨੂੰ ਮਿਲਣ ਮਗਰੋਂ ਯੂਨੀਅਨ ਨੇ ਮੀਟਿੰਗ ਕਰਕੇ ਫੈਸਲਾ ਕੀਤਾ ਕਿ ਜੇਕਰ ਹੁਣ ਵੀ ਮਜ਼ਦੂਰਾਂ ਨੂੰ ਪਲਾਟ ਅਲਾਟ ਨਾ ਕੀਤੇ ਤਾਂ ਜਥੇਬੰਦੀ ਵੱਲੋਂ ਡੀਸੀ ਦਫਤਰ ਬਠਿੰਡਾ ਅੱਗੇ ਲਗਾਤਾਰ ਅਣਮਿੱਥੇ ਸਮੇਂ ਦਾ ਧਰਨਾ ਲਾਇਆ ਜਾਵੇਗਾ।
- Download Babushahi App
-
-