ਨਿਹੰਗ ਸਿੰਘਾਂ ਵੱਲੋਂ ਝੋਟਾ ਦੇ ਕਤਲ ਮੌਕੇ ਜ਼ਖ਼ਮੀ ਹੋਏ ਲੋਕਾਂ ਦਾ ਪਤਾ ਲੈਣ ਪੁੱਜੇ ‘ਆਪ’ ਵਿਧਾਇਕ ਵਿਜੇ ਸਿੰਗਲਾ ਦਾ ਜ਼ਬਰਦਸਤ ਵਿਰੋਧ
ਅਸ਼ੋਕ ਵਰਮਾ
ਮਾਨਸਾ, 17 ਅਕਤੂਬਰ 2026:ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟਾ ਕਤਲ ਮੌਕੇ ਜਖਮੀ ਹੋਏ ਵਿਅਕਤੀਆਂ ਦਾ ਹਾਲ ਚਾਲ ਜਾਣਨ ਲਈ ਹਸਪਤਾਲ ਆਏ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਦਾ ਨਿਹੰਗ ਸਿੰਘਾਂ ਨੇ ਜਬਰਦਸਤ ਵਿਰੋਧ ਕੀਤਾ। ਇਸ ਮੌਕੇ ਸਥਿਤੀ ਇੰਨੀ ਤਣਾਅ ਪੂਰਨ ਬਣ ਗਈ ਜਿਸ ਨੂੰ ਸੰਭਾਲਣ ਲਈ ਪੁਲਿਸ ਨੂੰ ਕਰੜੀ ਮੁਸ਼ੱਕਤ ਕਰਨੀ ਪਈ।ਵਿਰੋਧ ਕਰਦਿਆਂ ਨਿਹੰਗ ਸਿੰਘਾਂ ਨੇ ਉਨ੍ਹਾਂ ਖ਼ਿਲਾਫ਼ ਮੁਰਦਾਬਾਦ ਦੇ ਨਾਅਰੇ ਵੀ ਲਗਾਏ, ਜਿਸ ਕਾਰਨ ਹਸਪਤਾਲ ਵਿੱਚ ਮਾਹੌਲ ਤਣਾਅਪੂਰਨ ਹੋ ਗਿਆ। ਪੁਲੀਸ ਮੁਲਾਜ਼ਮਾਂ ਨੇ ਮੁਸਤੈਦੀ ਦਿਖਾਉਂਦਿਆਂ ਵਿਧਾਇਕ ਡਾ. ਵਿਜੈ ਸਿੰਗਲਾ ਨੂੰ ਸੁਰੱਖਿਅਤ ਢੰਗ ਨਾਲ ਉੱਥੋਂ ਬਾਹਰ ਕੱਢ ਲਿਆ। ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਤੋਂ ਬਾਅਦ ਮਾਨਸਾ ਵਿੱਚ ਤਣਾਅ ਵਾਲੇ ਹਾਲਾਤ ਬਣੇ ਹੋਏ ਹਨ। ਦੂਜੇ ਪਾਸੇ ਜ਼ਿਲ੍ਹਾ ਲੋਕ ਸੰਪਰਕ ਵਿਭਾਗ ਵੱਲੋਂ ਸਰਕਾਰੀ ਤੌਰ ਤੇ ਜਾਰੀ ਪ੍ਰੈਸ ਨੋਟ ਵਿੱਚ ਦੱਸਿਆ ਗਿਆ ਹੈ ਕਿ ਹਲਕਾ ਮਾਨਸਾ ਦੇ ਵਿਧਾਇਕ ਡਾ. ਵਿਜੈ ਕੁਮਾਰ ਸਿੰਗਲਾ ਨੇ ਅੱਜ ਡਿਪਟੀ ਕਮਿਸ਼ਨਰ ਨਵਜੋਤ ਕੌਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਵੈਭਵ ਚੌਧਰੀ ਦੇ ਨਾਲ ਸਿਵਲ ਹਸਪਤਾਲ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ 13 ਅਕਤੂਬਰ ਵਾਲੀ ਦੁਖਾਂਤਕ ਘਟਨਾ 'ਚ ਗੋਲੀ ਵੱਜਣ ਨਾਲ ਜ਼ਖ਼ਮੀ ਹੋਏ ਵਿਅਕਤੀਆਂ ਦੀ ਡਾਕਟਰੀ ਦੇਖਭਾਲ ਦਾ ਜਾਇਜ਼ਾ ਲਿਆ।
