ਪਿੰਡ ਗੋਤ ਸਕੂਲ ਵਿੱਚ ਚੋਰੀ, ਮਿਡ-ਡੇ ਮੀਲ ਦਾ ਰਾਸ਼ਨ ਵੀ ਲੈ ਗਏ ਚੋਰ
ਰੋਹਿਤ ਗੁਪਤਾ
ਗੁਰਦਾਸਪੁਰ 24 ਜੁਲਾਈ ਬੀਤੀ ਰਾਤ ਪਿੰਡ ਗੋਤ ਦੇ ਸਰਕਾਰੀ ਸਕੂਲ ਵਿੱਚ ਚੋਰੀ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ, ਜਿਸ ਕਾਰਨ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਸਕੂਲ ਦੇ ਅਧਿਆਪਕ ਜਸਵਿੰਦਰ ਸਿੰਘ ਅਤੇ ਪਿੰਡ ਦੇ ਸਰਪੰਚ ਵਿਜੇ ਕੁਮਾਰ ਨੇ ਦੱਸਿਆ ਕਿ ਚੋਰ ਸਕੂਲ ਵਿੱਚੋਂ ਇੱਕ ਗੈਸ ਸਿਲੰਡਰ, ਕਣਕ ਦਾ ਇੱਕ ਬੋਰਾ ਅਤੇ ਚਾਵਲ ਦਾ ਇੱਕ ਬੋਰਾ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਇਹ ਰਾਸ਼ਨ ਸਕੂਲ ਦੇ ਬੱਚਿਆਂ ਦੇ ਮਿਡ-ਡੇ ਮੀਲ ਲਈ ਆਇਆ ਹੋਇਆ ਸੀ, ਜਿਸ ਦੀ ਚੋਰੀ ਹੋਣ ਨਾਲ ਵਿਦਿਆਰਥੀਆਂ ਨੂੰ ਨੁਕਸਾਨ ਝੱਲਣਾ ਪਵੇਗਾ।
ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਚੋਰੀਆਂ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਇਸ ਤੋਂ ਪਹਿਲਾਂ ਵੀ ਸਕੂਲ ਵਿੱਚ ਚੋਰੀ ਹੋ ਚੁੱਕੀ ਹੈ, ਪਰ ਅੱਜ ਤੱਕ ਉਸ ਮਾਮਲੇ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ। ਹੁਣ ਇੱਕ ਵਾਰ ਫਿਰ ਚੋਰਾਂ ਨੇ ਸਕੂਲ ਨੂੰ ਨਿਸ਼ਾਨਾ ਬਣਾਇਆ ਹੈ।
ਘਟਨਾ ਦੀ ਸੂਚਨਾ ਥਾਣਾ ਕਾਹਨੂੰਵਾਨ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਐਸ.ਐਸ.ਪੀ. ਗੁਰਦਾਸਪੁਰ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਵੱਧ ਰਹੀਆਂ ਚੋਰੀਆਂ 'ਤੇ ਤੁਰੰਤ ਨੱਥ ਪਾਈ ਜਾਵੇ, ਦੋਸ਼ੀਆਂ ਨੂੰ ਜਲਦੀ ਕਾਬੂ ਕੀਤਾ ਜਾਵੇ ਅਤੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
- Download Babushahi App
-
-