ਸਿਵਲ ਹਸਪਤਾਲ ਵਿਖੇ ਦਾਖ਼ਲ ਪੀੜਤਾਂ ਕੁਲਵਿੰਦਰ ਸਿੰਘ ਅਤੇ ਗੋਬਿੰਦ ਸਿੰਘ ਨੂੰ ਮਿਲ ਕੇ ਵਿਧਾਇਕ ਨੇ ਉਨ੍ਹਾਂ ਦਾ ਹੌਂਸਲਾ ਵਧਾਇਆ ਅਤੇ ਇਲਾਜ ਕਰ ਰਹੇ ਮੈਡੀਕਲ ਸਟਾਫ਼ ਤੋਂ ਉਨ੍ਹਾਂ ਦੀ ਸਿਹਤ ਬਾਰੇ ਤਾਜ਼ਾ ਜਾਣਕਾਰੀ ਹਾਸਲ ਕੀਤੀ।ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਡਾ. ਵਿਜੇ ਸਿੰਗਲਾ ਨੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ, ਇਸ ਦੁਖਦਾਈ ਸਮੇਂ ਵਿੱਚ ਪੀੜਤ ਪਰਿਵਾਰਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦਾ ਸ਼ਿਕਾਰ ਹੋਏ ਚਾਰੇ ਵਿਅਕਤੀਆਂ ਦੇ ਇਲਾਜ ਦਾ ਸਾਰਾ ਖ਼ਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ।ਡਾ. ਸਿੰਗਲਾ ਨੇ ਅੱਗੇ ਕਿਹਾ ਕਿ ਜੇਕਰ ਇਹਨਾਂ ਚਾਰੇ ਜ਼ਖ਼ਮੀਆਂ ਵਿੱਚੋਂ ਕਿਸੇ ਨੂੰ ਵੀ ਇਲਾਜ ਦੌਰਾਨ ਕਿਸੇ ਤਰ੍ਹਾਂ ਦੇ ਆਪ੍ਰੇਸ਼ਨ ਦੀ ਜ਼ਰੂਰਤ ਪੈਂਦੀ ਹੈ, ਤਾਂ ਉਸ ਦਾ ਸਾਰਾ ਖਰਚਾ ਵੀ ਪੰਜਾਬ ਸਰਕਾਰ ਵੱਲੋ ਅਦਾ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਜ਼ਖਮੀਆਂ ਦੀਆਂ ਸਿਹਤ ਸੁਵਿਧਾਵਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ ਅਤੇ ਵਿਸ਼ਵਾਸ ਦਿਵਾਇਆ ਕਿ ਇਹ ਜਲਦੀ ਹੀ ਤੰਦਰੁਸਤ ਹੋ ਕੇ ਘਰਾਂ ਨੂੰ ਪਰਤਣਗੇ।ਇਸ ਮੌਕੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਦੱਸਿਆ ਕਿ ਸਿਵਲ ਹਸਪਤਾਲ ਮਾਨਸਾ ਤੋਂ ਇਲਾਵਾ ਲੁਧਿਆਣਾ ਦੇ ਡੀ.ਐੱਮ.ਸੀ. ਵਿਖੇ ਦਾਖ਼ਲ ਹੈਪੀ ਅਤੇ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ 'ਚ ਜ਼ੇਰੇ-ਇਲਾਜ ਬਲਤੇਜ ਸਿੰਘ ਦੀ ਦੇਖਭਾਲ ਲਈ ਵੀ ਪ੍ਰਸ਼ਾਸਨ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਹਰ ਥਾਂ ਬਿਹਤਰੀਨ ਇਲਾਜ ਪ੍ਰਬੰਧ ਯਕੀਨੀ ਬਣਾਏ ਗਏ ਹਨ।
- Download Babushahi App
-
-